ਪੁਲੀਸ ਵੱਲੋਂ ਫਰੀਦਾਬਾਦ ਵਿੱਚ ਫਲੈਗ ਮਾਰਚ
ਕੁਲਵਿੰਦਰ ਕੌਰ
ਫਰੀਦਾਬਾਦ, 30 ਮਾਰਚ
ਫਰੀਦਾਬਾਦ ਪੁਲੀਸ ਨੇ ਆਈਟੀਬੀਪੀ ਦੀਆਂ ਦੋ ਕੰਪਨੀਆਂ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਉਥੇ ਰਹਿਣ ਵਾਲੇ ਲੋਕਾਂ ਨੂੰ ਚੋਣਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਜਾਗਰੂਕ ਕੀਤਾ ਤਾਂ ਜੋ ਸਮਾਜ ’ਚ ਸ਼ਾਂਤੀ ਬਣਾ ਕੇ ਰੱਖੀ ਜਾ ਸਕੇ। ਇਸ ਤਹਿਤ ਪੁਲੀਸ ਅਤੇ ਆਈਟੀਬੀਪੀ ਨੇ ਸੈਕਟਰ-58 ਤੋਂ ਫਲੈਗ ਮਾਰਚ ਸ਼ੁਰੂ ਕੀਤਾ ਅਤੇ ਰਾਜੀਵ ਕਲੋਨੀ, ਕਨੇਰਾ, ਸਿਕਰੋਨਾ, ਫ਼ਿਰੋਜ਼ਪੁਰ, ਜਾਕੋਪੁਰ, ਬੀਜੋਪੁਰ, ਧੋਜ, ਪਾਲੀ, ਸੰਜੇ ਕਲੋਨੀ, ਮੁਜੇਸਰ, ਸਰਾਂ, ਡਬੂਆ, ਕੋਤਵਾਲੀ, ਐੱਨਆਈਟੀ, ਐੱਸਜੀਐੱਮ ਨਗਰ, ਸੂਰਜਕੁੰਡ ਆਦਿ ਇਲਾਕਿਆਂ ਨੂੰ ਕਵਰ ਕੀਤਾ। ਪੁਲੀਸ ਵੱਲੋਂ ਇਹ ਫਲੈਗ ਮਾਰਚ ਐੱਨਆਈਟੀ ਜ਼ੋਨ ਦੇ ਪਿੰਡਾਂ ਵਿੱਚ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਚੋਣਾਂ ਦੌਰਾਨ ਕੁਝ ਸਮਾਜ ਵਿਰੋਧੀ ਅਨਸਰ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਪੁਲੀਸ ਦਾ ਸਹਿਯੋਗ ਕਰਨ। ਚੋਣਾਂ ਦੌਰਾਨ ਲੋਕਾਂ ਨੂੰ ਨਸ਼ਾ ਤਸਕਰਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦੇਣ।