ਪੁਆਧੀਆਂ ਕੀਆਂ ਪੌਂ ਬਾਰਾਂ
ਹਰਪ੍ਰੀਤ ਸਿੰਘ ਸਵੈਚ
ਟੈਮ ਟੈਮ ਕੀ ਬਾਤ ਐ। ਕੋਈ ਵੇਲਾ ਹੋਵੇ ਤਾ ਜਦ ਪੰਜਾਬ ਮਾ ਮਾਝਾ, ਮਾਲਵਾ ਅਰ ਦੁਆਬਾ ਈ ਹੋਏ ਕਰੈ ਤਾ। ਮਾਰ੍ਹੇ ਪੁਆਧ ਕਾ ਤਾਂ ਕੋਈ ਨਾਮ ਬੀ ਨੀ ਲਵੇ ਤਾ। ਪੰਜਾਬ ਕਾ ਸਭ ਤੇ ਪੱਛੜਿਆ ਅਰ ਗਰੀਬ ਅਲਾਕਾ ਮੰਨੈ ਕਰੈਂ ਤੇ ਪੁਆਧ ਨੂੰ। ਨਾ ਕੋਈ ਇੱਧਰ ਨੂੰ ਮੂੰਹ ਕਰੈ ਤਾ ਅਰ ਨਾ ਕੋਈ ਮਾਝੇ ਮਾਲਵੇ ਆਲਾ ਮਾਰ੍ਹੇ ਅਲਾਕੇ ਮਾ ਰਿਸ਼ਤਾ ਕਰੇ ਤਾ। ਹੋਰ ਤਾਂ ਹੋਰ ਹਮੈ ਆਪਣੇ ਸਕੂਲ ਕੀਆਂ ਕਿਤਾਬਾਂ ਮਾ ਬੀ ਪੁਆਧ ਕਾ ਨਾਮ ਨੀ ਪੜਿਆ। ਕਈ ਤਾਂ ਮਾਰ੍ਹੇ ਅਲਾਕੇ ਨੂੰ ਮਾਲਵੇ ਕਾ ਹੀ ਹਿੱਸਾ ਦੱਸੈ ਕਰੈਂ ਤੇ।
ਮਾਨੂੰ ਤਾਂ ਚੰਡੀਗੜ੍ਹੀਆਂ ਨੇ ਦੇਸੀ ਕਹਿ ਕਹਿ ਬਹੁਤ ਲਤਾੜਿਆ। ਹੁਣ ਕੁੱਛ ਕ ਸਾਲਾਂ ਤੇ ਪਤਾ ਲੱਗਣ ਲੱਗਿਆ ਬਈ ਚੰਡੀਗੜ੍ਹ ਕੀ ਤਾਂ ਬੁਨਿਆਦ ਈ ਮਾਰ੍ਹੇ ਪੁਆਧ ਕੇ ਪਿੰਡਾਂ ਨੂੰ ਉਜਾੜ ਕੇ ਰੱਖੀ ਬੀ ਐ। ਮੇਰੇ ਨਾਨਾ ਜੀ ਸਰਦਾਰ ਪ੍ਰਨਾਮ ਸਿੰਘ ਸਾਰੰਗਪੁਰ ਦੱਸੇ ਕਰੈਂ ਤੇ ਬਈ ਚੰਡੀਗੜ੍ਹ ਕੇ ਸੈਕਟਰ 8 ਕੇ ਗੁਰਦੁਆਰਾ ਸਾਹਿਬ ਕੇ ਸਾਹਮਣੇ ਇਬ ਜਿਹੜੀਆਂ ਮਹਿਲਨੁਮਾ ਕੋਠੀਆਂ ਬਣੀਆਂ ਬੀਆਂ, ਉੱਥੇ ਮਾਰ੍ਹੇ ਪਿੰਡ ਕਾਲੀਬੜ ਕਾ ਟੋਭਾ ਹੋਏ ਕਰੇ ਤਾ, ਜਿੱਥੇ ਤੇ ਕੌਡੀਆਂ ਕੇ ਭਾਅ ਜ਼ਮੀਨ ਐਕਵੈਰ ਕਰਕੇ ਮਾਰ੍ਹੇ ਲੋਕਾਂ ਨੂੰ ਠਾਲਿਆ ਗਿਆ।
ਮਾਰ੍ਹੇ ਅਲਾਕੇ ਕੇ ਪੱਛੜੇ ਹੋਣ ਕਾ ਇਕ ਵੱਡਾ ਕਾਰਨ ਯੌ ਤਾ ਬਈ ਮਾਰ੍ਹੀਆਂ ਜ਼ਮੀਨਾਂ ਮਾੜੀਆਂ ਤੀਆਂ, ਪਾਣੀ ਘੱਟ ਹੋਵੇ ਤਾ, ਖਾਣ ਨੂੰ ਬੀ ਦਾਣੇ ਮਸਾਂ ਈ ਹੋਵੇਂ ਤੇ। ਸਿਆਣੇ ਕਹੈ ਕਰਾਂ ਬਈ ਸਮਾਂ ਬਦਲਦਿਆਂ ਟੈਮ ਨੀ ਲੱਗਦਾ। ਓਹੀ ਬਾਤ ਹੋਈ, ਬੰਜਰ ਜ਼ਮੀਨਾਂ ਸੋਨਾ ਉਗਲਣ ਲੱਗ ਗੀਆਂ ਅਰ ਮਾਰ੍ਹਾ ਅਲਾਕਾ ਪੁਆਧ ਬੀ ਪੰਜਾਬ ਅਰ ਦੁਨੀਆ ਕੇ ਨਕਸ਼ੇ ਮਾ ਆਣ ਲੱਗਿਆ। ਕੁੱਛ ਮਾਰ੍ਹੇ ਅਲਾਕੇ ਕੇ ਮੌਹਤਬਰ ਲੇਖਕਾਂ, ਕਲਾਕਾਰਾਂ ਅਰ ਫਨਕਾਰਾਂ ਨੇ ਬੀ ਮਾਰ੍ਹੇ ਅਲਾਕੇ ਅਰ ਮਾਰ੍ਹੀ ਬੋਲੀ ਕੀਆਂ ਬਾਤਾਂ ਦੁਨੀਆ ਤੱਕ ਪਹੁੰਚਾਣੇ ਮਾ ਕੋਈ ਕਸਰ ਨੀ ਛੱਡੀ।
ਜਦ ਤੇ ਮਾਰ੍ਹੇ ਅਲਾਕੇ ਕੀਆਂ ਜ਼ਮੀਨਾਂ ਐਕਵੈਰ ਹੋਣ ਲੱਗੀਆਂ, ਅਲਾਕੇ ਕੀ ਤਕਦੀਰ ਬਦਲਗੀ। ਥੋਕ ਕੇ ਹਸਾਬ ਤੇ ਪੈਸੇ ਖਾਤਿਆਂ ਮਾ ਆ ਗਏ। ਪਿੰਡਾਂ ਕੇ ਕਈ ਬਾਬੇ ਤਾਂ ਇਕਲਖਤ ਐਨਾ ਪੈਸਾ ਦੇਖ ਕੈ ਬੌਂਦਲਗੇ, ਕਈ ਕਈ ਦਿਨ ਹੋਸ਼ ਨਾ ਆਈ। ਮੇਰੇ ਗੈਲ ਕਾਲਜ ਮਾ ਛੱਤ ਪਿੰਡ ਕਾ ਇਕ ਮੁੰਡਾ ਪੜੈ ਕਰੇ ਤਾ। ਉਨਕੀ ਜ਼ਮੀਨ ਨਵੀਂ ਨਵੀਂ ਐਕਵੈਰ ਹੋਈ ਤੀ। ਉਸ ਨੇ ਆਪਣੇ ਬਾਪੂ ਨੂੰ ਮੋਬੈਲ ਕੀ ਫਰਮੈਸ਼ ਕਰਤੀ। ਜਦ ਨੋਕੀਆ ਕਾ ਬਹੁਤ ਵਧੀਆ ਮੋਬੈਲ ਆਵੇਤਾ। ਅੱਗੇ ਬਾਪੂ ਵੀ ਡੰਗਰਾਂ ਨੂੰ ਕੱਖ ਕੰਡਾ ਪਾ ਕੇ ਮੈਲਾ ਜਾ ਝੱਗਾ ਝਾੜ ਕੇ ਇਕ ਮੋਢੇ ਪਾ ਪਰਨਾ ਅਰ ਦੂਸਰੇ ਪਾ ਪੈਸਿਆਂ ਆਲਾ ਝੋਲਾ ਟੰਗ ਚੰਡੀਗੜ੍ਹ ਕੇ ਸੈਕਟਰ 22 ਕੀ ਮਾਰਕਿਟ ਮਾ ਆ ਗਿਆ। ਦੁਕਾਨਦਾਰ ਨੂੰ ਅਖੈ “ਬਈ ਮੋਬੈਲ ਲੈਣਾ”। ਦੁਕਾਨਦਾਰ ਨੇ ਦੇਖਿਆ ਬਾਬਾ ਤਾਂ ਊਂਈ ਲਗਾ। ਉਸਨੇ ਮਜ਼ਾਕ ਮਜ਼ਾਕ ਮਾ ਕਹਿ ਤਿਆ “ਬਾਬਾ ਮੋਬੈਲ ਲੈਣਾ ਤੇਰੇ ਬੱਸ ਕੀ ਬਾਤ ਨੀ”। ਬਾਪੂ ਕਹੈ “ਖਰੀਦਣੇ ਨੂੰ ਤਾਂ ਤੇਰੀ ਦੁਕਾਨ ਬੀ ਖਰੀਦ ਲਹਾਂ, ਤੌਂ ਐਂ ਦੱਸ ਮੋਬੈਲ ਕਿੰਨੇ ਕਾ?”। ਦੁਕਾਨਦਾਰ ਨੇ ਕਿਹਾ ਤਿੰਨ ਹਜ਼ਾਰ ਕਾ। ਬਾਪੂ ਝੋਲੇ ਮਾ ਤੇ ਪੈਸੇ ਕੱਢ ਕਹਾ, “ਇਊਂ ਕਰ, ਅੱਧੀ ਦਰਜਨ ਦੇ ਦੇ”। ਦੁਕਾਨਦਾਰ ਕੀਆਂ ਅੱਖਾਂ ਅੱਡੀਆਂ ਈ ਰਹਿ ਗੀਆਂ। ਟੱਬਰ ਤਾਂ ਟੱਬਰ ਬਾਪੂ ਆਪਣੇ ਸੀਰੀ ਵਾਸਤੇ ਬੀ ਮੋਬੈਲ ਲੈ ਆਇਆ। ਕਹਿਣ ਕਾ ਮਤਬਲ ਮਾਰ੍ਹੇ ਲੋਕਾਂ ਪਾ ਪੈਸੇ ਤਾਂ ਬਹੁਤ ਪਹਿਲਾਂ ਆ ਗਏ ਪਰ ਪੈਸੇ ਖਰਚਣੇ ਕੀ ਅਕਲ ਬਹੁਤ ਦੇਰ ਮਾ ਆਈ, ਕਈਆਂ ਨੂੰ ਤਾਂ ਹਲਾਂ ਬੀ ਨੀ ਆਈ। ਜਿਨ੍ਹਾਂ ਬਾਬਿਆਂ ਕੇ ਪੈਰ੍ਹਾਂ ਮਾ ਕਦੇ ਸਬੂਤੀ ਜੁੱਤੀ ਨਾ ਪਵੇਤੀ, ਉਨਕੇ ਪੋਤਰੇ ਅੱਜ ਦਸ-ਦਸ ਹਜ਼ਾਰ ਕੇ ਬੂਟ ਪਾਉਣ ਲੱਗੇ ਬੀ ਸ਼ਰਮਾਵਾਂ। ਬੀ.ਐਮ.ਡਬਲਿਊ, ਮਰਸਡੀਜ਼, ਫਾਰਚੂਨਰਾਂ ਤਾਂ ਮਾਰ੍ਹੇ ਪਿੰਡਾਂ ਕੇ ਡੰਗਰਾਂ ਆਲੇ ਬਾੜਿਆਂ ਮਾ ਖੜੀਆਂ ਰਹਾਂ। ਹੁਣ ਤਾਂ ਸੱਥਾਂ ਮਾ ਜਹਾਜ਼ ਨੂੰ ਦੇਖ ਕੇ ਯੌਹ ਗੱਲਾਂ ਬੀ ਕਰਨ ਲੱਗ ਗੇ, “ਬਈ, ਕਿੰਨੇ ਕ ਕਾ ਆਉਂਦਾ ਹੋਓ ਭਲਾ।”
