For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ ’ਚ ਹੜ੍ਹ ਵਰਗੇ ਹਾਲਾਤ: ਪੁਲੀਸ ਨੇ ਸਤਲੁਜ ਦਰਿਆ ’ਚ ਫਸੇ 22 ਜਣੇ ਸੁਰੱਖਿਅਤ ਬਾਹਰ ਕੱਢੇ

07:56 AM Jul 10, 2023 IST
ਮਾਛੀਵਾੜਾ ’ਚ ਹੜ੍ਹ ਵਰਗੇ ਹਾਲਾਤ  ਪੁਲੀਸ ਨੇ ਸਤਲੁਜ ਦਰਿਆ ’ਚ ਫਸੇ 22 ਜਣੇ ਸੁਰੱਖਿਅਤ ਬਾਹਰ ਕੱਢੇ
ਮਾਛੀਵਾਡ਼ਾ ਦੀ ਇਕ ਸਡ਼ਕ ’ਤੇ ਪਿਆ ਪਾਡ਼।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਜੁਲਾਈ
ਇਥੋਂ ਨੇੜੇ ਵਗਦੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਅਤੇ ਦਰਿਆ ਅੰਦਰ ਕਿਸਾਨਾਂ ਵਲੋਂ ਬੀਜਿਆ ਝੋਨਾ, ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਅੱਜ ਸਵੇਰੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਸੈਂਸੋਵਾਲ ਨੇੜ੍ਹੇ ਸਤਲੁਜ ਦਰਿਆ ਅੰਦਰ ਖੇਤਾਂ ਵਿਚ ਝੁੱਗੀਆਂ ਬਣਾ ਕੇ ਬੈਠੇ 22 ਪੁਰਸ਼, ਔਰਤਾਂ ਅਤੇ ਬੱਚੇ ਪਾਣੀ ਦਾ ਪੱਧਰ ਵਧਣ ਕਾਰਨ ਵਿਚਕਾਰ ਫਸ ਗਏ ਹਨ ਤਾਂ ਉਨ੍ਹਾਂ ਨੂੰ ਬਚਾਉਣ ਦੇ ਯਤਨ ਸ਼ੁਰੂ ਕੀਤੇ ਗਏ। ਸਮਰਾਲਾ ਸਬ-ਡਵੀਜ਼ਨ ਦੇ ਐੱਸਡੀਐੱਮ ਕੁਲਦੀਪ ਬਾਵਾ, ਡੀਐੱਸਪੀ ਵਰਿਆਮ ਸਿੰਘ, ਸਬ-ਇੰਸਪੈਕਟਰ ਸੰਤੋਖ ਸਿੰਘ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਦਰਿਆ ਅੰਦਰ ਖੇਤਾਂ ਵਿਚ ਫਸੇ ਮਜ਼ਦੂਰਾਂ ਨੂੰ ਬਾਹਰ ਸੁਰੱਖਿਅਤ ਕੱਢਿਆ ਗਿਆ। ਪ੍ਰਸ਼ਾਸਨ ਵਲੋਂ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਦਰਿਆ ਅੰਦਰ ਵਾਹੀਯੋਗ ਜ਼ਮੀਨ ਵਿਚ ਖੇਤੀ ਕਰਦੇ ਸਨ ਅਤੇ ਉੱਥੇ ਝੁੱਗੀਆਂ ਬਣਾ ਕੇ ਰਹਿੰਦੇ ਸਨ ਪਰ ਰਾਤ ਨੂੰ ਪਾਣੀ ਦਾ ਪੱਧਰ ਇੱਕਦਮ ਵਧ ਗਿਆ ਜਿਸ ਕਾਰਨ ਇਹ ਅੰਦਰ ਫਸ ਗਏ ਸਨ। ਪ੍ਰਸ਼ਾਸਨ ਵਲੋਂ 3 ਵਾਰ ਕਿਸ਼ਤੀ ਦਰਿਆ ਅੰਦਰ ਬਣੀਆਂ ਝੁੱਗੀਆਂ ਕੋਲ ਭੇਜੀ ਗਈ ਅਤੇ ਉਨ੍ਹਾਂ ਨੂੰ ਸਮਾਨ ਸਮੇਤ ਬਾਹਰ ਸੁਰੱਖਿਅਤ ਕੱਢ ਲਿਆ ਗਿਆ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਨੇੜ੍ਹੇ ਪਿੰਡ ਧੁੱਲੇਵਾਲ ਵਿਖੇ ਪੁਲੀਸ ਦੀ ਪੱਕੀ ਚੈੱਕ ਪੋਸਟ ਬਣਾ ਦਿੱਤੀ ਗਈ ਹੈ ਜੋ ਬੰਨ੍ਹ ’ਤੇ ਨਜ਼ਰ ਰੱਖੇਗੀ।
