ਨਿੱਜੀ ਫਾਇਨਾਂਸ ਕੰਪਨੀ ਖ਼ਿਲਾਫ਼ ਝੰਡਾ ਮਾਰਚ ਦਾ ਐਲਾਨ
ਨਵਕਿਰਨ ਸਿੰਘ
ਮਹਿਲ ਕਲਾਂ, 25 ਜੁਲਾਈ
ਅੱਜ ਮਹਿਲ ਕਲਾਂ ਵਿੱਚ ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂ ਭਾਨ ਸਿੰਘ ਸੰਘੇੜਾ ਦੀ ਅਗਵਾਈ ਹੇਠ ਮਜ਼ਦੂਰਾਂ ਦੀ ਅਹਿਮ ਇਕੱਤਰਤਾ ਦੌਰਾਨ ਬਲਾਕ ਮਹਿਲ ਕਲਾਂ ਦੇ ਪਿੰਡਾਂ ਵਿੱਚ ਨਿੱਜੀ ਫਾਇਨਾਂਸ ਕੰਪਨੀਆਂ ਦੇ ਕਰਜ਼ਾ ਮੁਆਫੀ ਦੀ ਮੰਗ ਲਈ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਮਨਵੀਰ ਬੀਹਲਾ ਨੇ ਦੱਸਿਆ ਕਿ ਕਰਜ਼ਾ ਮੁਆਫੀ ਦੀ ਮੰਗ ਲਈ 26 ਜੁਲਾਈ ਤੋਂ 28 ਜੁਲਾਈ ਤੱਕ ਪਿੰਡਾਂ ਵਿੱਚ ਝੰਡਾ ਮਾਰਚ ਕੀਤੇ ਜਾਣਗੇ ਅਤੇ ਫਿਰ 31 ਜੁਲਾਈ ਨੂੰ ਮਹਿਲ ਕਲਾਂ ਕਸਬੇ ਦੇ ਬਜਾਰਾਂ ਵਿੱਚ ਤਖਤੀਆਂ ਫੜ ਕੇ ਮਾਰਚ ਕੀਤਾ ਜਾਵੇਗਾ।
ਮਜ਼ਦੂਰ ਜਥੇਬੰਦੀ ਨੇ ਮੋਟਰਸਾਈਕਲ ਵਾਪਸ ਕਰਵਾਇਆ
ਤਾਲਾਬੰਦੀ ਦੌਰਾਨ ਕਿਸ਼ਤਾਂ ਨਾ ਭਰਨ ’ਤੇ ਇੱਕ ਨਿੱਜੀ ਫਾਇਨਾਂਸ ਕੰਪਨੀ ਦੇ ਕਰਿੰਦੇ ਇੱਥੋਂ ਦੇ ਮਜ਼ਦੂਰ ਪਰਿਵਾਰ ਦਾ ਮੋਟਰਸਾਈਕਲ ਚੁੱਕ ਕੇ ਲੈ ਗਏ ਸਨ, ਜਿਸ ਨੂੰ ਅੱਜ ਦਿਹਾਤੀ ਮਜਦੂਰ ਸਭਾ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੁਲੀਸ ’ਤੇ ਪਾਏ ਦਬਾਅ ਕਾਰਨ ਨਿੱਜੀ ਫਾਇਨਾਂਸ ਕੰਪਨੀ ਨੂੰ ਵਾਪਸ ਕਰਨਾ ਪਿਆ। ਭੋਲਾ ਸਿੰਘ ਸੰਘੇੜਾ ਤੇ ਮਨਵੀਰ ਬੀਹਲਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਕੋਈ ਵੀ ਕੰਪਨੀ ਮਜ਼ਦੂਰਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਨਹੀਂ ਕਰ ਸਕਦੀ ਤੇ ਫਾਇਨਾਸ ਕੰਪਨੀ ਵੱਲੋਂ ਮੋਟਰਸਾਈਕਲ ਜਬਤ ਕਰਨਾ ਬਿਲਕੁਲ ਗੈਰ ਕਾਨੂੰਨੀ ਕਾਰਵਾਈ ਸੀ ਜਿਸ ਨੂੰ ਲੋਕ ਦਬਾਅ ਤਹਿਤ ਵਾਪਸ ਕਰਵਾਇਆ ਗਿਆ ਹੈ।