ਜੰਮੂ ਕਸ਼ਮੀਰ ਵਿੱਚ ਫ਼ੌਜੀ ਵਾਹਨ ਖੱਡ ਵਿੱਚ ਡਿੱਗਿਆ, ਪੰਜ ਜਵਾਨ ਸ਼ਹੀਦ
06:33 AM Dec 25, 2024 IST
ਮੇਂਧੜ/ਜੰਮੂ, 24 ਦਸੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਸ਼ਾਮ ਨੂੰ ਫੌਜ ਦਾ ਵਾਹਨ 300 ਤੋਂ 350 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ, ਜਦੋਂਕਿ ਪੰਜ ਜ਼ਖ਼ਮੀ ਹੋ ਗਏ। ਘਟਨਾ ਘਰੋਆ ਇਲਾਕੇ ਵਿੱਚ ਉਸ ਸਮੇਂ ਹੋਈ ਜਦੋਂ ਫੌਜ ਦਾ ਵਾਹਨ ਜ਼ਿਲ੍ਹੇ ਵਿੱਚ ਬਨੋਈ ਨੂੰ ਜਾ ਰਿਹਾ ਸੀ। ਬਚਾਅ ਟੀਮ ਨੇ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਕਰੀਬ 300-350 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਹਨ।
ਉਧਰ ਵ੍ਹਾਈਟ ਨਾਈਟ ਕੋਰ ਨੇ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਵ੍ਹਾਈਟਨਾਈਟ ਕੋਰ ਦੇ ਸਾਰੇ ਰੈਂਕ ਪੁਣਛ ਸੈਕਟਰ ਵਿੱਚ ਅਪਰੇਸ਼ਨ ਡਿਊਟੀ ਦੌਰਾਨ ਹਾਦਸੇ ਵਿੱਚ ਪੰਜ ਸੈਨਿਕਾਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਬਚਾਅ ਮੁਹਿੰਮ ਜਾਰੀ ਹੈ ਤੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।’’ -ਪੀਟੀਆਈ
Advertisement
Advertisement