ਚੰਦਰਯਾਨ-3 ਦੀ ਉਡਾਣ
ਚੰਦਰਯਾਨ-3 ਨੇ ਸ੍ਰੀਹਰੀਕੋਟਾ ਤੋਂ ਚੰਦ ਵੱਲ ਯਾਤਰਾ ਸਫਲਤਾ ਨਾਲ ਸ਼ੁਰੂ ਕਰ ਲਈ ਹੈ। ਇਹ ਮਿਸ਼ਨ ਵਿਕਰਮ ਲੈਂਡਰ ਨੂੰ ਚੰਦ ’ਤੇ ਪਹੁੰਚਾਏਗਾ। ਪਿਛਲੀ ਵਾਰ ਇਸ ਮਿਸ਼ਨ ’ਤੇ ਭੇਜਿਆ ਗਿਆ ਚੰਦਰਯਾਨ-2 ਵਿਕਰਮ ਲੈਂਡਰ ਨੂੰ ਚੰਦ ਦੇ ਤਲ/ਸਤ੍ਵਾ ਤਕ ਪਹੁੰਚਾਉਣ ਵਿਚ ਸਫਲ ਨਹੀਂ ਸੀ ਹੋਇਆ। ਇਸ ਦਾ ਕਾਰਨ ਇਹ ਸੀ ਕਿ ਵਿਕਰਮ ਲੈਂਡਰ ਦੀ ਚੰਦ ਦੇ ਤਲ/ਸਤ੍ਵਾ ਤਕ ਪਹੁੰਚਦਿਆਂ ਗਤੀ ਬਹੁਤ ਤੇਜ਼ ਹੋ ਗਈ ਜਿਸ ਕਾਰਨ ਉਹ ਚੰਦ ਦੀ ਉੱਪਰਲੀ ਪਰਤ ਨਾਲ ਟਕਰਾ ਕੇ ਤਬਾਹ ਹੋ ਗਿਆ। ਚੰਦਰਯਾਨ-3 ਦਾ ਮਕਸਦ ਵਿਕਰਮ ਲੈਂਡਰ ਨੂੰ ਬਹੁਤ ਘੱਟ ਗਤੀ ਨਾਲ ਚੰਦ ’ਤੇ ਉਤਾਰਨਾ ਹੈ ਤਾਂ ਜੋ ਸਤ੍ਵਾ ਨਾਲ ਉਸ ਦਾ ਟਕਰਾਅ ਨਾ ਹੋਵੇ। ਵਿਕਰਮ ਲੈਂਡਰ ਦਾ ਨਾਂ ਭਾਰਤ ’ਚ ਪੁਲਾੜ ਖੋਜ ਦੇ ਬਾਨੀ ਵਿਕਰਮ ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਇਹ 23 ਜਾਂ 24 ਅਗਸਤ ਨੂੰ ਚੰਦ ’ਤੇ ਪਹੁੰਚੇਗਾ।
ਇਸ ਯਾਤਰਾ ਦੇ ਕਈ ਪੜਾਅ ਹਨ। ਪਹਿਲੇ ਪੜਾਅ ਵਿਚ ਚੰਦਰਯਾਨ-3 ਧਰਤੀ ਦੇ ਆਲੇ-ਦੁਆਲੇ ਘੁੰਮੇਗਾ ਅਤੇ ਦੂਸਰੇ ਵਿਚ ਉਹ ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਨਿਕਲ ਕੇ ਚੰਦ ਵੱਲ ਯਾਤਰਾ ਕਰੇਗਾ। ਤੀਸਰੇ ਮਹੱਤਵਪੂਰਨ ਪੜਾਅ ਵਿਚ ਚੰਦਰਯਾਨ-3 ਚੰਦਰਮਾ ਦੀ ਗੁਰੂਤਾ ਖਿੱਚ ਵਿਚ ਪ੍ਰਵੇਸ਼ ਕਰ ਕੇ ਉਸ ਦੇ ਆਲੇ-ਦੁਆਲੇ ਚੱਕਰ ਲਾਏਗਾ। ਇਸ ਤੋਂ ਬਾਅਦ ਇਸ ਯਾਤਰਾ ਦਾ ਸਭ ਤੋਂ ਨਾਜ਼ੁਕ ਦੌਰ ਸ਼ੁਰੂ ਹੋਵੇਗਾ। ਚੰਦਰਮਾ ਦੇ ਆਲੇ-ਦੁਆਲੇ ਚੱਕਰ ਲਗਾਉਂਦਾ ਹੋਇਆ ਚੰਦਰਯਾਨ-3 ਚੱਕਰਾਂ ਨੂੰ ਛੋਟੇ ਕਰਦੇ ਹੋਏ ਚੰਦਰਮਾ ਦੇ ਤਲ ਦੇ ਨਜ਼ਦੀਕ ਜਾਵੇਗਾ। ਚੱਕਰ ਲਾਉਣ ਵਾਲੇ ਇਸ ਹਿੱਸੇ ਨੂੰ ਪਰੋਪਲਸ਼ਨ ਮੋਡਿਊਲ ਦਾ ਨਾਂ ਦਿੱਤਾ ਗਿਆ ਹੈ (ਚੰਦਰਯਾਨ-2 ਵਿਚ ਇਸ ਨੂੰ ਔਰਬਿਟਰ ਕਿਹਾ ਗਿਆ ਸੀ)। ਇਕ ਨਿਸ਼ਚਿਤ ਸਮੇਂ ਵਿਕਰਮ ਲੈਂਡਰ ਪਰੋਪਲਸ਼ਨ ਮੋਡਿਊਲ ਤੋਂ ਵੱਖਰਾ ਹੋ ਕੇ ਧੀਮੀ ਗਤੀ ਨਾਲ ਚੰਦ ਦੀ ਸਤ੍ਵਾ ’ਤੇ ਉਤਰਨ ਦੀ ਕਵਾਇਦ ਸ਼ੁਰੂ ਕਰੇਗਾ। ਪਿਛਲੀ ਵਾਰ ਵਿਕਰਮ ਲੈਂਡਰ ਦੇ ਉਤਰਨ ਦਾ ਖੇਤਰ 500 ਮੀਟਰX500 ਮੀਟਰ ਰੱਖਿਆ ਗਿਆ ਸੀ ਜਦੋਂਕਿ ਇਸ ਵਾਰ ਇਹ 4 ਕਿਲੋਮੀਟਰ X 2.5 ਕਿਲੋਮੀਟਰ ਹੈ। ਉਤਰਨ ਸਮੇਂ ਇਸ ਦੀ ਗਤੀ ਧੀਮੀ ਕਰਨ ਲਈ ਕਈ ਸੁਧਾਰ ਕੀਤੇ ਗਏ ਹਨ। ਵਿਕਰਮ ਲੈਂਡਰ ਦੇ ਸਫਲਤਾਪੂਰਬਕ ਉਤਰਨ ’ਤੇ ਚੰਦ ਦੀ ਸਤ੍ਵਾ ’ਤੇ ਰਿੜ੍ਹਨ ਵਾਲਾ ਰੋਵਰ ਖੋਜ ਯੰਤਰ ਲੈਂਡਰ ’ਚੋਂ ਬਾਹਰ ਨਿਕਲ ਕੇ ਖੋਜ ਕਾਰਜ ਸ਼ੁਰੂ ਕਰੇਗਾ।
ਚੰਦਰਮਾ ਉੱਤੇ ਖੋਜ ਯੰਤਰ ਉਤਾਰਨ ਵਾਲਾ ਭਾਰਤ ਚੌਥਾ ਦੇਸ਼ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਇਸ ਵਿਚ ਸਫਲ ਹੋਏ ਹਨ। ਇਜ਼ਰਾਈਲ ਦਾ ਯਤਨ ਸਫਲ ਨਹੀਂ ਸੀ ਹੋਇਆ। ਕਈ ਹੋਰ ਦੇਸ਼ ਜਨਿ੍ਹਾਂ ਵਿਚ ਰੂਸ ਤੇ ਜਾਪਾਨ ਸ਼ਾਮਲ ਹਨ, ਚੰਦਰਮਾ ’ਤੇ ਅਜਿਹੇ ਮਿਸ਼ਨ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਚੰਦ ਦੇ ਦੱਖਣੀ ਹਿੱਸੇ ਵਿਚ ਖੋਜ ਯੰਤਰ ਉਤਾਰਨ ਵਾਲਾ ਪਹਿਲਾ ਦੇਸ਼ ਹੋਵੇਗਾ ਕਿਉਂਕਿ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਨੇ ਆਪਣੇ ਖੋਜ ਯੰਤਰ ਚੰਦ ਦੀ ਮੱਧ ਰੇਖਾ ਦੇ ਨਜ਼ਦੀਕ ਉਤਾਰੇ ਸਨ। ਚੰਦਰਯਾਨ-3 ਭਾਰਤੀ ਪੁਲਾੜ ਖੋਜ ਸੰਸਥਾ (Indian Space Research Organisation-ਇਸਰੋ) ਦੀ ਕਈ ਸਾਲਾਂ ਦੀ ਖੋਜ ਦਾ ਸਿੱਟਾ ਹੈ। 