ਪੁਲ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਝੰਡਾ ਮਾਰਚ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 25 ਜੁਲਾਈ
ਬਲਵੰਡਾ ਸੇਮ ਨਾਲੇ ਦੇ ਪੁਲ ਦੀ ਉਸਾਰੀ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ 14 ਦਿਨ ਦੇ ਧਰਨੇ ਮਗਰੋਂ ਵੱਖ-ਵੱਖ ਜਥੇਬੰਦੀਆਂ ਨੇ ਝੰਡਾ ਮਾਰਚ ਕੀਤਾ। ਸਤਨਾਮ ਸਿੰਘ ਆਗੂ ਪਗੜੀ ਸੰਭਾਲ ਲਹਿਲ ਅਤੇ ਸ਼ੀਸ਼ਮ ਸਿੰਘ ਆਗੂ ਸਮਾਜ ਵਿਕਾਸ ਸੰਘਰਸ਼ ਸਭਾ ਨੇ ਦੱਸਿਆ ਕਿ ਪੁਲ ਦੀ ਉਸਾਰੀ ਨੂੰ ਲੈ ਕੇ ਅੱਜ ਉਨ੍ਹਾਂ ਦਾ ਧਰਨਾ 14ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਸੀ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਉੱਤੇ ਅਜੇ ਤੱਕ ਜੂੰ ਨਹੀਂ ਸਰਕੀ। ਸੰਘਰਸ਼ ਦੇ ਆਗੂਆਂ ਨੇ ਅੱਜ ਝੰਡਾ ਮਾਰਚ ਕਰਨ ਦਾ ਫ਼ੈਸਲਾ ਲਿਆ। ਝੰਡਾ ਮਾਰਚ ਮਗਰੋਂ ਐਲਾਨ ਕੀਤਾ ਗਿਆ ਕਿ ਜੇ ਅਜੇ ਵੀ ਪ੍ਰਸ਼ਾਸਨ ਨਾ ਜਾਗਿਆ ਤਾਂ 29 ਜੁਲਾਈ ਨੂੰ ਡੀਸੀ ਦਫ਼ਤਰ ਗੁਰਦਾਸਪੁਰ ਦਾ ਘਿਰਾਓ ਕੀਤਾ ਜਾਵੇਗਾ। ਨੇੜਲੇ ਕਸਬਾ ਭੈਣੀ ਮੀਆਂ ਖਾਂ ਵਿੱਚ ਕੱਢੇ ਝੰਡਾ ਮਾਰਚ ਦੌਰਾਨ ਪਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਠਾਕੁਰ ਦਲੀਪ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਿਸ਼ਾਨ ਸਿੰਘ ਮੇੜ੍ਹੇ, ਲੋਕ ਇਨਸਾਫ਼ ਮੋਰਚਾ ਦੇ ਸੋਨੂੰ ਔਲਖ, ਬੀਕੇਯੂ ਉਗਰਾਹਾਂ ਤੋਂ ਪ੍ਰਧਾਨ ਬੀਬੀ ਦਵਿੰਦਰ ਕੌਰ, ਬੀਕੇਯੂ ਚੜੂਨੀ ਤੋਂ ਲਵਪ੍ਰੀਤ ਸਿੰਘ, ਸਰਪੰਚ ਦਲਜੀਤ ਸਿੰਘ ਸ਼ਾਮਲ ਸਨ