For the best experience, open
https://m.punjabitribuneonline.com
on your mobile browser.
Advertisement

ਹਲਵਾਰਾ ਹਵਾਈ ਅੱਡੇ ਤੋਂ ਅਕਤੂਬਰ ਤੱਕ ਸ਼ੁਰੂ ਹੋਣਗੀਆਂ ਉਡਾਣਾਂ

07:26 AM Jul 20, 2024 IST
ਹਲਵਾਰਾ ਹਵਾਈ ਅੱਡੇ ਤੋਂ ਅਕਤੂਬਰ ਤੱਕ ਸ਼ੁਰੂ ਹੋਣਗੀਆਂ ਉਡਾਣਾਂ
ਝੱਖੜ ਕਾਰਨ ਨੁਕਸਾਨੇ ਗਏ ਸਜਾਵਟੀ ਪਿੱਲਰ ਦੀ ਮੁਰੰਮਤ ਕਰਦੇ ਹੋਏ ਮੁਲਾਜ਼ਮ।
Advertisement

ਸੰਤੋਖ ਗਿੱਲ/ ਗਗਨਦੀਪ ਅਰੋੜਾ
ਗੁਰੂਸਰ ਸੁਧਾਰ/ ਲੁਧਿਆਣਾ, 19 ਜੁਲਾਈ
ਇੱਥੋਂ ਨੇੜਲੇ ਪਿੰਡ ਐਤੀਆਣਾ ਵਿੱਚ ਨਿਰਮਾਣ ਅਧੀਨ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਉਡਾਣਾਂ ਸ਼ੁਰੂ ਕਰਨ ਦੀ ਸਮਾਂ ਸੀਮਾ ਇੱਕ ਵਾਰ ਮੁੜ ਵਧਾ ਦਿੱਤੀ ਗਈ ਹੈ। ਸਿਵਲ ਟਰਮੀਨਲ ਦੀ ਉਸਾਰੀ ਦੇ ਕੰਮਾਂ ਵਿੱਚ ਲੱਗੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਹਵਾਈ ਅੱਡੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦਾਅਵਾ ਕੀਤਾ ਕਿ ਸਿਵਲ ਟਰਮੀਨਲ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਅਕਤੂਬਰ ਤੱਕ ਹਵਾਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਸਿਵਲ ਟਰਮੀਨਲ ਦੀ ਉਸਾਰੀ ਦਾ ਕੰਮ 2019 ਤੋਂ ਜਾਰੀ ਹੈ ਅਤੇ ਹੁਣ ਤੱਕ ਵੱਖ-ਵੱਖ ਕਾਰਨਾਂ ਕਰ ਕੇ ਕਰੀਬ 15 ਵਾਰ ਇਸ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾ ਵਧਾਈ ਜਾ ਚੁੱਕੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹ ਹੁਣ ਤੱਕ ਕਰੀਬ 10 ਘਰੇਲੂ ਹਵਾਈ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੱਖ-ਵੱਖ ਹਵਾਈ ਕੰਪਨੀਆਂ ਦੇ ਸੀਈਓਜ਼ ਨੇ ਭਰੋਸਾ ਦਿੱਤਾ ਹੈ ਕਿ ਉਹ ਹਵਾਈ ਅੱਡਾ ਬਣਦੇ ਸਾਰ ਹੀ ਉਡਾਣਾਂ ਸ਼ੁਰੂ ਕਰ ਦੇਣਗੇ ਅਤੇ ਇਸ ਦਾ ਸਰਵੇਖਣ ਜਲਦੀ ਕਰਵਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ੁਰੂਆਤੀ ਗੇੜ ’ਚ ਇੱਥੋਂ ਦਿੱਲੀ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਬਾਅਦ ਵਿੱਚ ਦਾਇਰਾ ਵਧਾ ਦਿੱਤਾ ਜਾਵੇਗਾ।
ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਲਈ ਜ਼ਮੀਨ ਖ਼ਰੀਦਣ ਤੋਂ ਲੈ ਕੇ ਟਰਮੀਨਲ ਦੀ ਉਸਾਰੀ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਨੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ 40 ਫੀਸਦ ਖ਼ਰਚਾ ਗਲਾਡਾ ਅਤੇ 60 ਫੀਸਦ ਵਿੱਤ ਕਮਿਸ਼ਨ ਵੱਲੋਂ ਚੁੱਕਿਆ ਗਿਆ ਹੈ। ਹਵਾਈ ਅੱਡੇ ਦਾ ਟਰਮੀਨਲ, ਸਬ-ਸਟੇਸ਼ਨ, ਅੰਦਰੂਨੀ ਸੜਕਾਂ, ਪਾਰਕਿੰਗ, ਜਨਤਕ ਸਹੂਲਤਾਂ ਅਤੇ ਟੈਕਸੀਵੇਅ ਦਾ ਨਿਰਮਾਣ ਲਗਪਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਸਮੇਤ ਭਾਰਤੀ ਹਵਾਈ ਸੈਨਾ ਤੋਂ ਲੋੜੀਂਦੀਆਂ ਸਾਰੀਆਂ ਮਨਜ਼ੂਰੀਆਂ ਹਾਸਲ ਕਰ ਲਈਆਂ ਗਈਆਂ ਹਨ।
ਇੱਥੇ ਦਸਣਾ ਬਣਦਾ ਹੈ ਕਿ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਾਰੀ ਅਧੀਨ ਇਸ ਸਿਵਲ ਟਰਮੀਨਲ ਦੇ ਦੋ ਸਜਾਵਟੀ ਪਿੱਲਰ ਪਿਛਲੇ ਦਿਨੀਂ ਆਏ ਝੱਖੜ ਕਾਰਨ ਟੁੱਟ ਗਏ ਸਨ। ਅੱਜ ਵੀ ਇਨ੍ਹਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

Advertisement
Advertisement
Author Image

joginder kumar

View all posts

Advertisement