ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਨਾਲ ਜ਼ੀਰਕਪੁਰ ਦੇ ਬਲਟਾਣਾ ਤੱਕ ਪਾਣੀ ਦੀ ਮਾਰ; ਕਈ ਇਲਾਕੇ ਪਾਣੀ ਵਿੱਚ ਡੁੱਬੇ
ਆਤਿਸ਼ ਗੁਪਤਾ/ ਹਰਜੀਤ ਸਿੰਘ
ਚੰਡੀਗੜ੍ਹ/ ਜ਼ੀਰਕਪੁਰ, 23 ਅਗਸਤ
ਤਿੰਨ ਦਨਿਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧ ਗਿਆ ਹੈ, ਜਿਸ ਕਰਕੇ ਇੰਜਨੀਅਰਿੰਗ ਵਿਭਾਗ ਨੇ ਸਵੇਰੇ 4 ਵਜੇ ਦੇ ਕਰੀਬ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਦਿੱਤੇ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਖੋਲ੍ਹੇ ਫਲੱਡ ਗੇਟ 10 ਘੰਟੇ ਬਾਅਦ ਬੰਦ ਕਰ ਦਿੱਤੇ ਹਨ। ਇੰਜਨੀਅਰਿੰਗ ਵਿਭਾਗ ਅਨੁਸਾਰ ਸਵੇਰੇ ਸੁਖਨਾ ਝੀਲ ਵਿੱਚ ਪਾਣੀ 1163.5 ਫੁੱਟ ‘ਤੇ ਪਹੁੰਚ ਗਿਆ ਸੀ ਪਰ ਹੁਣ ਪਾਣੀ ਦਾ ਪੱਧਰ 1162 ਫੁੱਟ ਹੈ। ਸੁਖਨਾ ਰੈਗੂਲੇਟਰੀ ਐਂਡ ‘ਤੇ ਬਣੇ ਫਲੱਡ ਗੇਟ ਖੋਲਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਹੇਠਲੇ ਪਿੰਡਾਂ ਵਿੱਚ ਪਾਣੀ ਭਰ ਗਿਆ।
ਸੁਖਨਾ ਝੀਲ ’ਚ ਆਏ ਪਾਣੀ ਉਫਾ ਪ੍ਰਸ਼ਾਸਨ ਵੱਲੋਂ ਫਲੱਡ ਗੇਟ ਖੋਲ੍ਹਣ ਨਾਲ ਜ਼ੀਰਕਪੁਰ ਦਾ ਬਲਟਾਣਾ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਝੀਲ ਤੋਂ ਛੱਡਿਆ ਪਾਣੀ ਬਲਟਾਣਾ ’ਚੋਂ ਲੰਘ ਰਹੇ ਸੁਖਨਾ ਚੋਅ ’ਚ ਭਰ ਗਿਆ ਹੈ। ਇਥੇ ਵਾਧੂ ਪਾਣੀ ਆਉਣ ਕਾਰਨ ਬਲਟਾਣਾ ਦਾ ਸੁਖਨਾ ਚੋਅ ਨਾਲ ਜੁੜਦਾ ਨੀਵੇਂ ਖੇਤਰ ’ਚ ਪਾਣੀ ਵੜ ਗਿਆ। ਇਸ ਦੌਰਾਨ ਬਲਟਾਣਾ ਪੁਲੀਸ ਚੌਂਕੀ, ਮਿਉਂਸਿਪਲ ਪਾਰਕ ਹੋਟਲ ਵੈਲਵਟ ਕਲਾਰਕ ਦੀ ਬੇਸਮੈਂਟ ’ਚ ਪਾਣੀ ਭਰ ਗਿਆ। ਹਾਲੇ ਸੱਤ ਤੋਂ ਅੱਠ ਫੁੱਟ ਪਾਣੀ ਭਰਿਆ ਹੈ ਜੋ ਹੋਟਲ ਚੁਆਇਸ ਰੋਡ ਨੂੰ ਪਾਰ ਨਹੀਂ ਕਰਿਆ। ਉਸ ਦੀ ਮਾਰ ਪਿੱਛਲੇ ਖੇਤਰ ’ਚ ਪਈ ਹੈ, ਜਿਸ ਤੋਂ ਹਾਲੇ ਰਿਹਾਇਸ਼ੀ ਖੇਤਰ ’ਚ ਬਚਾਅ ਹੈ, ਜੇਕਰ ਪਾਣੀ ਵਧਦਾ ਰਿਹਾ ਤਾਂ ਰਿਹਾਇਸ਼ੀ ਖੇਤਰ ’ਚ ਵੀ ਪਾਣੀ ਮਾਰ ਕਰ ਸਕਦਾ ਹੈ। ਦੂਜੇ ਪਾਸੇ ਸੁਖਨਾ ਚੋਅ ਪਾਣੀ ਭਰਨ ਮਗਰੋਂ ਨਗਰ ਕੌਂਸਲ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ। ਲੋਕਾਂ ਚ ਸਹਿਮ ਦਾ ਮਾਹੌਲ ਹੈ।