ਸੋਨਾ ਬਣੀਆਂ ਮਾਰ੍ਹੀਆਂ ਜ਼ਮੀਨਾਂ ਨੇ ਮਾਰ੍ਹੇ ਅਲਾਕੇ ਕੇ ਲੋਕਾਂ ਕੀ ਜ਼ਿੰਦਗੀ ਸੁਆਰੀ ਤਾਂ ਐ ਪਰ ਹਮੈਂ ਇਸ ਕਾ ਬੜਾ ਵੱਡਾ ਮੁੱਲ ਤਾਰ ਰਹੇ ਆਂ। ਜ਼ਮੀਨਾਂ ਕੇ ਪੈਸਿਆਂ ਨੇ ਮਾਰ੍ਹੇ ਲੋਕਾਂ ਕਾ ਸਬਰ ਖਤਮ ਕਰਤਾ ਅਰ ਮਾਰ੍ਹੀ ਅਗਲੀ ਪੀੜੀ ਜਮਾ ਵਿਹਲੀ ਕਰਤੀ। ਹੁਣ ਮਾਰ੍ਹੇ ਅੱਲੜ ਉਮਰ ਕੇ ਮੁੰਡੇ ਖੁਦ ਨੂੰ ਅੰਬਾਨੀਆਂ ਕੇ ਮੁੰਡੇ ਤੇ ਘੱਟ ਨਾ ਸਮਝੈ। “ਮਿਹਨਤ” ਸ਼ਬਦ ਮਾਰ੍ਹੇ ਸ਼ਬਦਕੋਸ਼ ਮਾ ਤੇ ਖਤਮ ਹੋ ਗਿਆ। ਮਾਰ੍ਹੇ ਕਈ ਮੁੰਡੇ ਹਥਿਆਰਾਂ ਅਰ ਨਸ਼ਿਆਂ ਕੀ ਦਲਦਲ ਮਾ ਫਸਗੇ। ਵਿੱਤ ਤੇ ਬਾਹਰ ਬੇਹਿਸਾਬੀ ਖਰਚ ਨੇ ਕਈ ਕਈ ਪਿੰਡਾਂ ਕੇ ਪਰਿਵਾਰ ਖਾਲੀ ਕਰਤੇ। ਜ਼ਮੀਨਾਂ ਰਹੀਆਂ ਨੀ, ਪੈਸੇ ਗੈਲ ਕੁੱਝ ਬਣਾਇਆ ਨੀ, ਮਿਹਨਤ ਆਲੀ ਉਮਰ ਮਾ ਕਰੀ ਐਸ਼ ਨੇ ਹੁਣ ਮਿਹਨਤ ਕਰਨ ਜੋਗੇ ਛੱਡੇ ਨੀ। ਆਈਲਟਾਂ ਕਰਕੇ ਬਦੇਸ਼ਾਂ ਮਾ ਚਲੇ ਜਹਾਂ, ਉੱਥੇ ਮਿਹਨਤ ਹੁੰਦੀ ਨੀ, ਫੇਰ ਕਈ ਵਾਪਸ ਆ ਜਹਾਂ, ਐਨੇ ਨੂੰ ਉਮਰ ਨਿਕਲ ਜਾ, ਕਾਸੇ ਜੋਗੇ ਰਹਿੰਦੇ ਨਹੀਂ, ਗਾਲਾਂ ਬਾਪੂ ਨੂੰ ਕੱਢੀ ਜਹਾਂ ਤੈਂ ਮਾਰ੍ਹੇ ਵਾਸਤੇ ਕੁੱਛ ਕਰਿਆ ਨੀ। ਇਨ ਹਲਾਤਾਂ ਤੇ ਮਾਨੂੰ ਬਹੁਤ ਕੁੱਝ ਸਿਖਣੇ ਕੀ ਜ਼ਰੂਰਤ ਐ। ਅੱਛਿਆ ਇਊਂ ਬੀ ਨੀ ਹੈ, ਬਈ ਸਾਰੇ ਈ ਪੁਆਧੀਆਂ ਕੀਆਂ ਲਹਿਰਾਂ ਬਹਿਰਾਂ ਹੋ ਗਈਆਂ। ਕਈ ਤਾਂ ਬਚਾਰੇ ਹਲੇ ਵੀ ਉਸੀ ਤਰ੍ਹਾਂ ਤੰਗੀਆਂ ਤੁਰਸ਼ੀਆਂ ਆਲੀ ਜ਼ਿੰਦਗੀ ਬਿਤਾ ਰਹੈ। ਮੈਂ ਕਹਾਂ, ਉਹ ਬਹੁਤ ਵਧੀਆ ਰਹਿਗੇ, ਘੱਟੋ-ਘੱਟ ਉਹ ਧਰਤੀ ਪਾ ਤਾਂ ਹੈ, ਜ਼ਮੀਨਾਂ ਕੇ ਪੈਸਿਆਂ ਨੇ ਤਾਂ ਪੈਰ ਧਰਤੀ ਪਾ ਤੇ ਪੱਟ ਤੇ।
ਪੁਆਧੀਓ, ਜੇ ਹਮੇ ਇਬ ਬੀ ਸੰਭਲ ਕੇ ਨਾ ਚੱਲੇ ਤਾਂ ਮਾਰ੍ਹੀਆਂ ਅਗਲੀਆਂ ਪੀੜੀਆਂ ਨੇ ਮਾਨੂੰ ਕਦੇ ਮੁਆਫ਼ ਨੀ ਕਰਨਾ। ਸੱਤਵੇਂ ਪਾਤਸ਼ਾਹ ਨੇ ਪੁਆਧ ਕੇ ਜਿਸ ਪਿੰਡ ਮਾ ਚਰਨ ਪਾਏ ਤੇ, ਉਸ ਪਿੰਡ ਕੀ ਵਿਰਾਸਤ ਨੂੰ ਹਮੇ ਸਾਂਭ ਨੀ ਸਕੇ। ਜ਼ਮੀਨ ਐਕਵੈਰ ਹੋਣਾ ਤਾਂ ਮਜਬੂਰੀ ਐ ਪਰ ਆਪਣੇ ਕੋਲ ਤੇ ਜ਼ਮੀਨਾਂ ਵੇਚਣ ਆਲਾ ਵਰਤਾਰਾ ਮਾੜਾ ਐ। ਬੜੇ ਬੜੇ ਲਾਲੇ ਮਾਰ੍ਹੇ ਅਲਾਕੇ ਮਾ ਜ਼ਮੀਨਾਂ ਖਰੀਦ ਰਹੇ ਐਂ ਅਰ ਲਾਲਿਆਂ ਕਾ ਦਿਮਾਗ ਮਾਤੇ ਜ਼ਿਆਦਾ ਈ ਚੱਲਾ। ਫੋਕੀਆਂ ਸ਼ਾਨੋ ਸ਼ੌਹਰਤਾਂ ਅਰ ਕਿਸੀ ਕੀ ਰੀਸ ਕਰਕੇ ਆਪਣਾ ਝੱਗਾ ਚੌੜ ਕਰਨਾ ਠੀਕ ਬਾਤ ਨੀ। ਪੁਆਧੀਓ, ਮੰਨਿਆ ਥਾਰ੍ਹੀਆਂ ਪੌ ਬਾਰਾਂ ਹੋ ਗਈਆਂ ਪਰ ਜ਼ਮੀਨ ਤੇ ਟੁੱਟ ਕੇ ਥਮੇਂ ਜ਼ਿਆਦਾ ਦੇਰ ਤੱਕ ਪੌ ਬਾਰਾਂ ਕੈਮ ਨੀ ਰੱਖ ਸਕਦੇ। ਸਿਆਣੇ ਕਹੇ ਕਰਾਂ ਬਈ ਚੀਜ਼ ਬਗਾੜਨੀ ਸੌਖੀ ਪਰ ਬਣਾਉਣੀ ਬਹੁਤ ਔਖੀ। ਮਾਰ੍ਹੇ ਅਲਾਕੇ ਅਰ ਮਾਰ੍ਹੀ ਬੋਲੀ ਨੂੰ ਸਾਂਭਣ ਕੀ ਜ਼ਿੰਮੇਵਾਰੀ ਕਿਸੇ ਹੋਰ ਕੀ ਨੀ ਸਮਕਾਂ ਮਾਰ੍ਹੀ ਆਪਣੀ ਬਣਾ।
ਸੰਪਰਕ: 98782-24000