ਝੰਡੀ ਦੀ ਕੁਸ਼ਤੀ: ਰਾਜੂ ਰਾਈਏਵਾਲ ਨੇ ਕੀਰਤੀ ਬਾੜੋਵਾਲ ਨੂੰ ਚਿੱਤ ਕੀਤਾ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 28 ਸਤੰਬਰ
ਪਿੰਡ ਸ਼ਿੰਗਾਰੀਵਾਲ ਵਿੱਚ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ਸਰਪੰਚ ਚਰਨਜੀਤ ਸਿੰਘ ਸਮੇਤ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਮਗਰੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਸਦਕਾ ਮਿੱਟੀ ਦੇ ਮੈਦਾਨ ਵਿੱਚ ਕਰਵਾਈਆਂ ਕੁਸ਼ਤੀਆਂ ਦਾ ਉਦਘਾਟਨ ਕੀਤਾ। ਸਰਪੰਚ ਚਰਨਜੀਤ ਸਿੰਘ ਵੱਲੋਂ ਰੱਖੇ ਗਏ ਇੱਕ ਲੱਖ ਰੁਪਏ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਰਾਜੂ ਰਈਏਵਾਲ ਨੇ ਕੀਰਤੀ ਬਾੜੋਵਾਲ ਨੂੰ ਚਿੱਤ ਕੀਤਾ। ਜਦਕਿ ਛੋਟੀ ਝੰਡੀ ਵਿੱਚ ਪਹਿਲਵਾਨ ਪਰਮਿੰਦਰ ਪੱਟੀ ਨੇ ਜੱਸਾ ਬਾੜੋਵਾਲ ਨੂੰ ਚਿੱਤ ਕੀਤਾ। ਪਹਿਲਵਾਨ ਅਮਿਤ ਰੋਹਤਕ ਨੇ ਗੋਲੂ ਚੰਡੀਗੜ੍ਹ ਨੂੰ ਚਿੱਤ ਕੀਤਾ। ਵਧੀਆ ਰੈਫਰ ਰਾਜਾ ਪਹਿਲਵਾਨ ਅਖਾੜਾ ਝੀਲ ਚੰਡੀਗੜ੍ਹ ਵਾਲਿਆਂ ਦੀ ਨਿਗਰਾਨੀ ਹੇਠ ਹੋਏ ਕਈ ਪਹਿਲਵਾਨਾਂ ਦਰਮਿਆਨ ਹੋਏ ਮੁਕਾਬਲੇ ਨਤੀਜੇ ਵਿੱਚ ਬਰਾਬਰ ਰਹੇ। ਸਾਰੇ ਪਹਿਲਵਾਨਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ।