ਘੱਗਰ ’ਚ ਪਾੜ ਕਾਰਨ ਸਰਦੂਲਗੜ੍ਹ ’ਚ ਹੜ੍ਹ
ਬਲਜੀਤ ਸਿੰਘ
ਸਰਦੂਲਗੜ੍ਹ 18 ਜੁਲਾਈ
ਸਰਦੂਲਗੜ੍ਹ ਨਜ਼ਦੀਕ ਫੂਸ ਮੰਡੀ ਵਿੱਚ ਅੱਜ ਸਵੇਰੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਲੰਬਾ ਪਾੜ ਪੈ ਗਿਆ। ਪਾੜ ਕਰ ਕੇ ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ ਸ਼ਹਿਰ ਲਈ ਵੱਡੀ ਮੁਸ਼ਕਲ ਬਣ ਗਈ ਹੈ। ਰਾਤ ਸਮੇਂ ਪਏ ਇਸ ਪਾੜ ਕਾਰਨ ਘੱਗਰ ਦਾ ਪਾਣੀ ਬਹੁਤ ਤੇਜ਼ੀ ਨਾਲ ਸ਼ਹਿਰ ਵੱਲ ਵਧ ਰਿਹਾ ਹੈ। ਪਾਣੀ ਫੂਸ ਮੰਡੀ ’ਚੋਂ ਹੁੰਦਾ ਹੋਇਆ ਸਾਧੂਵਾਲਾ ਸਰਦੂਲਗੜ੍ਹ ਅਤੇ ਦੂਸਰੇ ਪਿੰਡਾਂ ਤੱਕ ਵੱਡੀ ਮਾਰ ਕਰ ਸਕਦਾ ਹੈ। ਬੇਸ਼ੱਕ ਲੋਕਾਂ ਵੱਲੋਂ ਪਿਛਲੇ ਕਈ ਦਨਿਾਂ ਤੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ ਰਾਤਾਂ ਨੂੰ ਜਾਗ ਕੇ ਨਿਗਰਾਨੀ ਕੀਤੀ ਜਾ ਰਹੀ ਸੀ, ਪਰ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੀ ਪਾੜ ਪੈ ਗਿਆ। ਲੋਕਾਂ ਵੱਲੋਂ ਪ੍ਰਸ਼ਾਸਨ ਤੇ ਫੌਜ ਦੀ ਮਦਦ ਨਾਲ ਬੰਨ੍ਹ ਨੂੰ ਪੂਰਨ ਲਈ ਯਤਨ ਕੀਤੇ ਜਾ ਰਹੇ ਹਨ। ਉਧਰ ਲੋਕਾਂ ਨੇ ਜ਼ਰੂਰੀ ਸਾਮਾਨ ਅਤੇ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਾਧੂਵਾਲਾ ਅਤੇ ਸਰਦੂਲਗੜ੍ਹ ਨੂੰ ਪਾਣੀ ਤੋਂ ਬਚਾਉਣ ਲਈ ਸਾਧੂਵਾਲਾ ਸੜਕ ’ਤੇ ਨਵੇਂ ਸਿਰੇ ਤੋਂ ਬੰਨ੍ਹ ਬਣਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਹੜ੍ਹ ਦਾ ਪਾਣੀ ਬਾਹਮਣ ਵਾਲਾ ਪਹੁੰਚਣ ਨਾਲ ਪੰਜਾਬ ਤੇ ਹਰਿਆਣਾ ਦਾ ਸੰਪਰਕ ਟੁੱਟਿਆ
ਬੋਹਾ (ਨਿਰੰਜਣ ਬੋਹਾ): ਚਾਂਦਪੁਰਾ ਬੰਨ੍ਹ ਟੁੱਟਣ ਨਾਲ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਪਿੰਡਾਂ ਨੂੰ ਮਾਰ ਕਰਦਾ ਪਾਣੀ ਇੱਥੋ ਅੱਠ ਕਿਲੋਮੀਟਰ ਦੂਰ ਹਰਿਆਣਾ ਦੇ ਪਿੰਡ ਬਾਹਮਣ ਵਾਲਾ ਤੱਕ ਪਹੁੰਚ ਗਿਆ ਹੈ। ਹਰਿਆਣਾ ਤੇ ਪੰਜਾਬ ਨੂੰ ਮਿਲਾਉਣ ਵਾਲੀ ਬੁਢਲਾਡਾ-ਰਤੀਆ ਸੜਕ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬਣ ਕਾਰਨ ਪੰਜਾਬ ਹਰਿਆਣਾ ਦਾ ਸੜਕੀ ਆਵਾਜਾਈ ਸੰਪਰਕ ਬਿਲਕੁਲ ਟੁੱਟ ਗਿਆ ਹੈ। ਇਹ ਪਾਣੀ ਹਰਿਆਣਾ ਖੇਤਰ ਦੇ ਪਿੰਡ ਲੁਠੇੜਾ ਤੇ ਰੋਝਾਂਵਾਲੀ ਵਿਚ ਫੈਲਣ ਤੋਂ ਬਾਅਦ ਤੇਜ਼ੀ ਨਾਲ ਬੋਹਾ ਤੇ ਨੇੜਲੇ ਪਿੰਡਾਂ ਵੱਲ ਵਧ ਰਿਹਾ ਹੈ, ਜਿੱਥੇ ਇਨ੍ਹਾਂ ਹੜ੍ਹਾਂ ਕਾਰਨ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਰਤੀਆਂ ਤੋਂ ਚੰਡੀਗੜ੍ਹ, ਲੁਧਿਆਣਾ ਜਾਂ ਅੰਮ੍ਰਿਤਸਰ ਜਾਣ ਵਾਲੀਆ ਬੱਸਾਂ ਬੰਦ ਹੋਣ ਕਾਰਨ ਵੀ ਖੇਤਰ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਚਾਂਦਪੁਰਾ ਬੰਨ੍ਹ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਪਾੜ ਬਹੁਤ ਡੂੰਘਾ ਤੇ ਚੌੜਾ ਹੋਣ ਕਾਰਨ ਅਜੇ ਲੋਕਾਂ ਨੂੰ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ।