ਦਿੱਲੀ ਵਿੱਚ ਭਾਰੀ ਮੀਂਹ ਕਾਰਨ ਜਲ-ਥਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਸਤੰਬਰ
ਰਾਜਧਾਨੀ ਦਿੱਲੀ ਵਿੱਚ ਅੱਜ ਕਈ ਥਾਈਂ ਮੀਂਹ ਪਿਆ। ਇਸ ਕਾਰਨ ਸੜਕਾਂ ਅਤੇ ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹ ਗਿਆ। ਦਿੱਲੀ ਟਰੈਫਿਕ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਰੋਹਤਕ ਰੋਡ ’ਤੇ ਨੰਗਲੋਈ ਤੋਂ ਟਿਕਰੀ ਬਾਰਡਰ ਅਤੇ ਇਸ ਸੜਕ ਦੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸੋਮਵਾਰ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਆਈਐੰਮਡੀ ਨੇ ਇਸ ਹਫ਼ਤੇ ਰਾਜਧਾਨੀ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਸੋਮਵਾਰ ਸਵੇਰੇ ਇੰਡੀਆ ਗੇਟ, ਜਨਪਥ ਰੋਡ, ਆਰਕੇ ਪੁਰਮ, ਕਾਲਿੰਦੀਕੁੰਜ ਅਤੇ ਗਾਂਧੀਨਗਰ ਸਣੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਧੌਲਾ ਕੂਆਂ ਵਿੱਚ ਵਾਹਨ ਪਾਣੀ ਵਿੱਚੋਂ ਗੁਜ਼ਰਦੇ ਆਮ ਦੇਖੇ ਗਏ। ਆਈਐੱਮਡੀ ਦੇ ਬੁਲਾਰੇ ਨੇ ਕਿਹਾ ਕਿ ਦਿੱਲੀ, ਐੱਨਸੀਆਰ (ਬਹਾਦੁਰਗੜ੍ਹ, ਗੁਰੂਗ੍ਰਾਮ, ਫਰੀਦਾਬਾਦ, ਮਾਨੇਸਰ) ਫਾਰੂਖਨਗਰ, ਨੂਹ (ਹਰਿਆਣਾ), ਖੈਰਥਲ, ਅਲਵਰ, ਰਾਜਗੜ੍ਹ (ਰਾਜਸਥਾਨ), ਦਿੱਲੀ ਵਿੱਚ ਕਈ ਥਾਵਾਂ ’ਤੇ ਹਲਕੀ ਬਾਰਿਸ਼ ਹੋਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਾਣੀ ਭਰਨ ਅਤੇ ਟੋਇਆਂ ਕਾਰਨ ਕਾਲਿੰਦੀ ਕੁੰਜ ਤੋਂ ਓਖਲਾ ਅਸਟੇਟ ਰੋਡ ਨੂੰ ਜਾਣ ਵਾਲੇ ਰੋਡ ਨੰਬਰ 13 ’ਤੇ ਆਵਾਜਾਈ ਵਿੱਚ ਵਿਘਨ ਪਿਆ।
ਦਿੱਲੀ ਟ੍ਰੈਫਿਕ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਸੜਕ ’ਤੇ ਪਾਣੀ ਭਰਨ ਅਤੇ ਟੋਇਆਂ ਕਾਰਨ ਕਾਲਿੰਦੀ ਕੁੰਜ ਤੋਂ ਓਖਲਾ ਅਸਟੇਟ ਰੋਡ ਵੱਲ ਸੜਕ ਨੰਬਰ 13 ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਦਿੱਲੀ ਟਰੈਫਿਕ ਪੁਲੀਸ ਅਨੁਸਾਰ ਪਾਣੀ ਭਰਨ ਅਤੇ ਟੋਇਆਂ ਕਾਰਨ ਰੋਹਤਕ ਰੋਡ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਨੰਗਲੋਈ ਤੋਂ ਟਿਕਰੀ ਬਾਰਡਰ ਅਤੇ ਰੋਹਤਕ ਰੋਡ ’ਤੇ ਇਸ ਦੇ ਉਲਟ ਰੂਟ ’ਤੇ ਟੋਏ ਅਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਰਪਾ ਕਰਕੇ ਮੁੰਡਕਾ ਸੜਕ ’ਤੇ ਜਾਣ ਤੋਂ ਬਚੋ ਤੇ ਉਸ ਅਨੁਸਾਰ ਬਦਲਵੇਂ ਰਸਤੇ ਅਪਣਾਓ। ਇਸ ਤੋਂ ਪਹਿਲਾਂ 29 ਅਗਸਤ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਕਈ ਥਾਈਂ ਕਈ ਕਈ ਫੁੱਟ ਪਾਣੀ ਭਰ ਗਿਆ ਸੀ ਅਤੇ ਟਰੈਫਿਕ ਜਾਮ ਹੋ ਗਿਆ ਸੀ।
ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੇ ਘੱਟ ਦਬਾਅ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਇਸ ਕਾਰਨ ਲੋਕਾਂ ਨੂੰ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੂੰ ਇਸ ਕਾਰਨ ਪਾਣੀ ਸਟੋਰ ਕਰਨਾ ਵੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਜਲ ਬੋਰਡ ਵੱਲੋਂ ਅੱਜ ਸਵੇਰੇ ਹੀ ਦੱਸ ਦਿੱਤਾ ਗਿਆ ਸੀ ਕਿ ਕਮਲਾ ਮਾਰਕੀਟ ਵਿੱਚ ਪਾਣੀ ਦੇ ਰਿਸਣ ਕਾਰਨ ਦਿੱਲੀ ਦੇ ਕੁੱਝ ਹਿੱਸਿਆਂ ਵਿੱਚ ਸਵੇਰੇ ਬਹੁਤ ਘੱਟ ਦਬਾਅ ਨਾਲ ਪਾਣੀ ਦੀ ਸਪਲਾਈ ਹੋਵੇਗੀ ਜਾਂ ਪਾਣੀ ਨਹੀਂ ਮਿਲੇਗਾ। ਦਿੱਲੀ ਜਲ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਵਜ਼ੀਰਾਬਾਦ ਡਬਲਿਊਟੀਪੀ ਫੇਜ਼-2 ਅਤੇ ਚੰਦਰਵਾਲ ਡਬਲਿਊਟੀਪੀ ਅਸਫ਼ ਅਲੀ ਰੋਡ ਉੱਤੇ ਕਮਲਾ ਮਾਰਕੀਟ ਵਿੱਚ ਪਾਣੀ ਰਿਸਣ ਕਾਰਨ 2 ਸਤੰਬਰ ਨੂੰ ਦੁਪਹਿਰ 12.30 ਵਜੇ ਤੱਕ ਜਲ ਸਪਲਾਈ ਬੰਦ ਕਰ ਦਿੱਤੀ ਗਈ ਹੈ। ਪ੍ਰਭਾਵਿਤ ਖੇਤਰਾਂ ਵਿੱਚ ਕਰੋਲ ਬਾਗ, ਪਟੇਲ ਨਗਰ ਅਤੇ ਸਦਰ ਬਾਜ਼ਾਰ ਦੇ ਕੁਝ ਹਿੱਸੇ, ਰਾਜਿੰਦਰ ਨਗਰ, ਐੱਨਡੀਐੱਮਸੀ, ਅਸ਼ੋਕ ਵਿਹਾਰ, ਛਾਉਣੀ ਖੇਤਰ, ਲਾਰੈਂਸ ਰੋਡ ਅਤੇ ਨਾਲ ਲੱਗਦੇ ਖੇਤਰ ਸ਼ਾਮਲ ਹਨ। ਇਸ ਦੌਰਾਨ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੁਝ ਖੇਤਰਾਂ ਵਿੱਚ 2 ਸਤੰਬਰ ਨੂੰ ਸਵੇਰ ਦੀ ਪਾਣੀ ਦੀ ਸਪਲਾਈ ਦੇ ਸਮੇਂ ਘੱਟ ਦਬਾਅ ’ਤੇ ਪਾਣੀ ਆਵੇਗਾ ਜਾਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਇਸ ਦੌਰਾਨ ਕਈ ਖੇਤਰਾਂ ਵਿੱਚ ਪਾਣੀ ਦੇ ਟੈਂਕਰਾਂ ਦੀ ਪੂਰਤੀ ਵਾਟਰ ਐਮਰਜੈਂਸੀ ਨਾਲ ਸਬੰਧਤ ਜਾਂ ਕੇਂਦਰੀ ਕੰਟਰੋਲ ਰੂਮ ਤੋਂ ਕੀਤੀ ਗਈ। ਇਸ ਦੌਰਾਨ ਸਬੰਧਤ ਖੇਤਰ ਦੇ ਲੋਕਾਂ ਨੂੰ ਪਾਣੀ ਲਈ ਜੂਝਦੇ ਹੋਏ ਦੇਖਿਆ ਗਿਆ। ਲੋਕ ਹੋਰ ਖੇਤਰਾਂ ਵਿੱਚੋਂ ਪਾਣੀ ਲਿਆ ਕੇ ਆਪਣਾ ਡੰਗ ਸਾਰ ਰਹੇ ਸਨ। ਇਸ ਦੌਰਾਨ ਕਈ ਲੋਕਾਂ ਨੇ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੀ ਆਲੋਚਨਾ ਵੀ ਕੀਤੀ।