1962 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਵਿਕਰਮ ਸਾਰਾਭਾਈ ਦੇ ਕਹਿਣ ’ਤੇ ਪੁਲਾੜ ਖੋਜ ਲਈ ਭਾਰਤੀ ਕੌਮੀ ਕਮੇਟੀ (Indian National Committee for Space Research) ਦੀ ਸਥਾਪਨਾ ਕੀਤੀ ਸੀ। ਇਸ ਨੇ ਕੇਂਦਰ ਸਰਕਾਰ ਦੇ ਪਰਮਾਣੂ ਵਿਭਾਗ ਦੀ ਨਿਗਰਾਨੀ ਵਿਚ ਕੰਮ ਸ਼ੁਰੂ ਕੀਤਾ। 1969 ਵਿਚ ਇਸਰੋ ਦੀ ਸਥਾਪਨਾ ਹੋਈ ਅਤੇ 1972 ਵਿਚ ਕੇਂਦਰੀ ਪੁਲਾੜ ਵਿਭਾਗ ਕਾਇਮ ਕੀਤਾ ਗਿਆ। ਭਾਰਤ ਨੇ ਪਹਿਲਾ ਸੈਟੇਲਾਈਟ ਆਰੀਆ ਭੱਟ 1975 ਵਿਚ ਦਾਗਿਆ ਅਤੇ ਉਸ ਤੋਂ ਬਾਅਦ ਪੁਲਾੜ ਖੋਜ ਵਿਚ ਵੱਡੀਆਂ ਪੁਲਾਂਘਾਂ ਭਰੀਆਂ। ਇਸਰੋ ਦੇ ਬਣਾਏ ਸੈਟੇਲਾਈਟਾਂ ਨੇ ਮੌਸਮ ਦੀ ਜਾਣਕਾਰੀ, ਧਰਤੀ ਵਿਚ ਧਾਤਾਂ ਦਾ ਪਤਾ ਲਗਾਉਣ ਅਤੇ ਕਈ ਹੋਰ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸਰੋ ਪੁਲਾੜ ਜਹਾਜ਼ ਗਗਨਯਾਨ ਵਿਚ ਇਨਸਾਨ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਤੋਂ ਬਾਅਦ ਪੁਲਾੜ ਵਿਚ ਲਗਾਤਾਰ ਰਹਿਣ ਵਾਲਾ ਸਪੇਸ ਸਟੇਸ਼ਨ ਕਾਇਮ ਕਰੇਗਾ। 2013 ਵਿਚ ਇਸਰੋ ਨੇ ਮੰਗਲ ਗ੍ਰਹਿ ’ਤੇ ਖੋਜ ਮਿਸ਼ਨ ਮੰਗਲਯਾਨ ਭੇਜਿਆ ਸੀ; ਉਸ ਨੇ ਸਤੰਬਰ 2014 ਵਿਚ ਮੰਗਲ ਗ੍ਰਹਿ ਦੇ ਪ੍ਰਭਾਵ ਖੇਤਰ ਵਿਚ ਪ੍ਰਵੇਸ਼ ਕੀਤਾ। 650 ਕਰੋੜ ਦੀ ਲਾਗਤ ਨਾਲ ਬਣੇ ਚੰਦਰਯਾਨ-3 ਨੂੰ ਪੁਲਾੜ ਵਿਚ ਭੇਜ ਕੇ ਭਾਰਤ ਪੁਲਾੜ ਖੋਜ ਯਾਤਰਾ ਦੇ ਅਹਿਮ ਪੜਾਅ ਵਿਚ ਦਾਖਲ ਹੋਇਆ ਹੈ। ਇਹ ਦੇਸ਼ ਦੇ ਵਿਗਿਆਨੀਆਂ ਦੀ ਲਗਾਤਾਰ ਮਿਹਨਤ ਦਾ ਸਿੱਟਾ ਹੈ। ਚੰਦ ਦੀ ਸਤ੍ਵਾ ’ਤੇ ਕੀਤੀ ਜਾਣ ਵਾਲੀ ਖੋਜ ਬ੍ਰਹਿਮੰਡ ਦੇ ਰਹੱਸਾਂ ਨੂੰ ਲੱਭਣ ਵਿਚ ਸਹਾਈ ਹੋਵੇਗੀ।