ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ, ਕੁਦਰਤੀ ਆਫ਼ਤ ਜਾਂ ਵਿਵਸਥਾ ਦੀ ਨਾਕਾਮੀ?

10:16 AM Jul 22, 2023 IST

ਗੁਰਚਰਨ ਸਿੰਘ ਨੂਰਪੁਰ

ਕਿਸੇ ਇਲਾਕੇ ਵਿਚ ਜਾ ਕੇ ਇਹ ਕਹਿ ਦੇਣਾ ਕਿ ਇਹ ਇਲਾਕਾ ਖਾਲੀ ਕਰ ਦਿਓ, ਬੜਾ ਆਸਾਨ ਹੈ ਪਰ ਜਿਹੜੇ ਲੋਕ ਇਹ ਸੰਤਾਪ ਭੋਗਦੇ ਹਨ, ਉਹ ਜਾਣਦੇ ਹਨ ਕਿ ਇਸ ਫ਼ਰਮਾਨ ਵਿਚ ਉਹਨਾਂ ਦਾ ਕਿੰਨਾ ਕੁਝ ਗਵਾਚ ਜਾਂਦਾ ਹੈ। ਹੜ੍ਹਾਂ ਤੋਂ ਅਗਾਊਂ ਬਚਾ ਕੀਤਾ ਜਾ ਸਕੇ, ਅਜਿਹਾ ਸਾਡੀ ਵਿਵਸਥਾ ਕੋਲ ਕੋਈ ਪ੍ਰੋਗਰਾਮ ਨਹੀਂ। ਜਿਹੜੇ ਇਲਾਕਿਆਂ ਦੇ ਲੋਕ ਹੜ੍ਹਾਂ ਦੀ ਮਾਰ ਸਹਿੰਦੇ ਹਨ, ਆਪਣੇ ਘਰ-ਬਾਰ ਤਿਆਗ ਕੇ ਇੱਕ ਤਰ੍ਹਾਂ ਨਾਲ ਉਹਨਾਂ ਲਈ ‘ਬਾਰਿ ਪਰਾਇਐ ਬੈਸਣਾ’ ਵਾਲੀ ਗੱਲ ਹੋ ਜਾਂਦੀ ਹੈ, ਉਹ ਜਾਣਦੇ ਹਨ ਕਿ ਇਹ ਕਿੰਨੀ ਵੱਡੀ ਪੀੜ ਹੈ। ਹੜ੍ਹਾਂ ਦੌਰਾਨ ਖੇਤ, ਮਕਾਨ, ਅਨਾਜ, ਫਸਲਾਂ, ਸਬਜ਼ੀਆਂ, ਘਰ-ਬਾਰ, ਮਾਲ ਡੰਗਰ, ਰਾਹ ਰਸਤੇ, ਸੜਕਾਂ, ਪੁਲ ਇੰਨਾ ਕੁਝ ਗਵਾਚ ਜਾਂਦਾ ਹੈ ਕਿ ਜਿਸ ਦੀ ਭਰਪਾਈ ਸਾਲਾਂ ਤੱਕ ਨਹੀਂ ਹੁੰਦੀ।
ਅੱਜ ਮੁਲਕ ਦੇ ਲੱਖਾਂ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਉਹ ਆਪਣੇ ਬਲਬੂਤੇ ਇਸ ਸਥਿਤੀ ਨਾਲ ਨਜਿੱਠ ਰਹੇ ਹਨ, ਘਰ-ਬਾਰ ਤਿਆਗ ਕੇ ਮਾਲ ਡੰਗਰ ਟਰਾਲੀਆਂ ’ਤੇ ਲੱਦ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਨੇ 1988 ਵਿਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਭੋਗਿਆ। ਇਸ ਮਗਰੋਂ 2019 ਅਤੇ ਤਿੰਨ ਸਾਲ ਬਾਅਦ ਹੁਣ ਜੁਲਾਈ 2023 ਵਿਚ ਲੱਖਾਂ ਲੋਕਾਂ ਨੂੰ ਹੜ੍ਹ ਦਾ ਸੰਤਾਪ ਭੋਗਣਾ ਪਿਆ। ਸਵਾਲ ਪੈਦਾ ਹੁੰਦਾ ਹੈ ਕਿ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲਿਆਂ ਨੇ ਇੱਥੇ ਬਦਲਿਆ ਕੀ ਹੈ? ਜਨਤਕ ਸੇਵਾਵਾਂ ਜੋ ਪਹਿਲਾਂ ਕੁਝ ਹੱਦ ਤੱਕ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮਾੜੀ ਮੋਟੀ ਹਰਕਤ ਵਿਚ ਸਨ, ਅੱਜ ਪਹਿਲਾਂ ਨਾਲੋਂ ਵੀ ਨਿਘਰ ਗਈਆਂ ਪ੍ਰਤੀਤ ਹੋ ਰਹੀਆਂ ਹਨ।
ਦੇਖਿਆ ਜਾਵੇ ਤਾਂ ਪਿਛਲੇ ਕੁਝ ਦਹਾਕਿਆਂ ਦੌਰਾਨ ਇੱਥੇ ਬਹੁਤ ਕੁਝ ਬਦਲਿਆ ਹੈ, ਰਾਜਸੀ ਵਿਵਸਥਾ ਦੀ ਸਰਪ੍ਰਸਤੀ ਹੇਠ ਦਰਿਆਵਾਂ ਦੀ ਰੇਤ ਬੱਜਰੀ ਨੂੰ ਰੱਜ ਕੇ ਲੁੱਟਿਆ ਗਿਆ। ਦਰਿਆਈ ਕੰਢਿਆਂ ’ਤੇ ਕਬਜ਼ੇ ਕਰ ਕੇ ਹਜ਼ਾਰਾਂ ਏਕੜ ਜ਼ਮੀਨਾਂ ’ਚੋਂ ਕੁਦਰਤੀ ਬਨਸਪਤੀ ਦਾ ਖਾਤਮਾ ਕੀਤਾ ਗਿਆ। ਜਿੱਥੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਸੀ, ਉਹਨਾਂ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰ ਕੇ ਖੇਤੀਬਾੜੀ ਲਈ ਵਰਤਿਆ ਗਿਆ। ਪੰਜਾਬ ਦੀਆਂ ਅਨੇਕਾਂ ਨੈਆਂ, ਵੇਈਆਂ, ਡਰੇਨਾਂ ਜਿਹਨਾਂ ਵਿਚ ਬਰਸਾਤੀ ਪਾਣੀ ਵਹਿੰਦਾ ਸੀ, ਨੂੰ ਮਲੀਆਮੇਟ ਕਰ ਦਿੱਤਾ ਗਿਆ। ਦਰਿਆਈ ਇਲਾਕਿਆਂ ਦੇ ਬੰਨ੍ਹਾਂ ਤੋਂ ਇਲਾਵਾ ਇਹਨਾਂ ਇਲਾਕਿਆਂ ਵਿਚ ਬਣੀਆਂ ਹੋਰ ਸੜਕਾਂ ਨੂੰ ਰੇਤ ਦੇ ਟਰੱਕਾਂ, ਟਰਾਲੀਆਂ, ਟਿੱਪਰਾਂ ਨਾਲ ਸਤਿਆਨਾਸ ਕੀਤਾ ਗਿਆ। ਇਸ ਸਭ ਕੁਝ ਤੋਂ ਕਮਾਈਆਂ ਤਾਂ ਸੱਤਾ ਦੇ ਦਲਾਲ ਕਰਦੇ ਹਨ, ਸੰਤਾਪ ਆਮ ਜਨਤਾ ਭੋਗਦੀ ਹੈ। ਇੱਕ ਪਾਸੇ ਅਸੀਂ ਪਾਣੀ ਤੋਂ ਵਿਰਵੇ ਹੋ ਰਹੇ ਹਾਂ, ਦੂਜੇ ਪਾਸੇ ਹੜ੍ਹਾਂ ਦਾ ਸੰਤਾਪ ਭੋਗ ਰਹੇ ਹਾਂ। ਪੀਣ ਅਤੇ ਵਰਤੋਂ ਯੋਗ ਪਾਣੀ ਸਾਡੇ ਹੱਥੋਂ ’ਚੋਂ ਬਾਹਰ ਹੋ ਰਿਹਾ ਹੈ; ਦੂਜੇ ਪਾਸੇ, ਹੜ੍ਹਾਂ ਦੇ ਪਾਣੀ ਨਾਲ ਬਹੁਤ ਨੁਕਸਾਨ ਵੀ ਹੋ ਰਿਹਾ ਹੈ। ਦਰਿਆਵਾਂ ਦੇ ਜਿਹੜੇ ਪਾਣੀਆਂ ਨੇ ਰੇਤ ਨਾਲ ਜ਼ਮੀਨ ਵਿਚ ਰਿਸਣਾ ਸੀ, ਉਸ ਰੇਤ ਦੀ ਲੁੱਟ ਮੱਚੀ ਹੋਈ ਹੈ। ਹੜ੍ਹਾਂ ਦਾ ਪਾਣੀ ਕੁਝ ਸੀਮਤ ਦਨਿਾਂ ਵਿਚ ਆਉਂਦਾ ਹੈ, ਵੱਡਾ ਨੁਕਸਾਨ ਕਰ ਕੇ ਵਹਿ ਜਾਂਦਾ ਹੈ ਅਤੇ ਧਰਤੀ ਸੁੱਕੀ ਦੀ ਸੁੱਕੀ ਰਹਿ ਜਾਂਦੀ ਹੈ। ਸਤਲੁਜ ਨਦੀ ’ਤੇ ਬਣੇ ਭਾਖੜਾ ਨੰਗਲ ਡੈਮ ਅਤੇ ਬਿਆਸ ਦਰਿਆ ’ਤੇ ਹਿਮਾਚਲ ਵਿਚ ਬਣੇ ਪੌਂਗ ਡੈਮ ਨਾਲ ਭਾਵੇਂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਪਰ ਅਜਿਹਾ ਕਰਨ ਨਾਲ ਦਰਿਆਵਾਂ ਦੇ ਕੁਦਰਤੀ ਵਹਾਅ ਵਿਚ ਵੱਡੀਆਂ ਤਬਦੀਲੀਆਂ ਆਈਆਂ। ਧਰਤੀ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਦਰਿਆਈ ਇਲਾਕਿਆਂ ਦਾ ਹੋਰ ਵਿਸਥਾਰ ਕੀਤਾ ਜਾਂਦਾ, ਇਹਨਾਂ ਦੇ ਕੰਢਿਆਂ ’ਤੇ ਉੱਗੀ ਬਨਸਪਤੀ ਅਤੇ ਰੁੱਖਾਂ ਤੇ ਵਣਾਂ ਨੂੰ ਹੋਰ ਸੰਘਣੇ ਕਰਨ ਦਾ ਯਤਨ ਕੀਤਾ ਜਾਂਦਾ, ਦਰਿਆਵਾਂ ਦੇ ਕੰਢਿਆਂ ’ਤੇ ਕੁਦਰਤੀ ਵਹਾਅ ਨਾਲ ਬਣਦੇ ਡੂੰਮਾਂ, ਝੀਲਾਂ ਅਤੇ ਦਰਿਆਈ ਪਾੜਾਂ ਨੂੰ ਜਿਉਂ ਦੇ ਤਿਉਂ ਰੱਖਣ ਲਈ ਵੱਡੇ ਉਪਰਾਲੇ ਕੀਤੇ ਜਾਂਦੇ ਪਰ ਇਹ ਸਭ ਕੁਝ ਇਨਸਾਨੀ ਲਾਲਾਸਾਵਾਂ ਦੀ ਭੇਂਟ ਚੜ੍ਹ ਰਿਹਾ ਹੈ।
ਪਿਛਲੇ ਦਨਿੀਂ ਹੜ੍ਹਾਂ ਤੋਂ ਪ੍ਰਭਾਵਿਤ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਪਤਾ ਲੱਗਿਆ ਕਿ ਵੱਡੀ ਤਾਦਾਦ ਵਿਚ ਸਾਡੇ ਲੋਕ ਬਹੁਤ ਤਰ੍ਹਾਂ ਦੀਆਂ ਕਈ ਮੁਸੀਬਤਾਂ ਝੱਲ ਰਹੇ ਹਨ। ਲੋਹੀਆਂ ਸ਼ਹਿਰ ਦੇ ਨੇੜਲੇ ਪਿੰਡਾਂ ਕੋਲੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟਿਆ। ਪਾਣੀ ਇੰਨਾ ਜਿ਼ਆਦਾ ਸੀ ਕਿ ਕੁਝ ਮਿੰਟਾਂ ਵਿਚ ਇਹ ਪਾੜ ਵਿਸ਼ਾਲ ਹੁੰਦਾ ਗਿਆ। ਇਲਾਕੇ ਦੇ ਦਰਜਨਾਂ ਪਿੰਡ ਰਾਤੋ-ਰਾਤ ਪਾਣੀ ਵਿਚ ਡੁੱਬ ਗਏ। ਇੱਕ ਨੌਜਵਾਨ ਨੇ ਦੱਸਿਆ ਕਿ ਰਾਤ ਜਦੋਂ ਇੱਕ ਦਮ ਪਾਣੀ ਦਾ ਵਹਾਅ ਆਇਆ ਤਾਂ ਲੋਕਾਂ ਨੂੰ ਆਪਣੇ ਡੰਗਰ ਪਸ਼ੂ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ। ਵਡਾਲਾ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਲੋਕ ਜਿਹਨਾਂ ਦੇ ਘਰ ਦੀ ਚਾਰ ਦਵਾਰੀ ਵਲੀ ਹੋਈ ਸੀ, ਉਹ ਪਸ਼ੂਆਂ ਨੂੰ ਖੋਲ੍ਹ ਹੀ ਨਹੀਂ ਸਕੇ। ਹਰੀਕੇ ਝੀਲ ਤੋਂ ਉਤਰ ਵਾਲੇ ਪਾਸੇ ਕਈ ਪਿੰਡ ਹਨ ਜਿਹਨਾਂ ਦੁਆਲੇ ਤਿੰਨ ਤੋਂ ਪੰਜ ਫੁੱਟ ਪਾਣੀ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਨਜ਼ਰ ਆਉਂਦਾ ਹੈ। ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਇਹ ਇਲਾਕਾ ਸਮੁੰਦਰ ਲਗਦਾ ਹੈ। ਇਸ ਇਲਾਕੇ ਵਿਚ ਹੜ੍ਹਾਂ ਦਾ ਖਤਰਾ ਹਰ ਸਾਲ ਬਰਕਰਾਰ ਰਹਿੰਦਾ ਹੈ, ਇਸ ਲਈ ਪਿੰਡ ਖੇਤਾਂ ਨਾਲੋਂ ਕੁਝ ਉੱਚੀ ਜਗਾਹ ’ਤੇ ਹਨ। ਹੜ੍ਹ ਪੀੜਤ ਮਾਸੂਮ ਬੱਚੇ ਬਿਮਾਰ ਹੋ ਰਹੇ ਹਨ। ਲੋਕਾਂ ਦੇ ਹੱਥ ਪੈਰ ਗੰਦੇ ਪਾਣੀ ਨਾਲ ਗਲ਼ ਰਹੇ ਹਨ। ਇੱਕ ਬਜ਼ੁਰਗ ਨੇ ਦੱਸਿਆ ਕਿ ਅੱਜ ਜੋ ਇਸ ਪਿੰਡ ਦੇ ਆਲੇ-ਦੁਆਲੇ ਪਾਣੀ ਦਾ ਮੰਜ਼ਰ ਤੁਸੀਂ ਦੇਖ ਰਹੇ ਹੋ, ਇਹ ਬਹੁਤ ਵੱਡੀ ਮੁਸੀਬਤ ਹੈ ਪਰ ਇਸ ਤੋਂ ਵੱਡੀ ਮੁਸੀਬਤ ਉਦੋਂ ਸ਼ੁਰੂ ਹੋਵੇਗੀ ਜਦੋਂ ਪਾਣੀ ਲਹਿ ਜਾਵੇਗਾ। ਉਸ ਸਮੇਂ ਪਾਣੀ ਨਾਲ ਗਲ਼ ਚੁੱਕੀਆਂ ਫਸਲਾਂ ਮੁਸ਼ਕ ਮਾਰਨ ਲੱਗ ਜਾਣਗੀਆਂ। ਉਸ ਸਮੇਂ ਪਿੰਡ ਵਿਚ ਰਹਿਣਾ ਨਰਕ ਵਿਚ ਰਹਿਣ ਵਾਂਗ ਬਣ ਜਾਂਦਾ ਹੈ, ਲੋਕਾਂ ਨੂੰ ਚਮੜੀ ਦੇ ਰੋਗ ਹੋਣ ਲੱਗਦੇ ਹਨ। ਬੁਖਾਰ ਨਾਲ ਲੋਕ ਵੱਡੀ ਪੱਧਰ ’ਤੇ ਬਿਮਾਰ ਹੋਣ ਲੱਗ ਪੈਂਦੇ ਹਨ। ਇੱਕ ਤਾਂ ਲੋਕ ਆਰਥਿਕ ਪੱਖੋਂ ਕੰਗਾਲ ਹੋ ਜਾਂਦੇ ਹਨ, ਦੂਜਾ ਸਰੀਰਕ ਤੇ ਮਾਨਸਿਕ ਪੱਖੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ, ਦੁਸ਼ਵਾਰੀਆਂ ਦੇ ਸ਼ਿਕਾਰ ਹੋਣ ਲੱਗਦੇ ਹਨ।
ਇਹ ਸੱਚ ਹੈ ਕਿ ਹੜ੍ਹ ਕੁਦਰਤੀ ਆਫ਼ਤ ਹੈ ਅਤੇ ਧਰਤੀ ਦੇ ਵੱਖ ਵੱਖ ਖਿੱਤਿਆਂ ਵਿਚ ਸਦੀਆਂ ਤੋਂ ਲੋਕ ਹੜ੍ਹਾਂ ਵਰਗੀਆਂ ਮੁਸੀਬਤਾਂ ਦਾ ਸੰਤਾਪ ਭੋਗਦੇ ਰਹੇ ਹਨ ਪਰ ਬੀਤੇ ਵੇਲਿਆਂ ਵਿਚ ਜੇ ਅਜਿਹਾ ਹੁੰਦਾ ਸੀ ਤਾਂ ਇਹ ਸਭ ਕੁਝ ਮਨੁੱਖ ਦੀ ਸਮਝ ਤੋਂ ਬਾਹਰ ਸੀ ਪਰ ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਵਿਚ ਵੀ ਜੇ ਲੋਕ ਅਜਿਹੇ ਸੰਤਾਪ ਭੋਗਦੇ ਹਨ, ਜਾਂ ਇਹਨਾਂ ਨੂੰ ਕੁਝ ਹੱਦ ਤੱਕ ਵੀ ਅਸੀਂ ਕੰਟਰੋਲ ਨਹੀਂ ਕਰ ਸਕੇ ਤਾਂ ਇਸ ਨੂੰ ਵਿਵਸਥਾ ਦੀ ਨਾਕਾਮੀ ਹੀ ਆਖਿਆ ਜਾਵੇਗਾ। ਅਸੀਂ ਅੰਬਰ ’ਤੇ ਚੰਨ ਤਾਰਿਆਂ ਨਾਲ ਸਾਂਝਾਂ ਪਾਉਣ ਦੀ ਗੱਲ ਕਰਦੇ ਹਾਂ ਪਰ ਧਰਤੀ ’ਤੇ ਕੀ ਹੋ ਵਾਪਰ ਰਿਹਾ ਹੈ, ਇਸ ਬਾਰੇ ਸਾਡੇ ਮੁਲਕ ਦੀ ਵਿਵਸਥਾ ਬਿਲਕੁਲ ਵੀ ਬੇਵੱਸ ਹੋਈ ਨਜ਼ਰ ਆਉਂਦੀ ਹੈ।
ਭਾਰਤ ਵੱਖ ਵੱਖ ਤਰ੍ਹਾਂ ਦੀ ਭੂਗੋਲਿਕ ਸਥਿਤੀ ਵਾਲਾ ਦੇਸ਼ ਹੈ ਇੱਥੇ ਕਿਤੇ ਤਾਂ ਬੱਦਲ ਫਟਦੇ ਹਨ, ਕਿਤੇ ਸੋਕੇ ਨਾਲ ਫਸਲਾਂ ਸੜ ਬਲ ਜਾਂਦੀਆਂ ਹਨ। ਕਿਤੇ ਸਾਰਾ ਸਾਲ ਮੀਂਹ ਪੈਂਦਾ ਹੈ, ਕਿਤੇ ਪੰਜ ਪੰਜ ਸਾਲ ਮੀਂਹ ਦੀ ਛਿੱਟ ਵੀ ਨਹੀਂ ਡਿਗਦੀ। ਕਿਤੇ ਬਰਫਾਂ ਜੰਮਦੀਆਂ ਹਨ, ਕਿਤੇ ਉਹਨਾਂ ਹੀ ਦਨਿਾਂ ਦੌਰਾਨ ਪਾਰਾ ਸੰਤਾਲੀ ਡਿਗਰੀ ਤੱਕ ਚਲਾ ਜਾਂਦਾ ਹੈ। ਸਾਡੇ ਦੇਸ਼ ਵਿਚ ਜਿੱਥੇ ਵਾਧੂ ਪਾਣੀ ਸੰਭਾਲਣ ਲਈ ਵੱਡੀਆਂ ਯੋਜਨਾਵਾਂ ’ਤੇ ਕੰਮ ਕਰਨ ਦੀ ਲੋੜ ਹੈ ਉੱਥੇ ਮੌਸਮ ਵਿਭਾਗ ਨੂੰ ਹੋਰ ਸਚਾਰੂ ਬਣਾਉਣ ਦੀ ਲੋੜ ਹੈ ਤਾਂ ਕਿ ਵੱਖ ਵੱਖ ਇਲਾਕਿਆਂ ਵਿਚ ਹੋਣ ਵਾਲੀਆਂ ਬਾਰਸ਼ਾਂ ਦਾ ਅਗਾਊਂ ਅਨੁਮਾਨ ਲਗਾ ਕੇ ਡੈਮਾਂ ਦੇ ਪਾਣੀਆਂ ਨੂੰ ਲੋੜ ਅਨੁਸਾਰ ਨਾਲੋ ਨਾਲ ਛੱਡਿਆ ਜਾ ਸਕੇ ਅਤੇ ਹੜ੍ਹਾਂ ਵਰਗੀ ਭਿਆਨਕ ਸਥਿਤੀ ਪੈਦਾ ਹੀ ਨਾ ਹੋਵੇ। ਖਬਰਾਂ ਇਹ ਵੀ ਹਨ ਕਿ ਜੂਨ ਜੁਲਾਈ ਵਿਚ ਜਾਣਬੁੱਝ ਕੇ ਡੈਮਾਂ ਨੂੰ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਕਿ ਹੋਰ ਸੂਬਿਆਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਜਾ ਸਕੇ ਪਰ ਜੋ ਲੋਕ ਇਸ ਦਾ ਖਮਿਆਜ਼ਾ ਭੁਗਤਦੇ ਹਨ, ਉਹਨਾਂ ਦਾ ਇਸ ਵਿਚ ਕੀ ਕਸੂਰ ਹੈ? ਦਰਿਆਵਾਂ ਦੇ ਇਲਾਕਿਆਂ ਵਿਚ ਨਾਜਾਇਜ਼ ਇਮਾਰਤਾਂ, ਡੇਰਿਆਂ ਦੀ ਉਸਾਰੀ, ਮਾਈਨਿੰਗ ’ਤੇ ਸਖਤੀ ਨਾਲ ਰੋਕ ਲਾਉਣ ਦੀ ਲੋੜ ਹੈ। ਨਹਿਰਾਂ ਦੀ ਸਫ਼ਾਈ ਦੇ ਨਾਲ ਨਾਲ ਵੱਧ ਤੋਂ ਪਾਣੀ ਇਹਨਾਂ ਦਨਿਾਂ ਵਿਚ ਨਹਿਰਾਂ ਵਿਚ ਛੱਡੇ ਜਾਣ ਦੀ ਲੋੜ ਹੁੰਦੀ ਹੈ। ਜੂਨ ਜੁਲਾਈ ਵਿਚ ਜਦੋਂ ਝੋਨੇ ਦੀ ਬਿਜਾਈ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਬਜਾਇ ਨਹਿਰੀ ਪਾਣੀ ਨੂੰ ਵਰਤੋਂ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪਾਣੀਆਂ ਦਾ ਵੇਗ ਘੱਟ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਾੜਾਂ ਵਿਚ ਰੁੱਖ ਲਾਏ ਜਾਣ। ਰੇਤ ਮਾਈਨਿੰਗ ਨਾਲ ਹੁੰਦੀ ਸੜਕਾਂ ਪੁਲਾਂ ਅਤੇ ਦਰਿਆਈ ਬੰਨ੍ਹਾਂ ਦੇ ਨੁਕਸਾਨ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ। ਪੰਜਾਬ ਦੀਆਂ ਨੈਆਂ, ਵੇਈਆਂ, ਡਰੇਨਾਂ ਦੀ ਸਫ਼ਾਈ ਹਰ ਸਾਲ ਮੌਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜੋ ਕਦੇ ਵੀ ਨਹੀਂ ਹੋਈ। ਡਰੇਨ ਵਿਭਾਗ ਜਿਵੇਂ ਸੁੱਤਾ ਹੀ ਰਹਿੰਦਾ ਹੈ। ਜੇ ਪੰਜਾਬ ਦੀਆਂ ਸਾਰੀਆਂ ਬਰਸਾਤੀ ਨਦੀਆਂ, ਵੇਈਆਂ, ਨੈਆਂ ਤੋਂ ਨਾਜਾਇਜ਼ ਕਬਜੇ ਛੁਡਵਾ ਕੇ ਇਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ, ਇਹਨਾਂ ਦੀ ਹਰ ਸਾਲ ਸਫ਼ਾਈ ਹੋਵੇ ਤਾਂ ਹੜ੍ਹਾਂ ਦੇ ਭਿਆਨਕ ਸੰਕਟ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅਜਿਹਾ ਕਰਨ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਵੀ ਸੁਧਾਰ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਪਿੰਡਾਂ ਦੇ ਲੋਕ, ਵੱਖ ਵੱਖ ਸੰਸਥਾਵਾਂ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਦਨਿ ਰਾਤ ਇੱਕ ਕਰ ਰਹੀਆਂ ਹਨ, ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਪੱਖੀ ਸੰਸਥਾਵਾਂ ਜਿਹੜੀਆਂ ਜਾਤਾਂ, ਮਜ਼੍ਹਬਾਂ ਦੀਆਂ ਵਲਗਣਾਂ ਤੋਂ ਉਪਰ ਉੱਠ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਈਆਂ ਹਨ, ਸਭ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ।
