ਕਿਸਾਨ ਯੂਨੀਅਨ ਵੱਲੋਂ ਧਰਨੇ ਦੀ ਤਿਆਰੀ ਲਈ ਝੰਡਾ ਮਾਰਚ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ 27 ਜੁਲਾਈ ਨੂੰ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਭਵਾਨੀਗੜ੍ਹ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਧਰਨੇ ਦੀ ਤਿਆਰੀ ਲਈ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਦੌਰਾਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਬੁੱਧ ਸਿੰਘ ਬਾਲਦ, ਜ਼ੋਰਾ ਸਿੰਘ ਮਾਝੀ, ਚਮਕੌਰ ਸਿੰਘ ਭੱਟੀਵਾਲ, ਜਰਨੈਲ ਸਿੰਘ ਫਤਹਿਗੜ੍ਹ ਭਾਦਸੋਂ, ਮਾਸਟਰ ਜਰਨੈਲ ਸਿੰਘ ਭਵਾਨੀਗੜ੍ਹ, ਮੁਖਤਿਆਰ ਸਿੰਘ, ਜੰਗ ਸਿੰਘ, ਮਾਘ ਸਿੰਘ, ਅੱਛਰਾ ਸਿੰਘ ਅਤੇ ਬਹਾਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਡੀਕਰਨ ਨੂੰ ਤੋੜਨ, ਐੱਮਐੱਸਪੀ ਅਤੇ ਬਿਜਲੀ ਦੀ ਸਬਸਿਡੀ ਖਤਮ ਕਰਨ ਵਰਗੇ ਕਾਲੇ ਆਰਡੀਨੈਂਸ ਜਾਰੀ ਕਰਕੇ ਕਰਜ਼ੇ ਦੇ ਜਾਲ ਵਿੱਚ ਫਸ ਚੁੱਕੀ ਕਿਸਾਨੀ ਨੂੰ ਬਰਬਾਦ ਕਰਨ ਦੀ ਕੋਝੀ ਚਾਲ ਖੇਡੀ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ 27 ਜੁਲਾਈ ਨੂੰ ਮੋਦੀ ਸਰਕਾਰ ਦੀ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰਕਾਸ਼ ਚੰਦ ਗਰਗ ਦੀ ਭਵਾਨੀਗੜ੍ਹ ਵਿੱਚ ਕੋਠੀ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।