ਸਿੰਘੇਵਾਲਾ-ਫਤੂਹੀਵਾਲਾ ਵਿੱਚ ਨਸ਼ਿਆਂ ਖ਼ਿਲਾਫ਼ ਫਲੈਗ ਮਾਰਚ
ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਗਸਤ
ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤਾਂ ਤੋਂ ਉਜਾਗਰ ਮਾਰੂ ਹਾਲਾਤਾਂ ਦੇ ਮੱਦੇਨਜ਼ਰ ਸਿੰਘੇਵਾਲਾ-ਫਤੂਹੀਵਾਲਾ ਵਿੱਚ ਪਿੰਡ ਵਾਸੀਆਂ ਨੇ 'ਫਲੈਗ ਮਾਰਚ' ਕੀਤਾ। ਇਸ ਵਿੱਚ ਮ੍ਰਿਤਕ ਨੌਜਵਾਨਾਂ ਦੀ ਮਾਤਾ ਚਰਨਜੀਤ ਕੌਰ, ਚਾਹਾ ਸਹੀ ਰਾਮ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਨਸ਼ਿਆਂ ਖ਼ਿਲਾਫ਼ ਡਟਵੀ ਮੋਰਚੇਬੰਦੀ ਲਈ ਗਠਿਤ ਕਮੇਟੀ ‘ਨਸ਼ਾ ਵਿਰੋਧੀ ਐਕਸ਼ਨ ਕਮੇਟੀ ਪਿੰਡ ਫਤੂਹੀਵਾਲਾ-ਸਿੰਘੇਵਾਲਾ 'ਚ ਮੈਂਬਰਾਂ ਨੂੰ ਸੂਚੀਬੱਧ ਕੀਤਾ। ਨਸ਼ਾ ਵਿਰੋਧੀ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮੁੱਢਲੇ ਪੜਾਅ ’ਤੇ ਨਸ਼ੇੜੀ ਨੌਜਵਾਨਾਂ ਨੂੰ ਸਮਝਾ-ਬੁਝਾ ਕੇ ਰਜ਼ਾਮੰਦ ਕਰਕੇ ਪਿੰਡ ਦੇ ਸਾਂਝੇ ਖਰਚੇ 'ਤੇ ਨਸ਼ਾ ਮੁਕਤੀ ਕੇਂਦਰਾਂ 'ਚ ਭੇਜਿਆ ਜਾਵੇਗਾ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਡਰ ਇਲਾਵਾ ਸਰਪੰਚ (ਭੰਗ) ਮਨਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਤੇ ਸਰਪੰਚ (ਭੰਗ) ਦੇ ਪ੍ਰਤੀਨਿਧੀ ਭਿੰਦਰ ਸਿੰਘ ਸੋਨਾ ਸਿੰਘ, ਖੇਤ ਮਜ਼ਦੂਰ ਆਗੂ ਕਾਲਾ ਸਿੰਘ, ਜਗਵੀਰ ਸਿੰਘ ਮੌਜੂਦ ਸਨ। ਇਸ ਮੌਕੇ ਭਾਕਿਯੂ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਪਿੰਡ ’ਚ ਕਰੀਬ ਸੌ ਨੌਜਵਾਨ ਨਸ਼ਿਆਂ ਦੀ ਮਾਰ ਹੇਠਾਂ ਹਨ। ਉਨ੍ਹਾਂ ਦੋਸ਼ ਲਗਾਇਆ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਹੁਣ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਕੋਈ ਠੱਲ੍ਹ ਨਹੀਂ ਪਾਈ।
ਫਲੈਗ ਮਾਰਚ ਮੌਕੇ ਮ੍ਰਿਤਕ ਨੌਜਵਾਨਾਂ ਦੀ ਖੇਤ ਮਜ਼ਦੂਰ ਮਾਂ ਚਰਨਜੀਤ ਕੌਰ ਲਈ ਸਰਕਾਰ ਤੋਂ ਆਰਥਿਕ ਮੱਦਦ ਦੀ ਮੰਗ ਕੀਤੀ ਗਈ। ਇਸ ਮੌਕੇ ਨਸ਼ਿਆਂ ਦੇ ਤਸਕਰਾਂ ਤੇ ਉਨ੍ਹਾਂ ਦੇ ਪੁਸ਼ਤਪਨਾਹ ਸਿਆਸਤਦਾਨਾਂ ਤੇ ਉੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਨਸ਼ੇੜੀਆਂ ਦੀ ਪਛਾਣ ਤੇ ਘੇਰਾਬੰਦੀ ਲਈ ਸਰਗਰਮ ਹੋਏ ਲੋਕ
ਪਿੰਡ ਵਿੱਚ ਨਸ਼ੇੜੀਆਂ ਦੀ ਪਛਾਣ ਅਤੇ ਘੇਰਾਬੰਦੀ ਲਈ ਲੋਕ ਸਰਗਰਮ ਹੋ ਗਏ ਹਨ। ਬੀਤੀ ਰਾਤ ਪਿੰਡ ਵਾਸੀਆਂ ਅਤੇ ਦੋ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਨਸ਼ਾਖੋਰਾਂ ਦੇ ਸੰਭਾਵੀ ਅੱਡਿਆਂ ’ਤੇ ਪਹੁੰਚ ਕੀਤੀ। ਫਲੈਗ ਮਾਰਚ ਮੌਕੇ ਮੈਡੀਕਲ ਨਸ਼ਾ, ਟੀਕੇ, ਸਰਿੰਜਾਂ ਮੀਡੀਆ ਮੂਹਰੇ ਪੇਸ਼ ਕਰਦਿਆਂ ਮ੍ਰਿਤਕ ਨੌਜਵਾਨਾਂ ਦੇ ਚਾਚਾ ਮੰਦਰ ਸਿੰਘ ਵਾਸੀ ਰਾਏਕੇ ਖੁਰਦ ਨੇ ਕਿਹਾ ਕਿ ਬੀਤੀ ਰਾਤ ਕੱਸੀ ਨੇੜਿਓਂ ਚਾਰ ਨਸ਼ੇੜੀ ਨੌਜਵਾਨ ਹਨ੍ਹੇਰੇ ਦਾ ਲਾਹਾ ਲੈ ਕੇ ਖਿਸਕ ਗਏ। ਉੁਨ੍ਹਾਂ ਨਸ਼ੇੜੀਆਂ ਦੇ ਨਾਂ ਵੀ ਜਨਤਕ ਕੀਤੇ ਅਤੇ ਆਖਿਆ ਕਿ ਡੱਬਵਾਲੀ ਦੇ ਮੈਡੀਕਲ ਸਟੋਰਾਂ ਤੋਂ ਨੌਜਵਾਨ ਨਸ਼ਾ ਲੈ ਕੇ ਆਉਂਦੇ ਹਨ।