For the best experience, open
https://m.punjabitribuneonline.com
on your mobile browser.
Advertisement

ਲੱਦਾਖ ਵਿੱਚ ਪੰਜ ਜਵਾਨ ਨਦੀ ’ਚ ਡੁੱਬੇ

07:27 AM Jun 30, 2024 IST
ਲੱਦਾਖ ਵਿੱਚ ਪੰਜ ਜਵਾਨ ਨਦੀ ’ਚ ਡੁੱਬੇ
Advertisement

ਲੇਹ, 29 ਜੂਨ
ਲੱਦਾਖ ਵਿਚ ਅੱਜ ਤੜਕੇ ਨਯੋਮਾ-ਚੁਸ਼ੁਲ ਇਲਾਕੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਯੋਕ ਨਦੀ ਵਿਚ ਆਏ ਹੜ੍ਹ ਵਿਚ ਰੂਸ ਦਾ ਬਣਿਆ ਟੀ-72 ਟੈਂਕ ਡੁੱਬਣ ਕਾਰਨ ਇਸ ਵਿਚ ਸਵਾਰ ਜੇਸੀਓ (ਜੂਨੀਅਰ ਕਮਿਸ਼ਨਡ ਅਧਿਕਾਰੀ) ਸਣੇ ਥਲ ਸੈਨਾ ਦੇ ਪੰਜ ਜਵਾਨ ਡੁੱਬ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਇੱਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਤੜਕੇ 1 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਦੋ ਟੀ-72 ਟੈਂਕ ਜੰਗੀ ਅਭਿਆਸ ਦੌਰਾਨ ਸ਼ਯੋਕ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਵਹਾਅ ਦੀ ਲਪੇਟ ਵਿੱਚ ਆ ਗਏ। ਫੌਜ ਨੇ ਆਪਣੀਆਂ ਬਚਾਅ ਟੀਮਾਂ ਭੇਜੀਆਂ ਪਰ ਨਦੀ ’ਚ ਪਾਣੀ ਪੱਧਰ ਤੇ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦਾ ਮਿਸ਼ਨ ਕਾਮਯਾਬ ਨਾ ਹੋਇਆ ਤੇ ਜਵਾਨਾਂ ਦੀ ਜਾਨ ਚਲੀ ਗਈ। ਮ੍ਰਿਤਕ ਜਵਾਨਾਂ ਦੀ ਪਛਾਣ ਐੱਮਆਰਕੇ ਰੈੱਡੀ, ਸੁਭਾਨ ਖਾਨ, ਭੁਪੇਂਦਰ ਨੇਗੀ, ਈ ਤੇਈਬਾਮ ਤੇ ਸਦਰਬੋਨੀਆ ਨਾਗਰਜੁਨ ਵਜੋਂ ਹੋਈ ਹੈ। ਇਹ ਸਾਰੇ ਜਵਾਨ 52 ਆਰਮਡ ਰੈਜੀਮੈਂਟ ਨਾਲ ਸਬੰਧਤ ਸਨ ਤੇ ਚੀਨ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਮਹੱਤਵਪੂਰਨ ਦੌਲਤ ਬੇਗ ਓਲਡੀ ਮਿਲਟਰੀ ਬੇਸ ’ਤੇ ਤਾਇਨਾਤ ਸਨ। ਲੇਹ ਆਧਾਰਿਤ ਫਾਇਰ ਐਂਡ ਫਿਊਰੀ ਕੋਰ ਨੇ ਦੱਸਿਆ, ‘ਫੌਜੀ ਅਭਿਆਸ ਗਤੀਵਿਧੀ ਤੋਂ ਹਟਦੇ ਸਮੇਂ ਪੂਰਬੀ ਲੱਦਾਖ ਦੇ ਸਾਸੇਰ ਬ੍ਰਾਂਗਸਾ ਨੇੜੇ ਸ਼ਯੋਕ ਨਦੀ ’ਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਸੈਨਾ ਦਾ ਇੱਕ ਟੈਂਕ ਫਸ ਗਿਆ।’ ਉਨ੍ਹਾਂ ਕਿਹਾ ਕਿ ਜਨਰਲ ਮਨੋਜ ਪਾਂਡੇ ਤੇ ਭਾਰਤੀ ਸੈਨਾ ਦੇ ਹਰ ਰੈਂਕ ਦੇ ਅਧਿਕਾਰੀ ਪੰਜ ਬਹਾਦਰ ਜਵਾਨਾਂ ਦੀ ਜਾਨ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਜ਼ਿਕਰਯੋਗ ਹੈ ਕਿ ਜੂਨ 2020 ’ਚ ਗਲਵਾਨ ਘਾਟੀ ’ਚ ਹੋਈਆਂ ਝੜਪਾਂ ਤੋਂ ਬਾਅਦ ਖਿੱਤੇ ’ਚ ਤਾਇਨਾਤ ਭਾਰਤੀ ਸੈਨਾ ਦੇ ਜਵਾਨ ਹਾਈ ਅਲਰਟ ’ਤੇ ਹਨ। ਸੈਨਾ ਨੇ ਸਰਹੱਦੀ ਵਿਵਾਦ ਨੂੰ ਦੇਖਦਿਆਂ ਪੂਰਬੀ ਲੱਦਾਖ ’ਚ ਵੱਡੀ ਗਿਣਤੀ ’ਚ ਟੈਂਕ ਤਾਇਨਾਤ ਕੀਤੇ ਹੋਏ ਹਨ। ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਵਿਵਾਦ ਜਾਰੀ ਹੈ ਅਤੇ ਸਰਹੱਦੀ ਵਿਵਾਦ ਅਜੇ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ। ਦੋਵੇਂ ਧਿਰਾਂ ਹਾਲਾਂਕਿ ਕਈ ਥਾਵਾਂ ਤੋਂ ਪਿੱਛੇ ਹੱਟ ਚੁੱਕੀਆਂ ਹਨ। ਦੋਵਾਂ ਮੁਲਕਾਂ ਦੀਆਂ ਸੈਨਾਵਾਂ ਵਿਚਾਲੇ ਇੱਥੇ ਕਈ ਝੜਪਾਂ ਵੀ ਹੋ ਚੁੱਕੀਆਂ ਹਨ। -ਪੀਟੀਆਈ

