ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਲੈਸ਼

07:53 AM Aug 25, 2024 IST

ਸਿੱਧੂ ਦਮਦਮੀ

Advertisement

ਡਿਜੀਟਲ ਯੁੱਗ ਤੋਂ ਪਹਿਲਾਂ ਪੱਤਰਕਾਰਾਂ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਾਫ਼ੀ ਦੁਸ਼ਵਾਰੀਆਂ ਭਰਿਆ ਸੀ। ਉਨ੍ਹਾਂ ਵੇਲਿਆਂ ’ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਘਟਨਾ ਬਾਰੇ ਰਿਪੋਰਟਿੰਗ ਦੇ ਹਾਲਾਤ ਅਤੇ ਵੇਰਵਿਆਂ ਨੂੰ ਬਿਆਨਦੀ ਇਹ ਰਚਨਾ ਪਾਠਕਾਂ ਲਈ ਪੇਸ਼ ਹੈ।

1995 ਦੇ ਅਗਸਤ ਦੀ ਇਕੱਤੀ ਤਾਰੀਖ਼ ਦਾ ਸੂਰਜ ਮੇਰੇ ਲਈ ਵੀ ਉਵੇਂ ਹੀ ਰੋਜ਼ਮੱਰ੍ਹਾ ਦੀ ਤਰ੍ਹਾਂ ਚੜ੍ਹਿਆ ਸੀ ਜਿਵੇਂ ਕਿਸੇ ਵੀ ਖ਼ਬਰਨਵੀਸ ਲਈ ਕਿਸੇ ਕੰਮ-ਕਾਜੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਉਦੋਂ ਮੈਂ ਚੰਡੀਗੜ੍ਹ ਵਿੱਚ ਆਲ ਇੰਡੀਆ ਰੇਡੀਓ ਦਾ ਪੰਜਾਬ ਪ੍ਰਤੀਨਿਧ ਸਾਂ। ਉਨ੍ਹੀਂ ਦਿਨੀਂ ਰੇਡੀਓ ਦਾ ਦਿੱਲੀ ਵਾਲਾ ਰਾਸ਼ਟਰੀ ਨਿਊਜ਼ਰੂਮ ਮੈਨੂੰ ਅਕਸਰ ਹੀ ਵੱਡੇ ਤੜਕੇ ਉਠਾ ਦਿੰਦਾ ਸੀ। ਮੰਗ ਇਹ ਹੁੰਦੀ ਸੀ ਕਿ ਸਵੇਰ ਦੇ ਛੇ ਵਜੇ ਦੀਆਂ ਅੰਗਰੇਜ਼ੀ/ਹਿੰਦੀ ਦੀਆਂ ਖ਼ਬਰਾਂ ਦੇ ਬੁਲੇਟਿਨ ਲਈ ਮੈਂ ਕੋਈ ਨਾ ਕੋਈ ਖ਼ਬਰ ਜ਼ਰੂਰ ਭੇਜਾਂ। ਪਤਾ ਨਹੀਂ ਕਿਵੇਂ ਸਵੇਰ ਦੀ ਸ਼ਿਫ਼ਟ ਦੇ ਬਹੁਤੇ ਖ਼ਬਰ ਸੰਪਾਦਕਾਂ ਨੂੰ ਇਹ ਯਕੀਨ ਹੋ ਗਿਆ ਸੀ ਕਿ ਮੇਰੇ ਪੱਤਰਕਾਰੀ ਛਾਬੇ ਵਿੱਚ ਹਮੇਸ਼ਾ ਕੋਈ ਨਾ ਕੋਈ ਖ਼ਬਰ ਭੁੜਕ ਰਹੀ ਹੁੰਦੀ ਹੈ।
ਖ਼ੈਰ, ਉਸ ਦਿਨ ਵੀ ਇਵੇਂ ਹੋਇਆ ਸੀ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਦੋ ਦਿਨ ਪਹਿਲਾਂ ਪਟਿਆਲਾ ਵਿੱਚ ਆਪਣੀ ਜਾਨ ਨੂੰ ਬਣੇ ਖ਼ਤਰੇ ਬਾਰੇ ਸੰਕੇਤਕ ਗੱਲ ਕੀਤੀ ਗਈ ਸੀ ਜਿਸ ਨੂੰ ਆਧਾਰ ਬਣਾ ਕੇ ਦਿੱਲੀ ਦੇ ਇੱਕ ਵੱਡੇ ਅਖ਼ਬਾਰ ਨੇ ਵਿਸਲੇਸ਼ਣੀ ਟਿੱਪਣੀ ਪ੍ਰਕਾਸ਼ਿਤ ਕੀਤੀ ਸੀ। ਆਕਾਸ਼ਵਾਣੀ ਦਾ ਰਾਸ਼ਟਰੀ ਨਿਊਜ਼ਰੂਮ ਮੈਥੋਂ ਮੁੱਖ ਮੰਤਰੀ ਦੇ ਇਸੇ ਕਥਨ ਨੂੰ ਚੂਲ ਬਣਾ ਕੇ ਖ਼ਬਰ ਬਣਾਉਣ ਦੀ ਮੰਗ ਕਰ ਰਿਹਾ ਸੀ । ਖ਼ਬਰ ਦੀ ਅਹਿਮੀਅਤ ਨੂੰ ਭਾਂਪਦਿਆਂ ਮੈਂ ਸੁਝਾਅ ਦਿੱਤਾ ਕਿ ਕਾਹਲੀ ਕਰਨ ਦੀ ਥਾਂ, ਸਬੰਧਿਤ ਸਰੋਤਾਂ ਤੋਂ ਪੁੱਛ-ਪੜਤਾਲ ਕਰ ਕੇ ਰਾਤ ਦੇ ਮੁੱਖ ਰਾਸ਼ਟਰੀ ਬੁਲੇਟਿਨ ਵਾਸਤੇ ਹੀ ਜੇ ਮੈਂ ਇਹ ਖ਼ਬਰ ਭੇਜਾਂ ਤਾਂ ਠੀਕ ਰਹੇਗਾ।

