ਲਾਲੜੂ ਖੇਤਰ ’ਚੋਂ ਲੰਘਦੀ ਘੱਗਰ, ਟਾਂਗਰੀ ਤੇ ਝਰਮਲ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ
ਸਰਬਜੀਤ ਸਿੰਘ ਭੱਟੀ
ਲਾਲੜੂ , 9 ਜੁਲਾਈ
ਲਾਲੜੂ ਖੇਤਰ ਵਿੱਚੋਂ ਲੰਘਦੀ ਘੱਗਰ, ਟਾਂਗਰੀ ਤੇ ਝਰਮਲ ਨਦੀਆਂ ਸਮੇਤ ਬਰਸਾਤੀ ਚੋਆਂ ਵਿੱਚ ਲਗਾਤਾਰ ਬਰਸਾਤੀ ਪਾਣੀ ਦੀ ਆਮਦ ਵਧਣ ਕਾਰਨ ਸਮੁੱਚੇ ਖੇਤਰ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪਿੰਡਾਂ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਦੌਰਾ ਕਰ ਰਹੇ ਹਨ। ਲੋਕਾਂ ਨੂੰ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਉਹ ਦਰਿਆਵਾਂ ਤੋਂ ਦੂਰ ਰਹਿਣ ਤੇ ਬਿਨਾਂ ਵਜ੍ਹਾ ਆਪਣੇ ਘਰਾਂ ਤੋਂ ਬਾਹਰ ਸੜਕਾਂ ’ਤੇ ਨਾ ਨਿਕਲਣ। ਇਸ ਮੌਕੇ ਐੱਨਡੀਆਰਐਫ ਦੀਆਂ ਟੀਮਾਂ ਨੇ ਪਿੰਡ ਟਿਵਾਣਾ ਵਿਖੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਅਤੇ ਸਥਿਤੀ ਉੱਪਰ ਲਗਾਤਾਰ ਨਿਗ੍ਹਾ ਰੱਖੀ ਜਾ ਰਹੀ ਹੈ। ਟਾਂਗਰੀ ਨਦੀ ਅਤੇ ਝਰਮਲ ਨਦੀ ਤੇ ਬਰਸਾਤੀ ਚੋਆਂ ਵਿੱਚ ਵੀ ਪਾਣੀ ਵਧ ਰਿਹਾ ਹੈ। ਪਿੰਡ ਮਲਕਪੁਰ ਨੇੜੇ ਲਾਲੜੂ ਹੰਡੇਸਰਾ ਲਿੰਕ ਸੜਕ ’ਤੇ ਭਾਰੀ ਮਾਤਰਾ ਵਿਚ ਪਾਣੀ ਆ ਜਾਣ ਕਾਰਨ ਵਾਹਨਾਂ ਨੂੰ ਨਿਕਲਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਪਿੰਡ ਰਾਣੀਮਾਜਰਾ ਨੇੜੇ ਬਰਸਾਤੀ ਚੋਅ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਲਹਿਲੀ ਬਨੂੜ ਲਿੰਕ ਸੜਕ ’ਤੇ ਪਾੜ ਪੈ ਜਾਣ ਕਾਰਨ ਰਸਤਾ ਬੰਦ ਹੋ ਗਿਆ ਹੈ। ਐੱਸਡੀਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ, ਬੀਡੀਪੀਓ ਰਵਨੀਤ ਕੌਰ, ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖਸੀਸ ਸਿੰਘ, ਏਐਸਪੀ ਡੇਰਾਬੱਸੀ ਦਰਪਣ ਆਹਲੂਵਾਲੀਆ, ਐਸਐਚਓ ਲਾਲੜੂ ਅਜਿਤੇਸ਼ ਕੌਂਸਲ ਲਗਾਤਾਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮੈਰਿਜ ਪੈਲੇਸਾਂ ਅਤੇ ਧਰਮਸ਼ਾਲਾਵਾਂ ਵਿਚ ਭੇਜਿਆ ਜਾ ਰਿਹਾ ਹੈ।