ਜਲੰਧਰ ਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ਦੀ ਰਾਖਵੀਂ ਕੀਮਤ ਤੈਅ
ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਪੰਜਾਬ ਸਰਕਾਰ ਦੇ ਲੋਕਾਂ ਨੂੰ ਵਾਜਬ ਕੀਮਤਾਂ ’ਤੇ ਰਿਹਾਇਸ਼ੀ ਪਲਾਟ ਉਪਲੱਬਧ ਕਰਵਾਉਣ ਦੇ ਮਕਸਦ ਤਹਿਤ ਅੱਜ ਜ਼ਿਲ੍ਹਾ ਪੱਧਰੀ ‘ਪ੍ਰਾਈਸ ਐਂਡ ਰੈਂਟ ਫਿਕਸੇਸ਼ਨ ਕਮੇਟੀ’ ਜਲੰਧਰ ਵੱਲੋਂ ਨਗਰ ਸੁਧਾਰ ਟਰੱਸਟ ਜਲੰਧਰ ਦੀਆਂ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੀ ਰਾਖਵੀਂ ਕੀਮਤ ਨਿਰਧਾਰਿਤ ਕੀਤੀ ਗਈ। ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਜੋ ਕਿ ਇਸ ਕਮੇਟੀ ਦੇ ਚੇਅਰਮੈਨ ਹਨ। ਕਮੇਟੀ ਦੀ ਮੀਟਿੰਗ ਦੌਰਾਨ ਨਗਰ ਨਿਗਮ, ਜਲੰਧਰ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਵੀ ਹਾਜ਼ਰ ਸਨ। ਜਲੰਧਰ ਨਗਰ ਸੁਧਾਰ ਟਰੱਸਟ ਦੀਆਂ ਨੌਂ ਰਿਹਾਇਸ਼ੀ ਅਤੇ ਵਪਾਰਕ ਯੋਜਨਾਵਾਂ ਦੇ ਰੇਟ ਨਿਰਧਾਰਿਤ ਕੀਤੇ ਗਏ। ਇਨ੍ਹਾਂ ਵਿੱਚ ਮੁੱਖ ਤੌਰ ’ਤੇ 170 ਏਕੜ ਵਿੱਚ ਸੂਰਿਆ ਐਨਕਲੇਵ, 70.5 ਏਕੜ ਵਿਚਲੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 94.97 ਏਕੜ ਸੂਰੀਆ ਐਨਕਲੇਵ ਐਕਸਟੈਂਸਨ ਅਤੇ 94.5 ਏਕੜ ਗੁਰੂ ਗੋਬਿੰਦ ਸਿੰਘ ਐਵੇਨਿਊ ਲਈ ਰਿਹਾਇਸ਼ੀ ਰੇਟ ਪ੍ਰਤੀ ਮਰਲਾ 5.50 ਲੱਖ ਰੁਪਏ ਅਤੇ ਵਪਾਰਕ ਰੇਟ 11 ਲੱਖ ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕੀਤਾ ਗਿਆ।ਇਸ ਤੋਂ ਇਲਾਵਾ 13.96 ਏਕੜ ਵਿੱਚ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਵਿਖੇ ਰਿਹਾਇਸ਼ੀ ਪਲਾਟਾਂ ਲਈ ਤਿੰਨ ਲੱਖ ਰੁਪਏ ਪ੍ਰਤੀ ਮਰਲਾ ਅਤੇ 33 ਵਰਗ ਗਜ਼ ਦੇ ਉਸਰੇ ਹੋਏ ਬੂਥਾਂ ਦਾ ਵਪਾਰਕ ਰੇਟ ਪ੍ਰਤੀ ਬੂਥ ਅੱਠ ਲੱਖ ਰੁਪਏ ਨਿਰਧਾਰਿਤ ਕੀਤਾ ਗਿਆ। ਇਸ ਤੋਂ ਇਲਾਵਾ 51.5 ਏਕੜ ਵਿਚ ਗੁਰੂ ਅਮਰਦਾਸ ਨਗਰ ਵਿਖੇ ਰਿਹਾਇਸ਼ੀ ਪਲਾਟਾਂ ਲਈ ਚਾਰ ਲੱਖ ਰੁਪਏ ਪ੍ਰਤੀ ਮਰਲਾ ਅਤੇ ਛੇ ਲੱਖ ਰੁਪਏ ਪ੍ਰਤੀ ਮਰਲਾ ਤੈਅ ਕੀਤੀ ਗਈ ਹੈ।