Advertisement


ਉਨ੍ਹੀਂ ਦਿਨੀਂ ਇਹ ਖ਼ਬਰ ਗਰਮ ਸੀ ਕਿ ਪੁਲੀਸ ਮੁਖੀ ਕੇਪੀਐੱਸ ਗਿੱਲ ਤੋਂ ਬੇਅੰਤ ਸਿੰਘ ਨਾਖੁਸ਼ ਸਨ ਤੇ ਉਸ ਨੂੰ ਬਦਲਣ ਲਈ ਕੇਂਦਰ ’ਤੇ ਦਬਾਅ ਪਾ ਰਹੇ ਸਨ। ਪਰ ਖਾੜਕੂਵਾਦ ਨਾਲ ਜੰਗ ਵਿੱਚ ‘ਸੁਪਰ ਕੌਪ’ ਦਾ ਲਕਬ ਹਾਸਲ ਕਰਨ ਕਾਰਨ ਤਦ ਗਿੱਲ ਕੇਂਦਰ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਇਸੇ ਲਈ ਕੇਂਦਰ ਵੱਲੋਂ ਬੇਅੰਤ ਸਿੰਘ ਦੀ ਮੰਗ ਨਜ਼ਰਅੰਦਾਜ਼ ਕੀਤੀ ਜਾ ਰਹੀ ਸੀ। ਉਂਜ ਵੀ ਲੰਬੇ ਗਵਰਨਰੀ ਰਾਜ ਵਿੱਚ ਬੇਲਗਾਮ ਸ਼ਕਤੀਆਂ ਵਰਤਣ ਕਾਰਨ ਗਿੱਲ ਲਈ ਮੁੱਖ ਮੰਤਰੀ ਨੂੰ ਬੌਸ ਮੰਨਣਾ ਮੁਸ਼ਕਲ ਹੋ ਰਿਹਾ ਸੀ। ਅੰਦਰਖਾਤੇ ਉਸ ਦਾ ਇਹੀ ਵਰਤਾਰਾ ਬੇਅੰਤ ਸਿੰਘ ਨੂੰ ਚਿੜਾਉਂਦਾ ਸੀ। ਖ਼ੈਰ, ਜਿਵੇਂ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬ ਦੀਆਂ ਖ਼ਬਰਾਂ ਦੇਣ ਵਾਲੇ ਚੰਡੀਗੜ੍ਹ ਦੇ ਪੱਤਰਕਾਰਾਂ ਦੀ ਰੁਟੀਨ ਸੀ, ਉਸੇ ਮੁਤਾਬਿਕ ਮੈਂ ਉਸ ਦਿਨ ਗਿਆਰਾਂ ਕੁ ਵਜੇ ਦੇ ਕਰੀਬ ਪੰਜਾਬ ਦੇ ਸਿਵਲ ਸਕੱਤਰੇਤ ਨੂੰ ਕਾਰ ਵਿੱਚ ਚੱਲ ਪਿਆ। ਰਾਹ ਵਿੱਚੋਂ ਸੈਕਟਰ ਤੇਈ ’ਚੋਂ ਇੱਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਸੰਜੀਵ ਗੌੜ ਨੂੰ ਮੈਂ ਨਾਲ ਲੈਣਾ ਸੀ। ਉਨ੍ਹੀਂ ਦਿਨੀਂ ਉਸ ਦਾ ਸਕੱਤਰੇਤ ਨੂੰ ਜਾਣਾ-ਆਉਣਾ ਜ਼ਿਆਦਾਤਰ ਮੇਰੇ ਨਾਲ ਹੀ ਹੋਇਆ ਕਰਦਾ ਸੀ। ਰਾਹ ਵਿੱਚ ਸੰਜੀਵ ਨੇ ਦੱਸਿਆ ਕਿ ਉਸ ਦਿਨ ਦੁਪਹਿਰ ਪਿੱਛੋਂ ਬੇਅੰਤ ਸਿੰਘ ਨਾਲ ਉਸ ਦੀ ਇੰਟਰਵਿਊ ਨਿਸ਼ਚਿਤ ਹੋਈ ਸੀ। ਮੀਡੀਆ ਨਾਲ ਬੇਅੰਤ ਸਿੰਘ ਦੀ ਲਿਹਾਜ਼ਦਾਰੀ ਦਾ ਆਲਮ ਇਹ ਸੀ ਕਿ ਅਤਿ ਦੀ ਸਖ਼ਤ ਸੁਰੱਖਿਆ ਤੇ ਖਾੜਕੂਆਂ ਦੀਆਂ ਧਮਕੀਆਂ ਦੇ ਬਾਵਜੂਦ ਉਸ ਦੇ ਦਰਵਾਜ਼ੇ ਹਰ ਪੱਤਰਕਾਰ ਲਈ ਖੁੱਲ੍ਹੇ ਰਹਿੰਦੇ ਸਨ। ਉਨ੍ਹੀਂ ਦਿਨੀਂ ਸਕੱਤਰੇਤ ਦਾ ਪ੍ਰੈੱਸ ਰੂਮ ਤੇ ਮੀਡੀਆ ਐਡਵਾਈਜ਼ਰ ਦਾ ਦਫ਼ਤਰ ਪਹਿਲੀ ਮੰਜ਼ਿਲ ’ਤੇ ਮੁੱਖ ਮੰਤਰੀ ਦੇ ਦਫ਼ਤਰ ਵਾਲੇ ਵਿੰਗ ਵਿੱਚ ਹੀ ਹੋਇਆ ਕਰਦੇ ਸਨ, ਇਸ ਲਈ ਮੁੱਖ ਮੰਤਰੀ ਨਾਲ ਨਿੱਕੀ-ਮੋਟੀ ਗੱਲਬਾਤ ਦਾ ਦਾਅ ਲਾ ਕੇ ਖ਼ਬਰ ਬਣਾਉਣ ਦੇ ਲਾਲਚ ’ਚ ਪੱਤਰਕਾਰ ਜਾਂ ਤਾਂ ਪ੍ਰੈੱਸ ਰੂਮ ’ਚ ਬੈਠੇ ਰਹਿੰਦੇ ਜਾਂ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਜਰਨੈਲ ਸਿੰਘ ਦੇ ਸੋਫ਼ੇ ਤੋੜਦੇ ਰਹਿੰਦੇ। ਜਿਉਂ ਹੀ ਕਿਸੇ ਸਰੋਤ ਤੋਂ ਮੁੱਖ ਮੰਤਰੀ ਦੇ ਦਫਤਰ ਵਿੱਚ ਬੈਠੇ ਹੋਣ ਦੀ ਸੂਹ ਮਿਲਦੀ ਤਾਂ ਉਹ ਲਾਮਡੋਰੀ ਬਣਾ ਕੇ ਅੰਦਰ ਜਾ ਹਾਜ਼ਰ ਹੁੰਦੇ। ਬੇਅੰਤ ਸਿੰਘ ਆਪਣੇ ਖ਼ਾਸ ਅੰਦਾਜ਼ ਵਿੱਚ ਪੱਗ ਦੇ ਹੇਠਲੇ ਪੇਚਾਂ ਦੀਆਂ ਕੰਨੀਆਂ ਖਿੱਚਦੇ ‘ਆਓ ਜੀ ... ਆਓ ਜੀ’ ਕਹਿੰਦੇ ਤੇ ਇੱਕ-ਇੱਕ ਦਾ ਨਾਂਅ ਲੈ ਕੇ ‘ਹੋਰ ਫਿਰ... ਹੋਰ ਫਿਰ’ ਕਹਿਣ ਲੱਗਦੇ। ਉਸ ਦਿਨ ਵੀ ਇਵੇਂ ਹੀ ਹੋਇਆ ਸੀ। ਉਸ ਦਿਨ ਜਦੋਂ ਮੁੱਖ ਮੰਤਰੀ ਦੇ ਦਫਤਰ ਵਿੱਚ ਬੈਠੇ ਹੋਣ ਦਾ ਪਤਾ ਲੱਗਿਆ ਤਾਂ ਅਸੀਂ ਕੁਝ ਪੱਤਰਕਾਰ ਝੱਟ ਉਨ੍ਹਾਂ ਕੋਲ ਜਾ ਧਮਕੇ। ਉਹ ਬੜੇ ਖ਼ੁਸ਼ ਮੂਡ ਵਿੱਚ ਸਨ। ਚਾਹ ਪਾਣੀ ਦੇ ਦੌਰ ਨਾਲ ਏਧਰ ਓਧਰ ਦੀਆਂ ਗੱਲਾਂ ਚੱਲਦੀਆਂ ਰਹੀਆਂ ਪਰ ਉਨ੍ਹਾਂ ਵਿੱਚੋਂ ਕੋਈ ਵੀ ਖ਼ਬਰ ਬਣਨ ਦੇ ਯੋਗ ਨਹੀਂ ਸੀ। ਅੰਤ ਸਾਡੀ ਟੋਲੀ ਬੇਅੰਤ ਸਿੰਘ ਦਾ ਸ਼ੁਕਰੀਆ ਅਦਾ ਕਰ ਕੇ ਖਾਲੀ ਹੱਥੀਂ ਉੱਠ ਆਈ।

ਚੰਡੀਗੜ੍ਹ ’ਚ ਸਕੱਤਰੇਤ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਮਗਰੋਂ ਘਟਨਾ ਸਥਾਨ ਦੀਆਂ ਤਸਵੀਰਾਂ।

ਬਾਕੀ ਦਾ ਦਿਨ ਸਕੱਤਰੇਤ ’ਚ ਬੈਠੇ ਹੋਰ ਵਜ਼ੀਰਾਂ ਤੇ ਅਹਿਲਕਾਰਾਂ ਕੋਲੋਂ ਖ਼ਬਰਾਂ ਸੁੰਘਣ ’ਚ ਨਿਕਲ ਗਿਆ। ਸ਼ਾਮ ਦੇ ਚਾਰ ਕੁ ਵਜੇ ‘ਸਟੇਟਸਮੈਨ’ ਦਾ ਪੱਤਰਕਾਰ ਸੰਜੀਵ ਗੌੜ ਬੇਅੰਤ ਸਿੰਘ ਨਾਲ ਪੂਰਵ ਮਿਥੀ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਦੇ ਦਫਤਰ ਅੰਦਰ ਚਲਿਆ ਗਿਆ ਅਤੇ ਮੈਂ ਮੀਡੀਆ ਸਲਾਹਕਾਰ ਦੇ ਕਮਰੇ ਵਿੱਚ ਬੈਠਾ ਮੁੱਖ ਮੰਤਰੀ ਦੇ ਦਫਤਰੋਂ ਸੰਜੀਵ ਦੇ ਮੁੜਨ ਦੀ ਉਡੀਕ ਕਰਨ ਲੱਗਿਆ। ਅਸਲ ਵਿੱਚ ਜਦੋਂ ਆਕਾਸ਼ਵਾਣੀ ਨੇ ਮੈਨੂੰ ਆਪਣੇ ਪੰਜਾਬ ਸੰਵਾਦਦਾਤਾ ਦੀ ਜ਼ਿੰਮੇਵਾਰੀ ਸੌਂਪੀ ਤਦ ਬੇਅੰਤ ਸਿੰਘ ਪੰਜਾਬ ਸੂਬੇ ਦਾ ਮੁੱਖ ਮੰਤਰੀ ਸੀ। ਪਿੰਡ ਦੀ ਸੱਥ ਤੋਂ ਤੁਰ ਕੇ ਏਸ ਅਹੁਦੇ ਤੱਕ ਪਹੁੰਚੇ ਇਸ ਮੁੱਖ ਮੰਤਰੀ ਦੀ ਖ਼ਾਸੀਅਤ ਇਹ ਸੀ ਕਿ ਉਹ ਸਵੇਰੇ ਛੇ ਵਜੇ ਹੀ ਤਿਆਰ ਹੋ, ਸਫੇਦ ਢਾਠੀ ਬੰਨ੍ਹ ਕੇ ਆਪਣੀ ਰਿਹਾਇਸ਼ ਅੰਦਰਲੇ ਦਫ਼ਤਰ ਵਿੱਚ ਆ ਬੈਠਦਾ ਤੇ ਰਾਤ ਨੂੰ ਸੌਣ ਜਾਣ ਤੋਂ ਪਹਿਲਾਂ ਇਹ ਜ਼ਰੂਰ ਪੁੱਛਦਾ ਸੀ ਕਿ ਕੋਈ ਮਿਲਣ ਵਾਲਾ ਰਹਿ ਤਾਂ ਨਹੀਂ ਗਿਆ।