ਪਿਛਲੇ 2 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਕਿਸਾਨਾਂ ਦਾ ਹਜ਼ਾਰਾਂ ਏਕੜ ਨਵਾਂ ਬੀਜਿਆ ਝੋਨਾ ਡੁੱਬ ਗਿਆ ਹੈ ਅਤੇ ਕਈ ਸੜਕਾਂ ਵਿਚ ਪਾੜ ਪੈਣ ਕਾਰਨ ਖੇਤ ਦਰਿਆ ਬਣੇ ਦਿਖਾਈ ਦੇ ਰਹੇ ਹਨ। ਭਾਰੀ ਮੀਂਹ ਕਾਰਨ ਮਾਛੀਵਾੜਾ ਇਲਾਕੇ ਦਾ ਬੇਟ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ ਕਿ ਪਿੰਡਾਂ ਵਿਚ ਹਰ ਪਾਸੇ ਖੇਤਾਂ ਵਿਚ ਪਾਣੀ ਹੀ ਪਾਣੀ ਦਿਖ ਰਿਹਾ ਹੈ। ਕਿਸਾਨਾਂ ਦੀ ਨਵੀਂ ਬੀਜੀ ਝੋਨੇ ਦੀ ਫਸਲ ਕਿਤੇ ਵੀ ਨਜ਼ਰ ਨਹੀਂ ਆ ਰਹੀ ਇੱਥੋਂ ਤੱਕ ਕਿ ਪਾਣੀ ਦਾ ਪੱਧਰ ਐਨਾ ਵਧ ਗਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਤੋੜ ਕੇ ਪਾਰ ਕਰਦਾ ਹੋਇਆ ਦੂਜੇ ਪਿੰਡਾਂ ਵੱਲ ਨੂੰ ਵਧਦਾ ਜਾ ਰਿਹਾ ਹੈ। ਮਾਛੀਵਾੜਾ ਇਲਾਕੇ ਦੇ ਪਿੰਡ ਕਾਉਂਕੇ, ਸ਼ੇਰਪੁਰ, ਸ਼ੇਰਗੜ੍ਹ, ਫਤਹਿਗੜ੍ਹ ਬੇਟ, ਮੰਡ ਸ਼ੇਰੀਆਂ, ਸੈਂਸੋਵਾਲ, ਪਵਾਤ ਵਿਚ ਹਾਲਾਤ ਇਹ ਹਨ ਕਿ ਕਿਤੇ ਤਾਂ ਸੜਕਾਂ ਵਿਚ ਮੀਂਹ ਦੇ ਪਾਣੀ ਨਾਲ ਪਾੜ ਪੈ ਗਿਆ ਅਤੇ ਕਈ ਥਾਵਾਂ ’ਤੇ ਨਿਕਾਸੀ ਲਈ ਸੜਕਾਂ ਨੂੰ ਤੋੜਨਾ ਪੈ ਰਿਹਾ ਹੈ।
ਬਹਿਲੋਲਪੁਰ ਦਾ ਬਿਜਲੀ ਗਰਿੱਡ ਪਾਣੀ ਵਿਚ ਡੁੱਬਿਆ, ਸਪਲਾਈ ਠੱਪ
ਭਾਰੀ ਮੀਂਹ ਕਾਰਨ ਨੇੜਲੇ ਪਿੰਡ ਬਹਿਲੋਲਪੁਰ ਦਾ 66 ਕੇ.ਵੀ. ਬਿਜਲੀ ਗਰਿੱਡ ਦੀ ਇਮਾਰਤ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਜਿਸ ਨਾਲ ਆਸ-ਪਾਸ ਦੇ ਕਰੀਬ 15 ਪਿੰਡਾਂ ਦੀ ਸਪਲਾਈ ਦੇਰ ਰਾਤ ਤੋਂ ਹੀ ਠੱਪ ਪਈ ਹੈ। ਮੀਂਹ ਦਾ ਪਾਣੀ ਗਰਿੱਡ ਦੀ ਇਮਾਰਤ ਅੰਦਰ ਦਾਖਲ ਹੋ ਗਿਆ ਜਿਸ ਕਾਰਨ ਬਿਜਲੀ ਸਪਲਾਈ ਕੱਟਣੀ ਪਈ। ਇਮਾਰਤ ਅੰਦਰ 3 ਤੋਂ 4 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਕੋਈ ਵੀ ਕਰਮਚਾਰੀ ਇਮਾਰਤ ਵਿਚ ਦਾਖਲ ਨਹੀਂ ਹੋ ਸਕਦਾ। ਬਿਜਲੀ ਵਿਭਾਗ ਵਲੋਂ ਨੇੜਲੇ ਪਿੰਡ ਹੇਡੋਂ ਬੇਟ ਗਰਿੱਡ ਤੋਂ ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਦੇ ਯਤਨ ਕੀਤੇ ਜਾ ਰਹੇ ਹਨ।

Advertisement

Advertisement
Tags :
Author Image

Advertisement
Advertisement
×