ਸਾਂਝਾ ਫਰੰਟ ਵੱਲੋਂ ਚੱਬੇਵਾਲ ’ਚ ਝੰਡਾ ਮਾਰਚ ਅੱਜ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਨਵੰਬਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਕਰਮ ਸਿੰਘ ਧਨੋਆ, ਸਵਿੰਦਰ ਪਾਲ ਸਿੰਘ ਮੋਲੋਵਾਲੀ ਅਤੇ ਜਰਮਨਜੀਤ ਸਿੰਘ ਨੇ ਦੱਸਿਆ ਕਿ 3 ਨਵੰਬਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਤ ਕੀਤੇ ਜਾਣ ਵਾਲੇ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਆਗੂਆਂ ਨੇ ਆਖਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੇ ਗਰਾਊਂਡ ਵਿੱਚ ਸਵੇਰੇ 10 ਵਜੇ ਇਕੱਠੇ ਹੋਣਗੇ। ਇਸ ਮੌਕੇ ਹਾਜ਼ਰ ਆਗੂਆਂ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ, ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਆਖਿਆ ਕਿ 7 ਨਵੰਬਰ ਨੂੰ ਗਿੱਦੜਵਾਹਾ, 9 ਨੂੰ ਡੇਰਾ ਬਾਬਾ ਨਾਨਕ ਅਤੇ 10 ਨੂੰ ਬਰਨਾਲਾ ਹਲਕੇ ’ਚ ਝੰਡਾ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਝੰਡਾ ਮਾਰਚ ਦੌਰਾਨ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਇਸ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਕਿਵੇਂ ਲੁੱਟ ਕੀਤੀ ਜਾ ਰਹੀ ਹੈ, ਉਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਝੰਡਾ ਮਾਰਚ ਦੌਰਾਨ ਕੇਂਦਰ ਸਰਕਾਰ ਵੱਲੋਂ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਤੋਂ ਇਲਾਵਾ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਪੁਲੀਸ ਜਬਰ ਦੇ ਮੁੱਦੇ ਵੀ ਚੁੱਕੇ ਜਾਣਗੇ।