ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਨਿਰਾ ਕੁਦਰਤੀ ਵਰਤਾਰਾ ਨਹੀਂ

06:19 AM Jul 11, 2023 IST

ਵਿਜੈ ਬੰਬੇਲੀ

ਧਰਮਾਂ-ਕਬੀਲਿਆਂ ਦੇ ਇਤਿਹਾਸ-ਮਿਥਿਹਾਸ ਵਿੱਚ ਤੱਥਾਂ-ਮਿੱਥਾਂ ਅਨੁਸਾਰ ਹੜ੍ਹਾਂ ਦਾ ਵਰਣਨ ਹੈ। ਪ੍ਰਾਚੀਨ ਸਾਹਿਤ ਤੇ ਕਈ ਅਲੇਖਾਂ ਵਿੱਚ ਇਸ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਰਿਗਵੇਦ ਵਿੱਚ 217 ਵਾਰ, ਬਾਈਬਲ ਵਿੱਚ 34 ਵਾਰ ਅਤੇ ਕੁਰਾਨ ਵਿੱਚ 4 ਵਾਰੀ। ਕੁਰਾਨ ਵਿੱਚ ਹੜ੍ਹ ਦਾ ਘੱਟ ਜ਼ਿਕਰ ਆਉਣ ਦਾ ਕਾਰਨ ਇਹ ਹੈ ਕਿ ਅਰਬ ਮੁਲਕ, ਜਿੱਥੇ ਕੁਰਾਨ ਦੀ ਰਚਨਾ ਹੋਈ, ਵਿੱਚ ਮੀਂਹ ਬਹੁਤ ਘੱਟ ਪੈਂਦੇ ਹਨ।
ਭਾਰਤ ਦੇ ਪਹਿਲੇ ਗ੍ਰੰਥ ਰਿਗਵੇਦ ਵਿੱਚ ਵੀ ਸਿਰਫ਼ ਕੁਦਰਤੀ ਸ਼ਕਤੀਆਂ ਅਤੇ ਨਿਆਮਤਾਂ ਦਾ ਹੀ ਜ਼ਿਕਰ ਹੈ, ਰੱਬ ਦਾ ਨਹੀਂ, ਜਿਸ ਵਿੱੱਚ ਜਲ (ਅਤੇ ਹੜ੍ਹ) ਵੀ ਪ੍ਰਮੁੱਖ ਹੈ। ਰਿਗਵੇਦ ਵਿੱਚ ਹੜ੍ਹਾਂ ਦਾ ਜ਼ਿਕਰ ਜ਼ਿਆਦਾ ਵਾਰੀ ਆਉਣ ਦਾ ਕਾਰਨ ਇਹ ਵੀ ਹੈ ਕਿ ਇਸ ਦੀ ਰਚਨਾ ਮਹਾਂ-ਪੰਜਾਬ ਦੀ ਧਰਤੀ ’ਤੇ ਹੋਈ, ਜਿਹੜਾ ਪਹਿਲਾਂ ਸਪਤ-ਸਿੰਧੂ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਸੀ। ਇਹ ਖਿੱਤਾ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਅਤੇ ਇੱਥੋਂ ਦੇ ਵਾਸੀ ਪੂਰਵ ਇਤਿਹਾਸ ਕਾਲ ਤੋਂ ਹੜ੍ਹਾਂ ਦੀਆਂ ਸੀਮਤ-ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਰਹੇ ਹਨ।
ਕਦੇ ਸੁੱਘੜ ਦਰਿਆਵਾਂ ਦਾ ਡੈਲਟਾ ਹੋਣ ਕਾਰਨ ਸਾਡੇ ਖਿੱਤੇ ਦੀ ਮਿੱਟੀ ਬੜੀ ਜਰਖੇਜ਼ ਸੀ, ਜਿਹੜੀ ਹਰ ਫ਼ਸਲ ਪੈਦਾ ਕਰਨ ਦੇ ਸਮਰੱਥ ਸੀ ਅਤੇ ਇੱਥੇ ਸਿੰਧ ਘਾਟੀ ਵਰਗੀਆਂ ਸਾਧਨ-ਸੰਪੰਨ ਸੱਭਿਆਤਾਵਾਂ ਦਾ ਵੀ ਉੱਥਾਨ ਹੋਇਆ। ਇਹੀ ਕਾਰਨ ਸੀ ਕਿ ਬੇਗਾਨੀਆਂ ਧਰਤੀਆਂ ਦੇ ਲੋਕ ਇਸ ਵੱਲ ਖਿੱਚੇ-ਤੁਰੇ ਆਏ, ਪਰ ਪਾਣੀ ਵਜੋਂ ਅਮੀਰੀ ਕਾਰਨ ਕੁਝ ਨੁਕਸਾਨ ਵੀ ਇਸ ਧਰਤੀ ਨੂੰ ਸਹਿਣੇ ਪਏ ਜਨਿ੍ਹਾਂ ਵਿੱਚੋਂ ਇੱਕ ਵੱਡਾ ਨੁਕਸਾਨ ਸੀ ਵਾਰ-ਵਾਰ ਹੜ੍ਹ ਰੂਪੀ ਕੁਦਰਤੀ ਤ੍ਰਾਸਦੀ। ਜਿਹੜੀ ਹੁਣ ਕੁਦਰਤੀ ਦੀ ਬਜਾਏ ਮਨੁੱਖ-ਸਿਰਜਤ ਕਿਤੇ ਵੱਧ ਹੈ, ਜਿਸ ਦਾ ਵੱਡਾ ਕਾਰਨ ਹੈ ਕੁਦਰਤ ਨਾਲ ਅਣ-ਮੇਚਵਾਂ ਅਤੇ ਗੈਰ-ਯੋਜਨਾਵੱਧ ‘ਵਿਕਾਸ’।
ਪ੍ਰਾਚੀਨ ਸਮਿਆਂ ਦਾ ਪੰਜਾਬ ਦੇ ਹੜ੍ਹਾਂ ਬਾਰੇ ਕੋਈ ਸਿਲਸਿਲੇਵਾਰ ਰਿਕਾਰਡ ਪ੍ਰਾਪਤ ਨਹੀਂ। ਪਰ ਭਾਰਤ ਦੇ ਹੋਰ ਦਰਿਆਵਾਂ ਨਾਲ ਸਬੰਧਿਤ ਰਿਕਾਰਡ/ਦਸਤਾਵੇਜ਼ਾਂ ਦੇ ਅਧਿਐਨ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਹੜ੍ਹ ਇਤਿਹਾਸ ਦੀ ਉੱਕਾ ਹੀ ਕੋਈ ਅਨਿਯਮਤ ਘਟਨਾ ਨਹੀਂ ਹੁੰਦੇ ਸਗੋਂ ਇਹ ਕਿਸੇ ਨਾ ਕਿਸੇ ਘਟਨਾਕ੍ਰਮ (ਪੈਟਰਨ) ਅਤੇ ਖ਼ੁਦ ਸਿਰਜੇ ਹਾਲਾਤ ਅਨੁਸਾਰ ਵਾਪਰਦੇ ਹਨ। ਪੰਜ ਦਰਿਆਵਾਂ ਦਾ ਖਿੱਤਾ ਰਹਿ ਜਾਣ ਉਪਰੰਤ ਵੀ ਇਹ ਖੇਤਰ ਸ਼ੁੱਧ ਪਾਣੀ ਨਾਲ ਲਬਾ-ਲਬ ਸੀ। ਹੁਣ ਤਾਂ ਸਾਡੇ ਕੋਲ ਢਾਈ-ਦਰਿਆਂ ਹੀ ਹਨ, ਜਨਿ੍ਹਾਂ ਨੂੰ ਗੰਦੇ-ਜ਼ਹਿਰੀਲੇ ਨਾਲੇ ਬਣਾਉਣ ਵਿੱਚ ਵੀ ਅਸੀਂ-ਤੁਸੀਂ ਖਾਸ ਕਰ ਧੰਨ-ਕੁਬੇਰ ਅਤੇ ਹਾਕਮ-ਜਮਾਤਾਂ ਜ਼ਿੰਮੇਵਾਰ ਹਾਂ। ਜਲ ਮਾਹਿਰ ਵਿਸ਼ਵਾਸ ਐੱਸ. ਕਾਲੇ ਅਨੁਸਾਰ, “ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੂਰਵਲੇ ਹੜ੍ਹਾਂ ਦੇ ਮੁਕਾਬਲੇ ਵੱਡੇ ਆਕਾਰ ਦੇ ਹੜ੍ਹ ਜ਼ਿਆਦਾ ਆਉਣੇ ਸ਼ੁਰੂ ਹੋ ਗਏ। ਭਾਵੇਂ ਗਿਣਤੀ ਵਜੋਂ ਹੜ੍ਹ ਘੱਟ ਆਏ, ਪਰ ਹੁਣ ਬਹੁ-ਪਰਤੀ ਅਤੇ ਵੱਡੇ ਨੁਕਸਾਨ ਹੁੰਦੇ ਹਨ। ਕਾਰਨ; ਉਹੀ ਕੁਦਰਤ ਵਿੱਚ ਬੇ-ਕਿਰਕ ਦਖਲਅੰਦਾਜ਼ੀ।’’
ਹੜ੍ਹ; ਕੁਦਰਤੀ ਤ੍ਰਾਸਦੀ ਹੈ, ਜਿਹੜੀ ਮੂਸਲੇਧਾਰ ਵਰਖਾ, ਮਨੁੱਖੀ ਲਾਲਸਾਵਾਂ, ਧੰਨ-ਕੁਬੇਰਾਂ, ਗੈਰ-ਯੋਜਨਾਬੱਧ ਵਿਕਾਸ ਅਤੇ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਵਾਪਰਦੀ ਹੈ। ਕੁੱਲ ਆਲਮ ਦੀ ਦੋ-ਤਿਹਾਈ ਆਬਾਦੀ ਅਤੇ 13% ਖੇਤਰ ਕਿਸੇ ਨਾ ਕਿਸੇ ਰੂਪ ਵਿੱਚ ਹੜ੍ਹ ਪ੍ਰਭਾਵਿਤ ਹਨ। ਬਹੁਤੇ ਦੇਸ਼ ਉਹ ਹਨ, ਜਿੱਥੇ ਕੁਦਰਤੀ ਬੇ-ਵਸੀ ਹੈ, ਸੰਘਣੀ ਆਬਾਦੀ ਹੈ, ਰਾਜ-ਭਾਗ ਠੀਕ ਨਹੀਂ ਜਾਂ ਜਿਹੜੇ ‘ਰੱਬੀ ਭਾਣੇ’ ਵਿੱਚ ਮਸ਼ਰੂਫ ਹਨ। ਸਾਡੇ ਦੇਸ਼ ਦੇ ਕੁੱਲ 32.8 ਕਰੋੜ ਹੈਕਟੇਅਰ ਵਿੱਚੋਂ ਕਰੀਬ 4 ਕਰੋੜ ਹੈਕਟੇਅਰ ਰਕਬਾ ਯਾਨੀ ਧਰਾਤਲੀ ਖਿੱਤੇ ਦਾ ਅੱਠਵਾਂ ਹਿੱਸਾ, ਹੜ੍ਹਾਂ ਦੀ ਮਾਰ ਹੇਠ ਹੈ। ਕੋਈ ਸੂਬਾ ਜ਼ਿਆਦਾ ਅਤੇ ਕੋਈ ਕੁੱਝ ਘੱਟ। ਯਾਨੀ ਕਿ ਕੋਈ ਕਦੇ-ਕਦੇ ਤੇ ਕੋਈ ਹਰ ਵਰ੍ਹੇ ਇਨ੍ਹਾਂ ਦਾ ਸ਼ਿਕਾਰ ਹੁੰਦਾ ਹੈ।
ਪਾਣੀ ਵਜ਼ਨਦਾਰ ਵਸਤ ਹੈ। ਨਿਵਾਣ ਵੱਲ ਖੁਦ-ਬਾ-ਖੁਦ ਵਗਣ ਤੋਂ ਬਨਿਾਂ ਇਸ ਨੂੰ ਇੱਧਰ-ਉੱਧਰ ਕਰਨਾ ਸੌਖਾ ਨਹੀਂ। ਹਰ ਵਰ੍ਹੇ ਕਰੀਬ 32 ਅਰਬ ਏਕੜ ਫੁੱਟ ਪਾਣੀ ਧਰਤੀ ’ਤੇ ਵਗਦਾ ਹੋਇਆ ਸਾਗਰਾਂ ਵੱਲ ਜਾਂਦਾ ਹੈ (ਜਾਂ ਕਹਿ ਲਵੋ ਸਹਿਜ-ਤੋਰੇ ਜਾਂਦਾ ਸੀ), ਜਦੋਂ ਤੱਕ ਕੇ ਅਜਿਹੇ ਪਾਣੀ ਨੂੰ ਅਸੀਂ ਰੋਕ, ਖੜ੍ਹਾ ਜਾਂ ਮੋੜ ਕੇ ਵਰਤਣ ਨਹੀਂ ਸਾਂ ਲੱਗ ਪਏ। ਇੱਕ ਸਾਲ ਵਿੱਚ ਲਗਪਗ 400 ਅਰਬ ਏਕੜ ਤੀਬਰ ਜਲ-ਚੱਕਰਾਂ ਰਾਹੀਂ ਕੁੱਲ ਆਲਮ (ਧਰਤੀ, ਸਮੁੰਦਰਾਂ, ਜੰਗਲਾਂ-ਬੇਲਿਆ ਅਤੇ ਪਹਾੜਾਂ) ’ਤੇ ਉੱਗਦਾ-ਵਰਸਦਾ ਹੈ। ਇਸ ਗੇੜ ਵਿੱਚ ਘੁੰਮਦੇ ਕੁੱਲ/ਸਾਲਾਨਾ ਜਲ ਨੂੰ ਜੇਕਰ ਸਮੁੰਦਰਾਂ, ਨਦੀਆਂ-ਦਰਿਆਵਾਂ, ਜਲ-ਕੁੰਡਾਂ ਜਾਂ ਜ਼ਮੀਨ ਵਿੱਚ ਸਮੋਣ ਦੀ ਬਜਾਏ ਸਾਲਮ-ਪੱਧਰੀ ਧਰਤੀ ’ਤੇ ਵਿਛਾ ਦੇਈਏ ਤਾਂ ਸਮੁੱਚੀ ਸਤਾਹ ਉੱਤੇ ਤਿੰਨ-ਤਿੰਨ ਫੁੱਟ ਉੱਚਾਈ ਤੱਕ ਪਾਣੀ ਖੜ੍ਹ ਜਾਵੇਗਾ।
ਫਾਲਤੂ ਜਾਂ ਲੋੜੀਂਦਾ ਵਰਖੇਈ ਜਲ ਸਿਰਫ਼ ਕੁਦਰਤੀ ਜਾਂ ਮਸਨੂਈ ਜਲ-ਕੁੰਡਾਂ ’ਚ ਹੀ ਸਾਂਭਿਆ ਜਾ ਸਕਦਾ ਹੈ। ‘ਫੇਮਨਿ ਇਨਕੁਆਰੀ ਕਮਿਸ਼ਨ’ ਨੇ ਸਾਲ 1944 ਵਿੱਚ ਹੀ ਸਵੇ-ਸਪੱਸ਼ਟ ਕਹਿ ਦਿੱਤਾ ਸੀ, ‘ਆਉਣ ਵਾਲੇ ਸਮੇਂ ਵਿੱਚ ਹੜ੍ਹ-ਸੁਰੱਖਿਆ ਅਤੇ ਜਲ ਸੰਕਟਾਂ ਦੇ ਸਿੱਕੇਬੰਦ ਉਪਾਅ ਹਿੱਤ ਸਿਰਫ਼ ਕੁਦਰਤੀ ਜਲ-ਕੁੰਡ (ਛੰਬ, ਢਾਬਾਂ, ਤਾਲ) ਅਤੇ ਤਾਲਾਬ-ਟੋਭੇ ਤੇ ਕੁਦਰਤੀ ਜਲ-ਵਹਿਣ ਹੀ ਕਾਰਗਰ ਹਨ। ਸਿਰਫ਼ ਇਨ੍ਹਾਂ ਵਿੱਚ ਹੀ ਵਰਖੇਈ ਪਾਣੀ ਧਰਤੀ ’ਚ ਭੇਜਣ ਹਿੱਤ ਜਾਂ ਬਹੁਪੱਖੀ ਕਾਰਜਾਂ ਲਈ ਸਾਂਭਿਆ ਜਾ ਸਕਦਾ ਹੈ।’ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੜ੍ਹਾਂ ਅਤੇ ਜਲ-ਸੰਕਟ ਦਾ ਇਤਿਹਾਸ/ਤੀਖਣ ਦੌਰ ਉਦੋਂ ਹੀ ਸ਼ੁਰੂ ਹੋਇਆ, ਜਦੋਂ ਅਸੀਂ ਕੁਦਰਤੀ ਟੋਏ, ਢਾਬਾਂ ਅਤੇ ਛੰਬ ਫਨਾਹ ਕਰਨੇ ਸ਼ੁਰੂ ਕਰ ਦਿੱਤੇ। ਜਲ-ਵਹਿਣਾਂ ਅਤੇ ਜਲ-ਕੁੰਡਾਂ ਉੱਤੇ ਕਬਜ਼ੇ ਕਰਨ ਲੱਗੇ। ਜੇ ਪਾਣੀ ਰੁਕੇਗਾ ਨਹੀਂ ਤਦ ਵਗੇਗਾ ਹੀ। ਜ਼ਿਆਦਾ ਮਾਤਰਾ ’ਚ, ਬੇ-ਤਰਤੀਬਾ ਅਤੇ ਤੇਜ਼ ਵਗੇਗਾ ਤਾਂ ਜਲ-ਸਲਾਬ ਦਾ ਕਾਰਨ ਵੀ ਬਣੇਗਾ।
ਸਾਡੇ ਵੱਲੋਂ ਰੁੰਡ-ਮਰੁੰਡ ਕਰ ਦਿੱਤੇ ਗਏ ਪਹਾੜਾਂ ਦਾ ਮਲਬਾ ਜਲ-ਵਹਿਣਾ ਨੂੰ ਭਰ/ਉੱਚਾ ਚੁੱਕ ਵਗਦੇ ਪਾਣੀ ਨੂੰ ਜਲ-ਮਾਰਗਾਂ ਤੋਂ ਭਟਕਾ ਕੇ ਹੜ੍ਹਾਂ ਦਾ ਕਾਰਨ ਵੀ ਬਣ ਰਿਹਾ ਹੈ ਅਤੇ ਜਲ-ਸੰਗ੍ਰਹਿਆਂ ਨੂੰ ਭਰ/ਪੂਰ ਕੇ ਜਲ ਗ੍ਰਹਿਣ ਸਮਰੱਥਾ ਵੀ ਘਟਾ ਰਿਹਾ ਹੈ। ਬਨਸਪਤੀ/ਜੰਗਲ ਨਾ ਸਿਰਫ਼ ਵਗਦੇ ਪਾਣੀ ਨੂੰ ਰੋਕ-ਖੜ੍ਹਾ ਕੇ ਜਾਂ ਗਤੀ ਘਟਾ ਕੇ ਭਾਰੀ ਹੜ੍ਹਾਂ ਨੂੰ ਰੋਕਦੇ ਸਨ ਸਗੋਂ ਜੜ੍ਹਾਂ ਰਾਹੀਂ ਧਰਤੀ ’ਚ ਭੇਜ ਕੇ ਭਵਿੱਖ ਲਈ ਸੁਰੱਖਿਅਤ ਵੀ ਕਰ ਦਿੰਦੇ ਹਨ/ਸਨ। ਜੰਗਲਾਂ ਦੀ ਬੇਹੁਰਮਤੀ ਕਾਰਨ ਹੁਣ ਭਾਰਤ ਦੀ 43 ਕਰੋੜ 51 ਲੱਖ ਏਕੜ ਧਰਤੀ ਹੜ੍ਹ-ਮਾਰ ਹੇਠ ਆ ਚੁੱਕੀ ਹੈ। ਇੱਕ ਵਰਗ ਕਿਲੋਮੀਟਰ ਬਹੁ-ਭਾਂਤੀ ਘਣਾ ਜੰਗਲ 50 ਹਜ਼ਾਰ ਘਣ ਮੀਟਰ ਵਰਖੇਈ ਪਾਣੀ ਜੜ੍ਹਾਂ ਰਾਹੀਂ ਧਰਤੀ ’ਚ ਇੰਜੈਕਟ ਕਰ ਦਿੰਦਾ ਹੈ ਅਤੇ ਜੜ੍ਹ-ਜਾਲ ਰਾਹੀਂ ਮਿੱਟੀ ਨੂੰ ਬੰਨ੍ਹ ਕੇ ਰੱਖਦਾ ਹੈ। ਕਰੀਬ ਪੰਜ ਕਰੋੜ ਭੂਮੀ ਦਾ ਇਸ ਲਈ ਨੁਕਸਾਨ ਹੋ ਰਿਹਾ ਹੈ ਕਿ ਜੰਗਲ-ਸਮੱਰਥਾ ਜਾਂ ਜਲ-ਨਿਕਾਸ ਪ੍ਰਬੰਧ ਠੀਕ ਨਹੀਂ।