ਬੇਅੰਤ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਅਜਿਹੇ ਇੱਕ ਸਾਝਰੇ ਹੀ ਹੋਈ ਸੀ। ਆਕਾਸ਼ਵਾਣੀ ਨੂੰ ਪੰਜਾਬ ਵਿੱਚ ਪਿਛਲੀ ਰਾਤ ਵਾਪਰੀ ਕਿਸੇ ਅਹਿਮ ਖਾੜਕੂ ਘਟਨਾ ਬਾਰੇ ਸਵੇਰ ਦੀਆਂ ਖ਼ਬਰਾਂ ਲਈ ਉਸ ਦੀ ਟਿੱਪਣੀ ਲੋੜੀਂਦੀ ਸੀ। ਇਤਫ਼ਾਕਨ, ਉਸ ਸਵੇਰ ਉਸ ਨੂੰ ਮਿਲਣ ਵਾਲਾ ਪਹਿਲਾ ਪੱਤਰਕਾਰ/ਵਿਅਕਤੀ ਵੀ ਮੈਂ ਹੀ ਸਾਂ। ਲੋੜੀਂਦੀ ਜਾਣਕਾਰੀ ਲੈਣ ਪਿੱਛੋਂ ਜਦੋਂ ਮੈਂ ‘ਅੱਛਾ ਜੀ, ਸ਼ੁਕਰੀਆ’ ਕਹਿ ਕੇ ਉੱਠਣਾ ਚਾਹਿਆ ਤਾਂ ਮੁੱਖ ਮੰਤਰੀ ਨੇ ਹੋਰ ਬੈਠਣ ਲਈ ਜ਼ੋਰ ਪਾਇਆ ਤੇ ਕਿਹਾ, ‘‘ਖ਼ਬਰਾਂ ਦੀਆਂ ਗੱਲਾਂ ਹੋ ਗਈਆਂ, ਹੋਰ ਸੁਣਾਓ ਫਿਰ?’’ ਇਹ ਸੋਚਦਿਆਂ ਕਿ ਸ਼ਾਇਦ ਮੇਰੀ ਪਹਿਲੀ ਮੁਲਾਕਾਤ ਹੋਣ ਕਾਰਨ ਮੁੱਖ ਮੰਤਰੀ ਸ਼ਿਸ਼ਟਾਚਾਰ ਨਾਤੇ ਮੇਰੀ ਪਰਿਵਾਰਕ ਸੁਖ-ਸਾਂਦ ਪੁੱਛ ਰਹੇ ਨੇ, ਮੈਂ ਸੁਭਾਵਕ ਹੀ ਕਹਿ ਦਿੱਤਾ, ‘‘ਬਸ, ਠੀਕ ਹੈ ਜੀ।’’ ਪਰ ਕੌਫੀ ਦੀਆਂ ਘੁੱਟਾਂ ਭਰਦਿਆਂ, ਕੁਝ ਚਿਰ ਮੇਰੇ ਚਿਹਰੇ ਵੱਲ ਇੱਕ-ਟੱਕ ਦੇਖਦਿਆਂ ਬੇਅੰਤ ਸਿੰਘ ਨੇ ਫਿਰ ਦੁਹਰਾਇਆ, ‘‘ਹੋਰ ਫਿਰ?’’ ‘‘ਹੋਰ ਵੀ ਠੀਕ ਹੈ,’’ ਕਹਿੰਦਿਆਂ ਮੈਂ ਉੱਠ ਖੜ੍ਹਾ ਹੋਇਆ। ਬਾਹਰ ਆਇਆ ਤਾਂ ਮੁਲਾਕਾਤ ਕਰਵਾਉਣ ਵਾਲਾ ਮੁੱਖ ਮੰਤਰੀ ਦਾ ਮੀਡੀਆ ਮੈਨੇਜਰ ਬੋਲਿਆ, ‘‘ਇੰਨੀ ਜਲਦੀ?’’ ਮੈਂ ਕਿਹਾ, ‘‘ਬਸ ਖ਼ਬਰ ਦੀ ਗੱਲ ਇੰਨੀ ਕੁ ਹੀ ਸੀ!’’
ਮੈਨੇਜਰ ਨੇ ਪੁੱਛਿਆ, ‘‘ਖ਼ਬਰ ਤੋਂ ਬਿਨਾਂ ਸਰਦਾਰ ਜੀ ਨੇ ਹੋਰ ਕੁਝ ਨਹੀਂ ਪੁੱਛਿਆ ਦੱਸਿਆ?’’ ਮੈਂ ਕਿਹਾ, ‘‘ਬਸ, ਉਨ੍ਹਾਂ ਨੇ ਇੱਕ ਦੋ ਵਾਰ ‘ਹੋਰ ਫਿਰ-ਹੋਰ ਫਿਰ’ ਜ਼ਰੂਰ ਕਿਹਾ ਸੀ ਜਿਸ ਦੇ ਉੱਤਰ ਵਿੱਚ ਮੈਂ ਕਹਿ ਦਿੱਤਾ, ਹੋਰ ਵੀ ਠੀਕ ਹੈ।’’ ਸ਼ਾਇਦ ਮੀਡੀਆ ਮੈਨੇਜਰ ਨੂੰ ਮੇਰੇ ‘ਅਨੋਭੜਪੁਣੇ’ ’ਤੇ ਤਰਸ ਆ ਗਿਆ ਸੀ ਕਿ ਉਸ ਨੇ ‘ਹੋਰ ਫਿਰ’ ਦੇ ਗੁੱਝੇ ਅਰਥ ਮੈਨੂੰ ਦੱਸਣੇ ਜ਼ਰੂਰੀ ਸਮਝੇ। ਉਸ ਅਨੁਸਾਰ ਇੱਕ ਸਿਆਸੀ ਪੱਤਰਕਾਰ ਬਣਨ ਲਈ ਇਹ ਨਾ ਕੇਵਲ ਸਮਝਣੇ ਹੀ ਜ਼ਰੂਰੀ ਸਨ ਸਗੋਂ ਕਮਾਉਣੇ ਵੀ ਲਾਜ਼ਮੀ ਸਨ। ਮਸਲਨ ਬੇਅੰਤ ਸਿੰਘ ਦੀ ਉਸ ਦਿਨ ਦੀ ‘ਹੋਰ ਫਿਰ’ ਦੇ ਉੱਤਰ ਵਿੱਚ ਮੈਨੂੰ ਉਸ ਨੂੰ ਦੱਸਣਾ ਬਣਦਾ ਸੀ ਕਿ ਉਸ ਦੀ ਕੈਬਨਿਟ ਵਿੱਚ ਬੈਠਾ ‘ਸਰਾਵਾਂ ਵਾਲਾ ਕਾਕਾ’ ਕਿਹੜੇ ਦਾਅ ’ਤੇ ਸੀ/ ਉਸ ਦੀ ਕੁਰਸੀ ਹਥਿਆਉਣ ਦੀ ਖ਼ਾਹਿਸ਼ ਪਾਲੀ ਬੈਠੀ ਮੰਤਰੀ ਸਾਹਿਬਾਂ ਕਿਹੜੀਆਂ ਗੋਂਦਾਂ ਗੁੰਦ ਰਹੀ ਸੀ ਆਦਿ। ਜਾਣੀ ਕਿ ਮੈਂ ਮੁੱਖ ਮੰਤਰੀ ਨੂੰ ਉਸ ਦੇ ਵਿਰੋਧੀਆਂ ਬਾਰੇ ਸੀਆਈਡੀ ਦਿੰਦਾ। ਜੁਆਬ ਵਿੱਚ ਮੁਸਕਰਾ ਕੇ ਮੈਂ ਮੀਡੀਆ ਮੈਨੇਜਰ ਦਾ ਹੱਥ ਘੁੱਟਿਆ ਤੇ ਤੁਰਦਾ ਹੋਇਆ ਬਾਹਰ ਨਿਕਲ ਆਇਆ।
ਬੇਅੰਤ ਸਿੰਘ ਨਾਲ ਮੁਲਾਕਾਤ ਕਰਕੇ ਕਰੀਬ ਪੌਣੇ ਕੁ ਪੰਜ ਵਜੇ ਸੰਜੀਵ ਗੌੜ ਵਾਪਸ ਆਇਆ ਤੇ ਅਸੀਂ ਦੋਵੇਂ ਮੇਰੀ ਕਾਰ ਵਿੱਚ ਸਕੱਤਰੇਤ ਤੋਂ ਸ਼ਹਿਰ ਨੂੰ ਵਾਪਸ ਤੁਰ ਪਏ। ਰਸਤੇ ਵਿੱਚ ਲਾਜਪਤ ਰਾਏ ਭਵਨ ’ਚ ਸੰਜੀਵ ਨੂੰ ਉਤਾਰ ਕੇ ਮੈਂ ਚੌਂਤੀ ਸੈਕਟਰ ਵਿੱਚ ਸਥਿਤ ਰੇਡੀਓ ਸਟੇਸ਼ਨ ਦੇ ਨਿਊਜ਼ਰੂਮ ’ਚ ਪਹੁੰਚਿਆ ਹੀ ਸੀ ਕਿ ਫੋਨ ਵੱਜਿਆ ਤੇ ਕੋਈ ਪੁੱਛ ਰਿਹਾ ਸੀ ਕਿ ਕੀ ਸਿਵਲ ਸਕੱਤਰੇਤ ਵਿੱਚ ਬੰਬ ਚੱਲ ਗਿਐ? ਏਨੇ ਨੂੰ ਮੇਰੇ ਇੱਕ ਸਹਿਕਰਮੀ ਨੇ ਟੈਲੀਪ੍ਰਿੰਟਰ ਤੋਂ ਖ਼ਬਰ ਏਜੰਸੀ ਪੀਟੀਆਈ ਦੀ ਇੱਕ-ਸਤਰੀ ਖ਼ਬਰ (ਫਲੈਸ਼) ਪਾੜ ਕੇ ਲਿਆਂਦੀ ਜੋ ਕਹਿ ਰਹੀ ਸੀ ਕਿ ‘ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਹਮਲੇ ਵਿੱਚ ਬੇਅੰਤ ਸਿੰਘ ਵਾਲ ਵਾਲ ਬਚ ਗਏ ਸਨ।’ ਏਨਾ ਸੁਣਦਿਆਂ ਹੀ ਮੈਂ ਖ਼ਬਰ ਦੀ ਪਕੜ ਵਿੱਚ ਇਸ ਤਰ੍ਹਾਂ ਆ ਗਿਆ ਕਿ ਕੁਝ ਪਲਾਂ ਪਿੱਛੋਂ ਬਿਨਾਂ ਕੁਝ ਹੋਰ ਸੋਚੇ ਮੇਰੀ ਕਾਰ ਸਕੱਤਰੇਤ ਵੱਲ ਨੂੰ ਤੇਜ਼ੀ ਨਾਲ ਜਨ ਮਾਰਗ ’ਤੇ ਦੌੜਨ ਲੱਗੀ। ਸਕੱਤਰੇਤ ਦੇ ਜਨਰਲ ਗੇਟ ਦੇ ਸਾਹਵੇਂ ਜਿੱਥੋਂ ਦੀ ਅਫ਼ਸਰ ਤੇ ਪੱਤਰਕਾਰ ਸਕੱਤਰੇਤ ਵਿੱਚ ਦਾਖ਼ਲ ਹੁੰਦੇ ਸਨ, ਕੁਝ ਲੋਕ ਖੜ੍ਹੇ ਸਨ। ਉਨ੍ਹਾਂ ਵਿੱਚੋਂ ਕੁਝ ਸਕੱਤਰੇਤ ਦੇ ਪੋਰਚ ਵਾਲੇ ਵੀਵੀਆਈਪੀ ਗੇਟ- ਜਿੱਥੋਂ ਦੀ ਸਕੱਤਰੇਤ ’ਚ ਮੁੱਖ ਮੰਤਰੀ ਤੇ ਮੰਤਰੀਆਂ ਦਾ ਦਾਖਲਾ ਹੁੰਦਾ ਸੀ, ਵੱਲ ਇਸ਼ਾਰੇ ਕਰ ਕੇ ਗੱਲਾਂ ਕਰ ਰਹੇ ਸਨ। ਕੋਈ ਟਾਵਾਂ ਟਾਵਾਂ ਹੋਰ ਵੀ ਏਧਰ-ਓਧਰ ਨਜ਼ਰ ਆ ਰਿਹਾ ਸੀ, ਪਰ ਉਂਜ ਭਰੇ-ਭੁਕੰਨੇ ਰਹਿਣ ਵਾਲੇ ਸਕੱਤਰੇਤ ਦੇ ਵਿਹੜੇ ਵਿੱਚ ਛੀੜਾਂ ਪੈ ਚੁੱਕੀਆਂ ਸਨ। ਹਵਾ ਵਿੱਚ ਬਾਰੂਦ ਦੀ ਦੁਰਗੰਧ ਹਾਲੀ ਲਟਕੀ ਹੋਈ ਸੀ। ਕੁਝ ਚਿਰ ਪਹਿਲਾਂ ਹੀ ਅੱਗ ਬੁਝਾਊ ਗੱਡੀਆਂ ਦੁਆਰਾ ਕੀਤੀ ਗਈ ਕਾਰਵਾਈ ਕਾਰਨ ਚਾਰ-ਚੁਫ਼ੇਰੇ ਪਾਣੀ ਦਾ ਤਾਜ਼ਾ ਤਾਜ਼ਾ ਛਿੜਕਾਅ ਹੋਇਆ ਸੀ।