ਇਸ ਸਮੇਂ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ। ਉਹਨਾਂ ਦੇ ਨੁਕਸਾਨ ਲਈ ਉਹਨਾਂ ਨੂੰ ਮਾਲੀ ਮਦਦ ਦੀ ਲੋੜ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜੋ ਇੱਕ ਤਰ੍ਹਾਂ ਨਾਲ ਜੜ੍ਹਾਂ ਤੋਂ ਉਖੜ ਗਏ ਹਨ, ਨਾਲ ਲਗਾਤਾਰ ਰਾਬਤਾ ਪੈਦਾ ਕਰਨ ਅਤੇ ਉਹਨਾਂ ਦੇ ਨੁਕਸਾਨ ਦੀ ਭਰਪਾਈ ਲਈ ਹਰ ਯੋਗ ਕਦਮ ਪੁੱਟਿਆ ਜਾਵੇ। ਇਸ ਸਮੇਂ ਪਾਣੀ ਵਿਚ ਘਿਰੇ ਅਤੇ ਦਰਿਆਵਾਂ ਦੇ ਬੰਨ੍ਹਾਂ ’ਤੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਬੈਠੇ ਲੋਕਾਂ ਦੀ ਜਾਨ ਤਰਾਹ ਤਰਾਹ ਕਰ ਰਹੀ ਹੈ। ਪੂਰਾ ਦਨਿ ਪਾਣੀ ਦੀ ਭੜਾਸ ਨਾਲ ਗਰਮੀ ਨਾਲ ਬੁਰਾ ਹਾਲ ਹੁੰਦਾ ਹੈ। ਸ਼ਾਮ ਪੈਂਦਿਆਂ ਹੀ ਗਰਮੀ ਅਤੇ ਮੱਛਰ ਤੰਗ ਕਰਨ ਲਗਦੇ ਹਨ। ਇਹਨਾਂ ਲੋਕਾਂ ਲਈ ਆਰਜ਼ੀ ਬਿਜਲੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਚਾਰ ਚੁਫੇਰੇ ਪਾਣੀ ਜਾਂ ਜਿੱਲਣ ਹੋਣ ਕਾਰਨ ਮੁਸ਼ਕਿਲਾਂ ਵਧ ਰਹੀਆਂ ਹਨ। ਇਹਨਾਂ ਨੂੰ ਡਰ ਹੈ ਕਿ ਜੇ ਬਾਰਸ਼ ਪੈਣੀ ਸ਼ਰੂ ਹੋ ਜਾਵੇ ਤਾਂ ਖੁੱਲ੍ਹੇ ਅਸਮਾਨ ਹੇਠ ਬੈਠੇ ਇਹਨਾਂ ਲੋਕਾਂ ਦਾ ਕੀ ਬਣੇਗਾ? ਸੋ ਇਹਨਾਂ ਲੋਕਾਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਲੋੜ ਹੈ। ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਯੋਜਨਾਬੰਦੀ ਦੀ ਲੋੜ ਹੈ। ਹੜ੍ਹਾਂ ਦੀ ਆਫ਼ਤ ਨੂੰ ਤੁਸੀਂ ਬੇਸ਼ੱਕ ਕੁਦਰਤੀ ਆਫ਼ਤ ਕਹੋ ਪਰ ਵਿਵਸਥਾ ਦੀ ਬਦਇੰਤਜ਼ਾਮੀ ਦਾ ਇਸ ਵਿਚ ਵੱਡਾ ਰੋਲ ਹੈ।
ਸੰਪਰਕ: 98550-51099

Advertisement

Advertisement