‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਲੱਗੇ ਪੱਕੇ ਮੋਰਚੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਕਮੇਟੀ ਮੁਕਤਸਰ ਦੀ ਅਗਵਾਈ ਹੇਠ ਮੰਡੀਆਂ ਵਿੱਚ ਖਰੀਦ ਨਾ ਹੋਣ, ਪਰਾਲੀ ਸਾੜਨ ’ਤੇ ਪਾਬੰਦੀ, ਡੀਏਪੀ ਖਾਦ ਦੀ ਘਾਟ ਖ਼ਿਲਾਫ਼ ਗਿੱਦੜਬਾਹਾ ਹਲਕੇ ਦੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਮੰਗਾਂ ਲਾਗੂ ਹੋਣ ਤੱਕ ਜਾਰੀ ਰਹੇਗਾ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਝੋਨਾ ਮੰਡੀਆਂ ਵਿੱਚ ਨਿਰਵਿਘਨ ਸਰਕਾਰੀ ਖਰੀਦ ਤੇਜ਼ ਕਰਾਉਣ ਸਣੇ ਕਿਸਾਨੀ ਨਾਲ ਸਬੰਧਤ ਤਿੰਨ ਮੁੱਦਿਆਂ ’ਤੇ ਧਰਨਿਆਂ ਦੇ ਨਾਲ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਵਿਰੋਧ ਤੇ ਘਿਰਾਓ ਵੀ ਕੀਤਾ ਜਾਵੇਗਾ। ਕਿਸਾਨਾਂ-ਮਜ਼ਦੂਰਾਂ ਨੂੰ ਦਾਣਾ ਮੰਡੀਆਂ ਵਿੱਚ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਝੋਨਾ ਮੰਡੀਆਂ ਵਿੱਚ ਖਰੀਦ ਨਾ ਕਰਨ ਅਤੇ ਡੀਏਪੀ ਖਾਦ ਦੀ ਘਾਟ ਲਈ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਮਲਕੀਤ ਸਿੰਘ, ਜਗਸੀਰ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ, ਗੁਰਤੇਜ ਸਿੰਘ ਖੁੱਡੀਆਂ, ਨਿਸ਼ਾਨ ਸਿੰਘ ਕੱਖਾਂ ਵਾਲੀ, ਸੁਖਦੇਵ ਸਿੰਘ, ਬਗੀਚਾ ਸਿੰਘ ਮਲੋਟ, ਕੁਲਦੀਪ ਸਿੰਘ ਕਰਮਗੜ੍ਹ, ਜਗਸੀਰ ਸਿੰਘ ਝੂੰਬਾ, ਲੱਛਮਣ ਸਿੰਘ ਲਾਇਕੇ ਕਲਾਂ, ਖੇਤ ਮਜ਼ਦੂਰ ਯੂਨੀਅਨ ਦੇ ਰਾਜਾ ਸਿੰਘ ਖੂਨਣ ਖ਼ੁਰਦ, ਬਾਜ਼ ਸਿੰਘ ਭੁੱਟੀਵਾਲਾ, ਕਾਲਾ ਸਿੰਘ, ਤਾਰਾਵੰਤੀ ਕੌਰ ਸਿੰਘੇਵਾਲਾ ਹਾਜ਼ਰ ਸਨ।
ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਕੇਂਦਰ ਤੇ ਪੰਜਾਬ ਸਰਕਾਰ: ਉਗਰਾਹਾਂ
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀਆਂ ਸਥਾਨਕ ਰਿਹਾਇਸ਼ਾਂ ਅੱਗੇ ਪੱਕੇ ਮੋਰਚੇ ਲਾਏ ਗਏ। ਜਦੋਂ ਕਿ ਜ਼ਿਲ੍ਹੇ ਦੇ ਬਡਬਰ ਤੇ ਮੱਲ੍ਹੀਆਂ ਟੌਲ ਪਲਾਜ਼ਾ ਪਹਿਲਾਂ ਹੀ ਮੁਫ਼ਤ ਕੀਤਾ ਹੋਇਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਰੂਪ ਸਿੰਘ ਛੰਨਾ ਤੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦਿੱਲੀ ਅੰਦੋਲਨ ਦਾ ਬਦਲਾ ਲੈਣ ਲਈ ਝੋਨੇ ਦੀ ਖਰੀਦ ਨਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਉਥੇ ਸੂਬੇ ਦੀ ‘ਆਪ’ ਸਰਕਾਰ ਵੀ ਵਾਅਦੇ ਅਨੁਸਾਰ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਨਾ ਕਰਕੇ ਅਤੇ ਪਰਾਲੀ ਸਾੜਨ ’ਤੇ ਮਜਬੂਰ ਕਿਸਾਨਾਂ ਖ਼ਿਲਾਫ਼ ਕਰਕੇ ਉਨ੍ਹਾਂ ’ਤੇ ਕਹਿਰ ਢਾਹ ਰਹੀ ਹੈ। ਇਸ ਮੌਕੇ ਕ੍ਰਿਸ਼ਨ ਸਿੰਘ ਛੰਨਾ,ਬਿੰਦਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਨਿਰਪਜੀਤ ਸਿੰਘ ਬਡਬਰ, ਰਾਮ ਸਿੰਘ ਸੰਘੇੜਾ, ਕੁਲਜੀਤ ਸਿੰਘ ਵਜੀਦਕੇ, ਕਮਲਜੀਤ ਕੌਰ ਬਰਨਾਲਾ ਤੇ ਲਖਵੀਰ ਕੌਰ ਆਦਿ ਆਗੂ ਹਾਜ਼ਰ ਸਨ।