ਬਠਿੰਡਾ ਹਵਾਈ ਅੱਡੇ ਤੋਂ ਅਗਲੇ ਮਹੀਨੇ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ
ਪੱਤਰ ਪ੍ਰੇਰਕ
ਬਠਿੰਡਾ, 24 ਅਗਸਤ
ਬਠਿੰਡਾ ਦੇ ਸਿਵਲ ਏਅਰ ਪੋਰਟ ’ਤੇ 3 ਸਾਲ ਦੇ ਵਕਫੇ ਮਗਰੋਂ ਰੌਣਕ ਪਰਤਣ ਦੀ ਆਸ ਬੱਝ ਗਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਹਵਾਈ ਅੱਡੇ ’ਤੇ ਉਡਾਣਾਂ ਲਈ ਅਲਾਇੰਸ ਏਅਰ (ਏਏ) ਤੇ ਬਿੱਗ ਫਲਾਈ ਚਾਰਟਰ ਨੇ ਹਾਮੀ ਭਰ ਦਿੱਤੀ ਹੈ। ਬਿੱਗ ਫਲਾਈ ਚਾਰਟਰ ਏਅਰ ਕੰਪਨੀ ਦੀ ਟੀਮ ਬਠਿੰਡਾ ਏਅਰ ਪੋਰਟ ’ਤੇ ਪੁੱਜ ਗਈ ਹੈ। ਏਅਰ ਕੰਪਨੀ ਦੇ ਅਧਿਕਾਰੀ ਸੌਰਭ ਕੌਸ਼ਿਕ ਨੇ ਦੱਸਿਆ ਸਤੰਬਰ ਮਹੀਨੇ ’ਚ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਤੋਂ ਬਠਿੰਡਾ ਲਈ ਇੱਕ ਵਾਰ 19 ਸੀਟਾਂ ਵਾਲਾ ਜਹਾਜ਼ ਉਡਾਣ ਭਰੇਗਾ, ਜਿਸ ਬਾਰੇ ਸਮਾਂ ਸਾਰਣੀ ਛੇਤੀ ਹੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਹਵਾਈ ਹੱਡੇ ’ਤੇ ਕੰਪਨੀ ਦਾ ਸਟਾਫ ਪੁੱਜ ਗਿਆ ਹੈ ਤੇ ਦਫ਼ਤਰ ਸਥਾਪਤ ਕੀਤਾ ਜਾ ਰਿਹਾ ਹੈ। ਏਅਰ ਅਥਾਰਟੀ ਨਾਲ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਹਵਾਈ ਅੱਡੇ ਲਈ ਅਲਾਇੰਸ ਏਅਰ ਕੰਪਨੀ ਵਲੋਂ ਹਵਾਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। 28 ਨਵੰਬਰ 2020 ਤੋਂ ਇਸ ਕੰਪਨੀ ਨੇ ਦਿੱਲੀ ਰੂਟ ’ਤੇ ਸੇਵਾਵਾਂ ਬੰਦ ਕਰ ਦਿੱਤੀਆਂ। ਇੱਥੇ 21 ਸਤੰਬਰ ਤੋਂ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।