ਕਾਰ ਪਾਰਕ ਕਰ ਕੇ ਮੈਂ ਘਟਨਾ ਵਾਲੀ ਥਾਂ ਵੱਲ ਵਧਿਆ। ਪੈਰਾ ਮਿਲਟਰੀ ਫੋਰਸ ਦੇ ਕੁਝ ਜੁਆਨ ਪੋਰਚ ਦੇ ਆਲੇ-ਦੁਆਲੇ ਇੱਕ ਮੋਕਲਾ ਜਿਹਾ ਘੇਰਾ ਬਣਾਈ ਖੜ੍ਹੇ ਸਨ ਪਰ ਉਨ੍ਹਾਂ ’ਚੋਂ ਕਿਸੇ ਨੇ ਵੀ ਮੈਨੂੰ ਅੱਗੇ ਵਧਣੋਂ ਨਹੀਂ ਰੋਕਿਆ/ਟੋਕਿਆ। ਜਿਵੇਂ ਉਨ੍ਹਾਂ ਦੇ ਔਸਾਨ ਹੀ ਮਾਰੇ ਗਏ ਹੋਣ, ਇੱਥੋਂ ਤੱਕ ਕਿ ਮੈਂ ਪੋਰਚ ਵਿੱਚ ਬੰਬ ਨਾਲ ਤੁੱਥ-ਮੁੱਥ ਹੋਈ ਪਈ ਮੁੱਖ ਮੰਤਰੀ ਦੀ ਕਾਰ ਦੇ ਕਾਫ਼ੀ ਨੇੜੇ ਪਹੁੰਚ ਗਿਆ। ਭਿਆਨਕ ਦ੍ਰਿਸ਼ ਸੀ। ਚਾਰ-ਚੁਫ਼ੇਰੇ ਮਨੁੱਖੀ ਅੰਗ ਤੇ ਮਾਸ ਦੇ ਲੋਥੜੇ ਖਿੰਡੇ ਪਏ ਸਨ। ਏਨੇ ਨੂੰ ਖ਼ਬਰ ਏਜੰਸੀ ਯੂਐੱਨਆਈ ਦੇ ਚੰਡੀਗੜ੍ਹ ਬਿਊਰੋ ਦਾ ਮੁਖੀ ਮਦਨ ਲਾਲ ਸ਼ਰਮਾ ਵੀ ਨੋਟ-ਬੁੱਕ ਤੇ ਪੈੱਨ ਲਈ ਘਟਨਾ ਵਾਲੇ ਸਥਾਨ ’ਤੇ ਪਹੁੰਚ ਗਿਆ। ਤਦ ਤੱਕ ਏਨਾ ਜ਼ਰੂਰ ਪਤਾ ਲੱਗ ਗਿਆ ਸੀ ਕਿ ਬਲਾਸਟ ਵਾਲੀ ਥਾਂ ’ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਅਧਿਕਾਰੀ ਪੁਲੀਸ ਮੁਖੀ ਕੇਪੀਐੱਸ ਗਿੱਲ ਸੀ। ਮੈਂ ਅਤੇ ਸ਼ਰਮਾ ਮੌਕੇ ’ਤੇ ਖੜ੍ਹੇ ਸਿਪਾਹੀਆਂ ਤੇ ਹੋਰਨਾਂ ਤੋਂ ਪੁੱਛਣ ਲੱਗੇ ਕਿ ਮੁੱਖ ਮੰਤਰੀ ਦਾ ਕੀ ਬਣਿਆ। ਪਰ ਹਾਦਸੇ ਦੀ ਦਹਿਸ਼ਤ ਕਾਰਨ ਕੋਈ ਵੀ ਇਸ ਬਾਰੇ ਸਾਫ਼ ਨਹੀਂ ਬੋਲ ਰਿਹਾ ਸੀ। ਕੁਝ ਕਹਿ ਰਹੇ ਸਨ ਕਿ ਬਲਾਸਟ ਸਮੇਂ ਮੁੱਖ ਮੰਤਰੀ ਕਾਰ ਵਿੱਚ ਹੈ ਹੀ ਨਹੀਂ ਸੀ। ਕੁਝ ਹੋਰਨਾਂ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਇਸ ਧਮਾਕੇ ’ਚ ਮਾਰੇ ਗਏ। ਮੇਰੇ ਦਿਮਾਗ਼ ਵਿੱਚ ਪੀਟੀਆਈ ਦੀ ਇੱਕ ਸਤਰੀ ਖ਼ਬਰ ਵੀ ਭੰਬਲਭੂਸਾ ਪਾ ਰਹੀ ਸੀ ਕਿ ‘ਬੰਬ ਹਮਲੇ ਵਿੱਚੋਂ ਬੇਅੰਤ ਸਿੰਘ ਵਾਲ ਵਾਲ ਬਚ ਗਏ’। ਰੇਡੀਓ ਦਾ ਖ਼ਬਰਨਵੀਸ ਹੋਣ ਨਾਤੇ ਮੇਰਾ ਕੰਮ ਜਲਦੀ ਤੋਂ ਜਲਦੀ ਇਸ ਖ਼ਬਰ ਦੀ ਪੁਸ਼ਟੀ ਕਰਨਾ ਸੀ ਕਿ ਬੇਅੰਤ ਸਿੰਘ ਬਚ ਗਏ ਹਨ ਜਾਂ ਨਹੀਂ। ਆਲ ਇੰਡੀਆ ਰੇਡੀਓ ਦਾ ਅੰਗਰੇਜ਼ੀ ਦਾ ਰਾਸ਼ਟਰੀ ਬੁਲੇਟਿਨ ਛੇ ਵਜੇ ਤੇ ਹਿੰਦੀ ਦਾ ਛੇ ਵੱਜ ਕੇ ਪੰਜ ਮਿੰਟ ’ਤੇ ਜਾਣਾ ਸੀ। ਫਿਰ ਚੰਡੀਗੜ੍ਹ ਤੋਂ ਪ੍ਰਦੇਸ਼ਿਕ ਸਮਾਚਾਰ ਸ਼ੁਰੂ ਹੋ ਜਾਣੇ ਸਨ। ਮੇਰੇ ਲਈ ਇੱਕ ਇੱਕ ਸਕਿੰਟ ਕੀਮਤੀ ਹੋ ਗਿਆ ਸੀ।
