For the best experience, open
https://m.punjabitribuneonline.com
on your mobile browser.
Advertisement

ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਪੰਜ ਸ਼ੂਟਰ ਨਾਜਾਇਜ਼ ਅਸਲੇ ਸਣੇ ਕਾਬੂ

08:04 AM Apr 23, 2024 IST
ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਪੰਜ ਸ਼ੂਟਰ ਨਾਜਾਇਜ਼ ਅਸਲੇ ਸਣੇ ਕਾਬੂ
ਐਸਐਸਪੀ ਡਾਕਟਰ ਸੰਦੀਪ ਗਰਗ ਅਤੇ ਹੋਰ ਅਧਿਕਾਰੀ ਫੜੇ ਗਏ ਗੈਂਗਸਟਰਾਂ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ। -ਫੋਟੋ ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 22 ਅਪਰੈਲ
ਡੇਰਾਬੱਸੀ ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਪੰਜ ਸ਼ੂਟਰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਐੱਸਐੱਸਪੀ ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਡੇਰਾਬੱਸੀ ਅਜੀਤੇਸ਼ ਕੌਸ਼ਲ ਦੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਚੋਰੀਸ਼ੁਦਾ ਮੋਟਰਸਾਈਕਲ ’ਤੇ ਜਾਅਲੀ ਨੰਬਰ ਲਗਾ ਕੇ ਨਾਜਾਇਜ਼ ਅਸਲੇ ਨਾਲ ਲੈਸ ਹੋ ਕੇ ਡੇਰਾਬੱਸੀ ਇਲਾਕੇ ਵਿੱਚ ਵਾਰਦਾਤ ਕਰਨ ਦੀ ਫਿਰਾਕ ਵਿੱਚ ਹਨ। ਪੁਲੀਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਪਾਸੋ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨਾਜਾਇਜ਼ ਪਿਸਤੌਲ .32 ਬੋਰ ਬਰਾਮਦ ਕੀਤੇ ਗਏ। ਮੁਲਜ਼ਮਾਂ ਨੇ ਮੁੱਢਲੀ ਪੁੱਛਗਿਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਡੇਰਾਬੱਸੀ ਬੱਸ ਸਟੈਂਡ ਤੋਂ ਆਪਣੇ ਸਾਥੀ ਕਾਰਤਿਕ ਉਰਫ ਆਸ਼ੂ ਨੂੰ ਆਪਣੇ ਨਾਲ ਵਾਰਦਾਤ ਵਿੱਚ ਅੰਜਾਮ ਦੇਣ ਲਈ ਨਾਲ ਲੈਣਾ ਸੀ। ਉਨ੍ਹਾਂ ਦੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਕਾਰਤਿਕ ਉਰਫ ਆਸ਼ੂ ਨੂੰ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਕੇ ਰਾਈਫਲ 12 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜ਼ਮਾ ਪਾਸੋਂ ਕੀਤੀ ਗਈ ਪੁੱਛਗਿਛ ਮਗਰੋਂ ਇਨ੍ਹਾਂ ਦੇ ਸਾਥੀਆਂ ਰਮਨਦੀਪ ਸਿੰਘ ਨੂੰ ਨਾਜਾਇਜ਼ ਪਿਸਤੌਲ .32 ਬੋਰ ਅਤੇ ਜੈਦੀਪ ਰਾਜਸਥਾਨੀ ਨੂੰ ਇਕ ਪਿਸਤੌਲ .30 ਬੋਰ ਸਣੇ ਗ੍ਰਿਫਤਾਰ ਕੀਤਾ ਗਿਆ। ਜੈਦੀਪ ਰਾਜਸਥਾਨੀ ਪਾਸੋਂ ਕੀਤੀ ਗਈ ਪੁੱਛਗਿਛ ਦੌਰਾਨ ਇੱਕ ਹੋਰ ਨਾਜਾਇਜ਼ ਪਿਸਤੌਲ .32 ਬੋਰ ਤੇ ਦੋ ਕਾਰਤੂਸ ਅਤੇ ਤਿੰਨ ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ।
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੈਦੀਪ ਰਾਜਸਥਾਨੀ ਕਾਫੀ ਸਮੇਂ ਤੋਂ ਭਿਵਾਨੀ (ਹਰਿਆਣਾ) ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਮਿੰਟੂ ਮੋਦਸੀਆ ਦੇ ਸਪੰਰਕ ਵਿੱਚ ਸੀ ਅਤੇ ਮਿੰਟੂ ਮੋਦਸੀਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ਅਨੁਸਾਰ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜੈਦੀਪ ਰਾਜਸਥਾਨੀ, ਮਿੰਟੂ ਮੋਦਸੀਆ ਦੇ ਕਹਿਣ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਡੇਰਾਬੱਸੀ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਐੱਸਐੱਸਪੀ ਨੇ ਦੱਸਿਆ ਇਸ ਮਾਮਲੇ ਵਿੱਚ ਹਰਸ਼ਪ੍ਰੀਤ ਸਿੰਘ ਵਾਸੀ ਪਿੰਡ ਜਟਵਾੜ, ਜ਼ਿਲ੍ਹਾ ਅੰਬਾਲਾ, ਰਾਜਵੀਰ ਸਿੰਘ ਉਰਫ ਭੀਮ ਵਾਸੀ ਪਿੰਡ ਜਟਵਾੜ, ਜ਼ਿਲ੍ਹਾ ਅੰਬਾਲਾ, ਕਾਰਤਿਕ ਉਰਫ਼ ਆਸ਼ੂ ਵਾਸੀ ਫਲੈਟ ਨੰਬਰ 5124, ਟਾਵਰ-ਆਈ, ਐੱਸਬੀਪੀ ਹਾਊਸਿੰਗ ਪਾਰਕ ਡੇਰਾਬੱਸੀ, ਰਮਨਦੀਪ ਵਾਸੀ ਬਰਵਾਲਾ, ਜ਼ਿਲ੍ਹਾ ਪੰਚਕੂਲਾ ਅਤੇ ਮੁੱਖ ਸ਼ੂਟਰ ਜੈਦੀਪ ਵਾਸੀ ਪਿੰਡ ਸਿੱਦਮੁੱਖ, ਜ਼ਿਲ੍ਹਾ ਚੁਰੂ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisement

ਬੰਦੂਕ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਬੰਦੂਕ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਪੁਲੀਸ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ, ਤਿੰਨ ਕਾਰਤੂਸ, ਇੱਕ ਡੰਮੀ ਰਿਵਾਲਵਰ, ਲੋਕਾਂ ਕੋਲੋਂ ਖੋਹੀਆਂ ਦੋ ਕਾਰਾਂ (ਟੈਕਸੀਆਂ) ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐੱਸਪੀ ਜਯੋਤੀ ਯਾਦਵ ਅਤੇ ਡੀਐੱਸਪੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਹਰਵਿੰਦਰ ਸਿੰਘ ਉਰਫ਼ ਰਾਜਾ, ਮਨਵਿੰਦਰ ਸਿੰਘ ਉਰਫ਼ ਮਿੰਟੂ ਅਤੇ ਕਮਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਆਪਸ ਵਿੱਚ ਮਿਲ ਕੇ ਨਾਜਾਇਜ਼ ਹਥਿਆਰਾਂ ਦੀ ਨੋਕ ’ਤੇ ਲੱਟਾਂ-ਖੋਹਾਂ ਕਰਦੇ ਸਨ। ਇਹ ਮੁਲਜ਼ਮ ਹਥਿਆਰ ਦੀ ਨੋਕ ’ਤੇ ਖੋਹੀਆਂ ਗੱਡੀਆਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਗਰੋਹ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਬੰਦੂਕ ਦੀ ਨੋਕ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧੀ ਇਨ੍ਹਾਂ ਖ਼ਿਲਾਫ਼ ਧਾਰਾ 379ਬੀ, 473, 411, 34 ਅਤੇ ਅਸਲਾ ਐਕਟ ਤਹਿਤ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਹਰਵਿੰਦਰ ਉਰਫ਼ ਰਾਜਾ ਅਤੇ ਕਮਲਪ੍ਰੀਤ ਸਿੰਘ ਨੇ ਬੀਤੀ 3 ਅਪਰੈਲ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸੀਜੀਸੀ ਕਾਲਜ ਲਾਂਡਰਾਂ ਕਾਲਜ ਆਉਣ ਲਈ ਟੈਕਸੀ ਕਿਰਾਏ ’ਤੇ ਕੀਤੀ ਸੀ। ਸੈਕਟਰ-86 ਅਤੇ ਸੈਕਟਰ-79 ਜ਼ਿਲ੍ਹਾ ਅਦਾਲਤ ਕੰਪਲੈਕਸ ਵੱਲ ਜਾਂਦੀ ਸੜਕ ’ਤੇ ਉਨ੍ਹਾਂ ਹਥਿਆਰ ਦਿਖਾ ਕੇ ਡਰਾਈਵਰ ਕੋਲੋਂ ਗੱਡੀ ਖੋਹ ਲਈ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵੱਖਰਾ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਰਵਿੰਦਰ ਉਰਫ਼ ਰਾਜਾ ਅਤੇ ਮਨਵਿੰਦਰ ਮਿੰਟੂ ਨੇ ਬੀਤੀ 10 ਅਪਰੈਲ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਸਨੇਟਾ ਜਾਣ ਲਈ ਵੀ ਇੱਕ ਟੈਕਸੀ ਕਿਰਾਏ ’ਤੇ ਕੀਤੀ ਸੀ ਅਤੇ ਸੈਕਟਰ-98 ਕੋਲ ਪਹੁੰਚ ਕੇ ਬੰਦੂਕ ਦੀ ਨੋਕ ’ਤੇ ਟੈਕਸੀ ਖੋਹ ਲਈ ਸੀ। ਇਸ ਸਬੰਧੀ ਵੀ ਉਨ੍ਹਾਂ ਖ਼ਿਲਾਫ਼ ਸੋਹਾਣਾ ਥਾਣੇ ’ਚ ਪਰਚਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਸਵਿਫ਼ਟ ਡਿਜ਼ਾਇਰ ਕਾਰ, ਇੱਕ ਇੰਡੀਗੋ ਕਾਰ, ਜਾਅਲੀ ਨੰਬਰ ਪਲੇਟਾਂ, ਇੱਕ ਪਿਸਤੌਲ .32 ਬੋਰ ਸਮੇਤ ਤਿੰਨ ਕਾਰਤੂਸ, ਇੱਕ ਡੰਮੀ ਰਿਵਾਲਵਰ, ਇੱਕ ਮੋਬਾਈਲ ਫੋਨ, ਇੱਕ ਏਟੀਐੱਮ ਕਾਰਡ ਵੀ ਬਰਾਮਦ ਕੀਤਾ ਗਿਆ ਹੈ।

Advertisement
Author Image

Advertisement
Advertisement
×