ਕੁਦਰਤੀ ਸੋਮਿਆਂ ਦੇ ਘਾਣ ਕਾਰਨ ਭਾਰਤ ਦੇ ਖੇਤੀ-ਬਾਗਾਂ ਹੇਠਲੇ ਰਕਬੇ 139 ਦਹਿ ਲੱਖ ਹੈਕਟੇਅਰ ਵਿੱਚੋਂ ਵੀ 21 ਲੱਖ ਹੈਕਟੇਅਰ ਖੇਤਰ ਗੈਰ-ਯੋਜਨਾਬੱਧ ਵਿਕਾਸ, ਮਾਈਨਿੰਗ, ਜੰਗਲ ਵਨਿਾਸ਼ ਕਾਰਨ ਬੁਰੀ ਤਰ੍ਹਾਂ ਭੌਂ-ਖੋਰ, ਢਿੱਗਾਂ ਡਿੱਗਣ ਹੇਠ ਆ ਚੁੱਕਾ ਹੈ। ਇੱਕ ਹੈਕਟੇਅਰ ਨੰਗੇ-ਢਾਲਵੇਂ ਰਕਬੇ ਤੋਂ ਪ੍ਰਤੀ ਸਾਲ 30 ਟਨ ਮਿੱਟੀ ਖੁਰ-ਰੁੜ੍ਹ ਜਾਂਦੀ ਹੈ। ਜਦੋਂ ਪਾਣੀ ਢਲਾਣ ਤੋਂ ਉਤਰਦਾ ਹੈ, ਉੱਥੇ ਜੇ ਧਰਤੀ ਬਨਸਪਤੀ-ਵਿਹੁਣੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ; ਤਦ ਜੇ ਇਸ ਦੀ ਗਤੀ ਮਹਿਜ਼ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ-ਵੱਢ 4 ਗੁਣਾ ਹੋ ਜਾਂਦੀ ਹੈ। ਇਸ ਗਤੀ ’ਤੇ ਮਾਦਾ ਚੁੱਕ-ਖੜ੍ਹਨ ਦੀ ਸਮੱਰਥਾ 32 ਗੁਣਾ ਅਤੇ ਰੋੜ੍ਹ ਸਮਰੱਥਾ 64 ਗੁਣਾ ਹੋ ਜਾਂਦੀ ਹੈ। ਅਰਥਾਤ; ਜੇ ਗਤੀ ਦੁੱਗਣੀ ਤਾਂ ਹੜ੍ਹਾਊ-ਤਾਕਤ ਚੌਂਹਟ ਗੁਣਾ, ਪਰ ਜੇ ਜਲ-ਗਤੀ ਤਿੰਨ ਗੁਣਾ ਹੋਵੇ ਤਾਂ ਰੋਹੜੂ ਸਮੱਰਥਾ 729 ਗੁਣਾ ਹੋ ਜਾਂਦੀ ਹੈ।
ਹਿਲਾ ਦਿੱਤੇ ਗਏ ਪਹਾੜਾਂ ਜਾਂ ਜ਼ਿਆਦਾ ਢਾਲਵੇ ਖਿੱਤੇ ’ਚ ਇਹ ਭਾਣਾ ਹੋਰ ਵੀ ਡਰਾਉਣੇ ਰੂਪ ’ਚ ਵਾਪਰਦਾ ਹੈ। ਸਿੱਟੇ ਵਜੋਂ; ਜਲ-ਵਹਿਣਾਂ, ਦਰਿਆਵਾਂ ਅਤੇ ਸਾਗਰਾਂ-ਸਮੁੰਦਰਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਇਕੱਲੇ ਗੰਗਾ ਖੇਤਰ ਵਿੱਚ ਮਨੁੱਖੀ ਗਲਤੀਆਂ ਕਾਰਨ 4 ਕਰੋੜ 50 ਲੱਖ ਸੈਂਟੀਮੀਟਰ ਮਿੱਟੀ ਆਏ ਸਾਲ ਰੁੜ੍ਹ-ਖੁਰ ਜਾਂਦੀ ਹੈ ਮਨੁੱਖੀ ਗ਼ਲਤੀਆਂ ਕਾਰਨ, ਕਰੀਬ-ਕਰੀਬ ਇਹੀ ਹਾਲ ਹੋਰ ਜਲ-ਖੇਤਰਾਂ ਦਾ ਹੈ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ। ਅਣਸਾਵੇਂ ਵਿਕਾਸ, ਉਚਿੱਤ ਨਿਕਾਸੀ ਪ੍ਰਬੰਧ ਨਾ ਹੋਣ, ਢੁੱਕਵੇਂ ਜਲ-ਪ੍ਰਬੰਧ (ਵਰਖਾਂ ਜਲ ਕਮਾਉਣ/ਗਰਕਾਉਣ) ਦੀਆਂ ਕਾਰਗਰ ਯੋਜਨਾਵਾਂ ਜਾਂ ਅਮਲ ਦੀ ਅਣਹੋਂਦ ਕਾਰਨ ਅਸੀਂ ਹਰ ਸਾਲ ਬਰਸਾਤਾਂ ’ਚ ਰੁੜ੍ਹਦੇ ਹਾਂ ਅਤੇ ਖੁਸ਼ਕ ਮੌਸਮਾਂ ’ਚ ਸੁੱਕਦੇ ਹਾਂ।
ਮੁੱਕਦੀ ਗੱਲ; ਵਿਆਪਕ ਵਰਖਾ ਨੂੰ ਵੀ ਸਾਂਭਣ-ਸਲੂਟਣ, ਕਮਾਉਣ-ਗਰਕਾਉਣ ’ਚ ਸ਼ਾਇਦ ਓਨਾ ਖਰਚ ਨਹੀਂ ਆਵੇਗਾ ਜਿੰਨਾ ਹਰ ਸਾਲ ਪਹਿਲਾਂ ਗੁਆਉਣ ਅਤੇ ਮੁੜ-ਭਰਪਾਈ ਉੱਤੇ ਅਸੀਂ ਖਰਚ ਕਰ ਬੈਠਦੇ ਹਾਂ। ਆਰਥਿਕ ਨੁਕਸਾਨ ਦੀ ਪੂਰਤੀ ਤਾਂ ਹੋ ਜਾਵੇਗੀ, ਪਰ ਮੋਇਆਂ ਨੂੰ ਕੌਣ ਮੋੜ ਲਿਆਵੇਗਾ? ਹੜ੍ਹਾਂ ਤੋਂ ਬਚਣ ਅਤੇ ਵਰਖਾ ਦਾ ਭਰਪੂਰ ਲਾਹਾ ਲੈਣ ਲਈ ਲੰਮੇਰੀਆਂ, ਚਿਰ ਸਥਾਈ, ਕੁਦਰਤ ਮੇਚਵੀਆਂ ਅਤੇ ਸਿਆਣੀਆਂ ਯੋਜਨਾਵਾਂ ਤੇ ਦ੍ਰਿੜ ਇੱਛਾ-ਸ਼ਕਤੀ ਦੀ ਲੋੜ ਹੈ। ਹਾਂ; ਇਹ ਸਿਰਫ਼ ਕੁਦਰਤ ਅਤੇ ਲੋਕ-ਪੱਖੀ ਨਿਜ਼ਾਮ ਵੇਲੇ ਹੀ ਸੰਭਵ ਹੈ।
ਸੰਪਰਕ: 94634 39075

Advertisement

Advertisement
Tags :
ਹੜ੍ਹਕੁਦਰਤੀਨਹੀਂਨਿਰਾਵਰਤਾਰਾ