For the best experience, open
https://m.punjabitribuneonline.com
on your mobile browser.
Advertisement

ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ ਫਲੈਗ ਮਾਰਚ

07:43 AM Jul 09, 2024 IST
ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ ਫਲੈਗ ਮਾਰਚ
ਜਲੰਧਰ ਵਿੱਚ ਫਲੈਗ ਮਾਰਚ ਕਰਦੇ ਹੋਏ ਬੀਐੱਸਐੱਫ ਦੇ ਜਵਾਨ। -ਫੋਟੋ: ਮਲਕੀਅਤ ਸਿੰਘ
Advertisement

ਪਾਲ ਸਿੰਘ ਨੌਲੀ/ਹਤਿੰਦਰ ਸਿੰਘ ਮਹਿਤਾ
ਜਲੰਧਰ, 8 ਜੁਲਾਈ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ 10 ਜੁਲਾਈ, 2024 ਨੂੰ ਹੋਣ ਜਾ ਰਹੀ ਉਪ ਚੋਣ ਦੀ ਤਿਆਰੀ ਵਜੋਂ ਅੱਜ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹਥਿਆਰਬੰਦ ਬਲਾਂ ਵੱਲੋਂ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਕੀਤੀ। ਮਾਰਚ ਦਾ ਉਦੇਸ਼ ਵੋਟਰਾਂ ਵਿੱਚ ਭਰੋਸੇ ਨੂੰ ਵਧਾਉਣਾ ਅਤੇ ਸੁਰੱਖਿਅਤ ਚੋਣ ਮਾਹੌਲ ਨੂੰ ਯਕੀਨੀ ਬਣਾਉਣਾ ਸੀ। ਮਾਡਲ ਹਾਊਸ ਇਲਾਕੇ ਤੋਂ ਸ਼ੁਰੂ ਹੋ ਕੇ ਡਾ. ਅਗਰਵਾਲ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਨਾਲ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਅੰਦਰੂਨੀ ਹਿੱਸਿਆਂ ਸਮੇਤ ਹਲਕੇ ਦੇ ਕਈ ਹਿੱਸਿਆਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਅਮਨ-ਕਾਨੂੰਨ ਨੂੰ ਸਖ਼ਤੀ ਨਾਲ ਕਾਇਮ ਰੱਖਿਆ ਜਾਵੇਗਾ ਅਤੇ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਡਾ. ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਫੋਰਸ ਦੀ ਲੋੜੀਂਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ ਅਤੇ ਕਿਸੇ ਨੂੰ ਵੀ ਚੋਣ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਤੋਂ ਆਪਣੀ ਵੋਟ ਦੀ ਵਰਤੋ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਦਿਖਦਾ ਹੈ ਤਾਂ ਉਹ ਪੁਲੀਸ ਨੂੰ ਇਸ ਦੀ ਇਤਲਾਹ ਕਰਨ ਤਾਂ ਜੋ ਇਲਾਕੇ ਵਿਚ ਅਮਨ ਸ਼ਾਂਤੀ ਕਾਇਮ ਰੱਖੀ ਜਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਚੋਣ ਦੀ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ ਤੇ 9 ਜੁਲਾਈ ਨੂੰ ਪੋਲਿੰਗ ਬੂਥਾਂ’ਤੇ ਸਟਾਫ ਤੇ ਸੁਰਖਿਆ ਕਰਮੀ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਚੋਣ ਸਹੀ ਠੀਕ ਢੰਗ ਕਰਵਾਈ ਜਾ ਸਕੇ।

Advertisement

ਵੋਟਰ ਦੀ ਵਿਚਕਾਰਲੀ ਉਂਗਲ ’ਤੇ ਲਗਾਈ ਜਾਵੇਗੀ ਸਿਆਹੀ: ਜ਼ਿਲ੍ਹਾ ਚੋਣ ਅਫ਼ਸਰ

ਜਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ `ਤੇ ਸਿਆਹੀ ਲਗਾਈ ਜਾਵੇਗੀ। ਇਹ ਤਬਦੀਲੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ ਵਿੱਚ ਦੁਚਿੱਤੀ ਪੈਦਾ ਹੋਣ ਦੇ ਖ਼ਦਸ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ ਹੈ, ਜਿਸ ਵਿੱਚ ਹੱਥ ਦੀ ਪਹਿਲੀ ਉਂਗਲ ’ਤੇ ਪਹਿਲਾਂ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਗਿਆ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਇਸ ਉਲਝਣ ਨੂੰ ਦੂਰ ਕਰਨ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਪ ਚੋਣ ਦੌਰਾਨ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ’ਤੇ ਸਿਆਹੀ ਲਗਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਿੰਗ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਸਮੂਹ ਪੋਲਿੰਗ ਸਟਾਫ਼ ਨੂੰ ਇਨ੍ਹਾਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

Advertisement

ਜਲੰਧਰ ਵਿੱਚ 10 ਨੂੰ ਛੁੱਟੀ ਦਾ ਐਲਾਨ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 10 ਜੁਲਾਈ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਉਪ ਚੋਣ ਵਿੱਚ ਹਰੇਕ ਵੋਟਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਲਕੇ ਵਿੱਚ ਰਹਿੰਦੇ ਸਮੂਹ ਕਰਮਚਾਰੀਆਂ ਅਤੇ ਕਿਰਤੀਆਂ ਲਈ ਤਨਖਾਹ ਸਮੇਤ (ਪੇਡ) ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਸਮੇਤ ਰਾਜ ਸਰਕਾਰ ਦੇ ਸਾਰੇ ਕਰਮਚਾਰੀ, ਜੋ ਹਲਕੇ ਦੇ ਵੋਟਰ ਹਨ, ਵਿਸ਼ੇਸ਼ ਛੁੱਟੀ ਦੇ ਹੱਕਦਾਰ ਹਨ। ਇਹ ਛੁੱਟੀ ਉਨ੍ਹਾਂ ਦੀਆਂ ਜਮ੍ਹਾ ਛੁੱਟੀਆਂ ਵਿੱਚੋਂ ਨਹੀਂ ਕੱਟੀ ਜਾਵੇਗੀ। ਇਸੇ ਤਰ੍ਹਾਂ ਕਾਰੋਬਾਰ, ਵਪਾਰ, ਇੰਡਸਟਰੀ, ਫੈਕਟਰੀਆਂ, ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਵੋਟਰਾਂ ਨੂੰ ਤਨਖਾਹ ਸਮੇਤ ਛੁੱਟੀ ਦਿੱਤੀ ਜਾਵੇਗੀ। ਡਾ. ਅਗਰਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਰੋਜ਼ਗਾਰਦਾਤਾ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਛੁੱਟੀ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Author Image

joginder kumar

View all posts

Advertisement