ਆਖ਼ਰ ਮੈਂ ਅਤੇ ਯੂਐੱਨਆਈ ਦੇ ਮਦਨ ਲਾਲ ਸ਼ਰਮਾ ਨੇ ਸਕੱਤਰੇਤ ਵਿੱਚ ਦਾਖ਼ਲ ਹੋ ਕੇ ਕਿਸੇ ਅਧਿਕਾਰੀ ਤੋਂ ਖ਼ਬਰ ਦੀ ਪੁਸ਼ਟੀ ਕਰਨ ਦਾ ਫ਼ੈਸਲਾ ਕੀਤਾ। ਬਿਨਾ ਕਿਸੇ ਰੋਕ ਦੇ ਹਰਿਆਣਾ ਸਕੱਤਰੇਤ ਵਿੱਚੋਂ ਦੀ ਦਾਖ਼ਲ ਹੋ ਕੇ ਛੇਵੀਂ ਮੰਜ਼ਿਲ ਉੱਤੋਂ ਦੀ ਅਸੀਂ ਪੰਜਾਬ ਸਕੱਤਰੇਤ ਵਿੱਚ ਦਾਖ਼ਲ ਹੋ ਗਏ। ਇਸ ਰਸਤੇ ਰਾਹੀਂ ਪੱਤਰਕਾਰ ਇੱਕ-ਦੂਜੇ ਸਕੱਤਰੇਤ ਵਿੱਚ ਜਾਂਦੇ ਆਉਂਦੇ ਰਹਿੰਦੇ ਸਨ। ਪਹਿਲਾਂ ਅਸੀਂ ਪੰਜਾਬ ਪੁਲੀਸ ਦੇ ਕੰਟਰੋਲ ਰੂਮ ਵਿੱਚ ਪਹੁੰਚੇ ਜਿੱਥੇ ਕੰਟਰੋਲ ਰੂਮ ਦੇ ਇੰਚਾਰਜ ਸ੍ਰੀ ਮਿਰਜ਼ਾ ਸਾਨੂੰ ਆਪਣੇ ਦਫਤਰ ਵਿੱਚ ਹੀ ਬੈਠੇ ਮਿਲ ਗਏ। ਪਰ ਸਾਡੇ ਸਿੱਧੇ ਸੁਆਲ ਦਾ ਪਹਿਲਾਂ ਤਾਂ ਉਨ੍ਹਾਂ ਕੋਈ ਜੁਆਬ ਹੀ ਨਾ ਦਿੱਤਾ। ਫਿਰ ਅਣਮੰਨੇ ਜਿਹੇ ਮਨ ਨਾਲ ਕਹਿਣ ਲੱਗੇ ਕਿ ਮੁੱਖ ਮੰਤਰੀ ਆਪਣੀ ਕੋਠੀ ਵਿੱਚ ਠੀਕ-ਠਾਕ ਪਹੁੰਚ ਗਏ ਨੇ। ਪਰ ਮਿਰਜ਼ਾ ਦੀ ਸਰੀਰਕ ਭਾਸ਼ਾ ਕਹਿ ਰਹੀ ਸੀ ਕਿ ਉਹ ਗੱਲ ਲੁਕੋ ਰਹੇ ਨੇ। ਫਿਰ ਅਸੀਂ ਕਾਹਲੀ ਕਾਹਲੀ ਪੌੜੀਆਂ ਚੜ੍ਹ ਕੇ ਪੰਜਵੀਂ ਮੰਜ਼ਿਲ ’ਤੇ ਪੰਜਾਬ ਲੋਕ ਸੰਪਰਕ ਵਿਭਾਗ ਦੇ ਦਫਤਰ ਜਾ ਪਹੁੰਚੇ।
ਮੈਂ ਸੋਚ ਰਿਹਾ ਸੀ ਕਿ ਚਲੋ ਘਟਨਾ ਬਾਰੇ ਜੋ ਕੁਝ ਵੀ ਹੁਣ ਤੱਕ ਪਤਾ ਲੱਗਿਆ ਸੀ, ਉਸ ਦੀ ਜਾਣਕਾਰੀ ਤਾਂ ਮੈਂ ਲੋਕ ਸੰਪਰਕ ਵਿਭਾਗ ਦਾ ਫੋਨ ਵਰਤ ਕੇ ਆਪਣੇ ਨਿਊਜ਼ਰੂਮ ਨੂੰ ਦੇ ਦੇਵਾਂ (ਉਦੋਂ ਹਾਲੇ ਮੋਬਾਈਲ ਫੋਨ ਨਹੀਂ ਸੀ ਆਏ)। ਤਦ ਤੱਕ ਸ਼ਾਮ ਦੇ ਛੇ ਵੱਜਣ ਵਾਲੇ ਹੋ ਗਏ ਸਨ। ਲੋਕ ਸੰਪਰਕ ਦੇ ਡਾਇਰੈਕਟਰ ਜਗਜੀਤ ਪੁਰੀ ਦੇ ਕਮਰੇ ਵਿੱਚ ਅਸੀਂ ਝਾਤ ਮਾਰੀ ਤਾਂ ਕਮਰਾ ਖਾਲੀ ਸੀ। ਨਾਲ ਦਾ ਕਮਰਾ ਵਿਭਾਗ ਦੇ ਸਕੱਤਰ ਐੱਸਐੱਸ ਡਾਵਰਾ ਦਾ ਸੀ। ਮੈਂ ਦਰਵਾਜ਼ਾ ਧੱਕਿਆ ਤਾਂ ਅੰਦਰ ਡਾਵਰਾ ਤੇ ਪੁਰੀ ਦੋਵੇਂ ਖ਼ਾਮੋਸ਼ ਬੈਠੇ ਸਨ। ਮੈਂ ਪੈਂਦੀ ਸੱਟੇ ਹੀ ਦੋਵਾਂ ਨੂੰ ਸਾਂਝਾ ਸੁਆਲ ਕਰ ਦਿੱਤਾ ਕਿ ਮੇਰੇ ਬੁਲੇਟਿਨ ਦੇ ਸ਼ੁਰੂ ਹੋਣ ਵਿੱਚ ਕੁਝ ਸਕਿੰਟ ਹੀ ਬਾਕੀ ਰਹਿੰਦੇ ਹਨ, ਇਸ ਲਈ ਬੇਅੰਤ ਸਿੰਘ ਦੇ ਬਚ ਜਾਣ ਜਾਂ ਧਮਾਕੇ ਵਿੱਚ ਮਾਰੇ ਜਾਣ ਬਾਰੇ ਉਹ ਅਧਿਕਾਰਤ ਤੌਰ ’ਤੇ ਸਥਿਤੀ ਸਪੱਸ਼ਟ ਕਰਨ।
ਪੁਰੀ ਖ਼ਾਮੋਸ਼ ਰਹਿ ਕੇ ਡਾਵਰਾ ਵੱਲ ਵੇਖਣ ਲੱਗੇ। ਡਾਵਰਾ ਇੱਕ-ਅੱਧ ਪਲ ਮੇਰੇ ਵੱਲ ਇੱਕ ਟੱਕ ਵੇਖਦੇ ਰਹੇ। ਫਿਰ ਅੰਗਰੇਜ਼ੀ ’ਚ ਨਪੇ ਤੁਲੇ ਸ਼ਬਦਾਂ ਵਿੱਚ ਬੋਲੇ, ‘‘ਹੀ ਇਜ਼ ਨੋ ਮੋਰ!’’ ਮੈਂ ਕੋਈ ਵੀ ਹੋਰ ਛਿਣ ਗੁਆਇਆਂ ਸਕੱਤਰ ਦੇ ਫੋਨ ਤੋਂ ਹੀ ਦਿੱਲੀ ਨਿਊਜ਼ਰੂਮ ਵਿੱਚ ਫੋਨ ਮਿਲਾ ਕੇ ਖ਼ਬਰ ਦੇ ਦਿੱਤੀ, ‘ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਅੱਜ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਏ ਕਾਰ ਬੰਬ ਧਮਾਕੇ ਵਿੱਚ ਮਾਰੇ ਗਏ।’ ਨਾਲ ਹੀ ਅੱਖੀਂ ਦੇਖੇ ਦ੍ਰਿਸ਼ ਦਾ ਸੰਖੇਪ ਵਰਣਨ ਵੀ ਦੇ ਦਿੱਤਾ। ਇੰਜ ਸਹਿਵਨ ਹੀ ਆਲ ਇੰਡੀਆ ਰੇਡੀਓ ਵਿੱਚ ਖ਼ਬਰਾਂ ਨਸ਼ਰ ਕਰਨ ਦੀ ਇੱਕ ਵੱਖਰੀ ਪਿਰਤ ਪੈ ਗਈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ‘ਵੀਵੀਆਈਪੀ’ ਦੀ ਮੌਤ ਦੀ ਖ਼ਬਰ, ਮੌਤ ਬਾਰੇ ਸਰਕਾਰੀ ਪ੍ਰੈੱਸ ਨੋਟ ਜਾਂ ਲਿਖਤੀ ਆਦੇਸ਼ ਜਾਰੀ ਹੋਣ ਪਿੱਛੋਂ ਹੀ ਆਲ ਇੰਡੀਆ ਰੇਡੀਓ ਪ੍ਰਸਾਰਿਤ ਕਰਿਆ ਕਰਦਾ ਸੀ। ਇਸ ਕਾਰਨ ਜਦੋਂ ਨੂੰ ਉਹ ਅਜਿਹੀ ਖ਼ਬਰ ਦਿੰਦਾ ਸੀ ਤਦ ਤੱਕ ਇਹ ਖ਼ਬਰ ਦੂਸਰੇ ਸਰੋਤਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਮਿਲ ਚੁੱਕੀ ਹੁੰਦੀ ਸੀ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਵੀ ਲੋਕਾਂ ਨੇ ਆਲ ਇੰਡੀਆ ਰੇਡੀਓ ਤੋਂ ਕਈ ਘੰਟੇ ਪਹਿਲਾਂ ਬੀਬੀਸੀ ਤੋਂ ਸੁਣ ਲਈ ਸੀ। ਪਰ ਬੇਅੰਤ ਸਿੰਘ ਦੇ ਕੇਸ ਵਿੱਚ ਉਲਟਾ ਹੋ ਗਿਆ ਸੀ। ਬੀਬੀਸੀ ਨੂੰ ਇਹ ਖ਼ਬਰ ਆਲ ਇੰਡੀਆ ਰੇਡੀਓ ਦੇ ਹਵਾਲੇ ਨਾਲ ਨਸ਼ਰ ਕਰਨੀ ਪਈ ਸੀ। ਇੰਜ ਆਲ ਇੰਡੀਆ ਰੇਡੀਓ ਪਹਿਲੀ ਵਾਰ ਬੀਬੀਸੀ ਤੋਂ ਬਾਜ਼ੀ ਮਾਰ ਗਿਆ ਸੀ।
ਉਸ ਦਿਨ ਦੇਰ ਰਾਤ ਰੇਡੀਓ ਦੀਆਂ ਰਾਤ ਦੀਆਂ ਖ਼ਬਰਾਂ ਲਈ ਨੈਸ਼ਨਲ ਨਿਊਜ਼ਰੂਮ ਨੂੰ ਅਪਡੇਟ ਕਰ ਕੇ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਖ਼ਬਰਾਂ ਦੀ ਗਰਮਜੋਸ਼ੀ ਨਾਲ ਜਿਵੇਂ ਖ਼ਿਆਲਾਂ ਦਾ ਇੰਜਣ ਓਵਰਹੀਟ ਹੋ ਗਿਆ ਸੀ। ਸੋਚ ਭਟਕ ਰਹੀ ਸੀ ਕਿ ਸਵੇਰ ਦੀਆਂ ਖ਼ਬਰਾਂ ਦੀ ਲੀਡ ਸਟੋਰੀ ਹਰਚਰਨ ਸਿੰਘ ਬਰਾੜ ਦੇ ਘਰੋਂ ਮਿਲੇਗੀ ਜਾਂ ਰਾਜਿੰਦਰ ਕੌਰ ਭੱਠਲ ਦੇ? ਉਹ ਦੋਵੇਂ ਬੇਅੰਤ ਸਿੰਘ ਦੇ ਕਤਲ ਕਾਰਨ ਖਾਲੀ ਹੋਈ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਸਭ ਤੋਂ ਗਰਮ ਦਾਅਵੇਦਾਰ ਸਨ।
ਸੰਪਰਕ: 94170-13869 (ਸਿਰਫ਼ ਵੱਟਸਐਪ)

Advertisement