Advertisement

ਰਾਜਨਾਥ ਤੇ ਰਾਹੁਲ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟਾਇਆ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਮਗਰੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇੱਕ ਪੋਸਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ‘ਲੱਦਾਖ ’ਚ ਇੱਕ ਟੈਂਕ ਨੂੰ ਨਦੀ ਪਾਰ ਕਰਾਉਂਦੇ ਸਮੇਂ ਵਾਪਰੇ ਹਾਦਸੇ ’ਚ ਭਾਰਤੀ ਸੈਨਾ ਦੇ ਸਾਡੇ ਪੰਜ ਬਹਾਦਰ ਜਵਾਨਾਂ ਦੀ ਜਾਨ ਜਾਣ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ।’ ਉਨ੍ਹਾਂ ਕਿਹਾ, ‘ਅਸੀਂ ਆਪਣੇ ਬਹਾਦਰ ਜਵਾਨਾਂ ਵੱਲੋਂ ਦੇਸ਼ ਲਈ ਕੀਤੀ ਗਈ ਵਡਮੁੱਲੀ ਸੇਵਾ ਨੂੰ ਕਦੀ ਨਹੀਂ ਭੁੱਲਾਂਗੇ। ਪੀੜਤ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਦੁੱਖ ਦੀ ਘੜੀ ’ਚ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ। ਕਾਂਗਰਸ ਆਗੂਆਂ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨੇ ਵੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪਹਾੜਾਂ ਦੀ ਬਰਫ਼ ਪਿਘਲਣ ਕਾਰਨ ਪਾਣੀ ਦਾ ਪੱਧਰ ਵਧਿਆ

ਨਵੀਂ ਦਿੱਲੀ (ਟਨਸ): ਪਹਾੜਾਂ ਦੀ ਬਰਫ਼ ਪਿਘਲਣ ਕਾਰਨ ਨਦੀ ਦੇ ਪਾਣੀ ਦੇ ਪੱਧਰ ’ਚ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। ਫੌਜ ਦੇ ਜਵਾਨ ਅਭਿਆਸ ਦੌਰਾਨ ਜਿਸ ਟੀ-72 ਟੈਂਕ ਰਾਹੀਂ ਨਦੀ ਪਾਰ ਕਰ ਰਹੇ ਸਨ ਇਹ ਪਾਣੀ ’ਤੇ ਤੈਰਨ ਤੇ ਲਗਾਤਾਰ ਅੱਗੇ ਵਧਣ ਦੇ ਸਮਰੱਥ ਦੱਸੇ ਜਾਂਦੇ ਹਨ। ਸ਼ਯੋਕ ਨਦੀ ਇੱਕ ਮੁੱਖ ਜਲ ਸਰੋਤ ਹੈ ਜੋ ਦੌਲਤ ਬੇਗ ਓਲਡੀ ਹਵਾਈ ਖੇਤਰ ਨੇੜੇ ਡੇਪਸਾਂਗ ਦੇ ਮੈਦਾਨਾਂ ’ਚੋਂ ਹੋ ਕੇ ਵਗਦੀ ਹੈ। ਰਿਮੋ ਕਾਂਗੜੀ ਗਲੇਸ਼ੀਅਰ ਦੇ ਪੂਰਬੀ ਕਿਨਾਰੇ ਤੋਂ ਨਿਕਲਣ ਵਾਲੀ ਸ਼ਯੋਕ ਨਦੀ ਤੇਜ਼ੀ ਨਾਲ ਵਹਿਣ ਵਾਲੀ ਨਦੀ ਹੈ ਅਤੇ ਸਿੰਧੂ ਦੀ ਸਹਾਇਕ ਨਦੀ ਹੈ। ਗਲੇਸ਼ੀਅਰਾਂ ਦੀ ਬਰਫ਼ ਪਿਘਲਣ ਕਾਰਨ ਪਾਣੀ ਦੇ ਪੱਧਰ ’ਚ ਅਚਾਨਕ ਵਾਧਾ ਹੋੲਆ ਹੈ। ਇਹ ਇਲਾਕਾ ਦਰੱਖਤ ਰਹਿਤ ਹੈ ਅਤੇ ਪਹਾੜਾਂ ਦੀਆਂ ਚੋਟੀਆਂ ਤੋਂ ਪਿਘਲੀ ਬਰਫ਼ ਸਿੱਧੇ ਘਾਟੀ ’ਚ ਵਗਦੀ ਨਦੀ ’ਚ ਆ ਕੇ ਮਿਲਦੀ ਹੈ।

Advertisement
Author Image

sukhwinder singh

View all posts

Advertisement
Advertisement
×