ਭਾਰਤੀ ਹਾਕੀ ਟੀਮ ’ਚ ਅੰਮ੍ਰਿਤਸਰ ਦੇ ਪੰਜ ਖਿਡਾਰੀ ਸ਼ਾਮਲ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਅੰਮ੍ਰਿਤਸਰ ਦੇ ਪੰਜ ਹਾਕੀ ਖਿਡਾਰੀਆਂ ਨੂੰ ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ 16 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕੌਮੀ ਹਾਕੀ ਟੀਮ ਵਿੱਚ ਸ਼ਾਮਲ ਕੀਤੇ ਕਪਤਾਨ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਜਰਮਨਪ੍ਰੀਤ ਸਿੰਘ, ਸਮਸ਼ੇਰ ਸਿੰਘ ਅਤੇ ਜੁਗਰਾਜ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਹਨ।
ਪਿਛਲੇ ਕੁਝ ਸਾਲਾਂ ਤੋਂ ਅੰਮ੍ਰਿਤਸਰ ਦੇ ਹਾਕੀ ਖਿਡਾਰੀ ਭਾਰਤੀ ਹਾਕੀ ਟੀਮ ਦਾ ਮਜ਼ਬੂਤ ਹਿੱਸਾ ਬਣੇ ਹੋਏ ਹਨ। ਇੱਥੋਂ ਦੇ ਚਾਰ ਖਿਡਾਰੀ ਉਸ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ, ਜਿਸ ਨੇ ਏਸ਼ੀਆਈ ਖੇਡਾਂ 2023 ਦੇ ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਸਮਸ਼ੇਰ, ਗੁਰਜੰਟ, ਹਰਮਨਪ੍ਰੀਤ ਅਤੇ ਦਿਲਪ੍ਰੀਤ ਸਿੰਘ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ।
ਭਾਰਤੀ ਹਾਕੀ ਟੀਮ ਦੀ ਕਪਤਾਨ ਹਰਮਨਪ੍ਰੀਤ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਖੁਸ਼ ਹੈ ਕਿ ਉਸ ਦਾ ਪੁੱਤਰ ਦੁਨੀਆਂ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗਾ। ਸਮਸ਼ੇਰ ਦੇ ਪਿਤਾ ਹਰਦੇਵ ਸਿੰਘ ਨੇ ਕਿਹਾ ਕਿ ਨਾ ਸਿਰਫ਼ ਉਨ੍ਹਾਂ ਦਾ ਪਰਿਵਾਰ ਬਲਕਿ ਅਟਾਰੀ ਦਾ ਪੂਰਾ ਸਰਹੱਦੀ ਇਲਾਕਾ ਫਖ਼ਰ ਮਹਿਸੂਸ ਕਰ ਰਿਹਾ ਹੈ। ਹਾਕੀ ਖਿਡਾਰੀ ਗੁਰਜੰਟ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਸਣੇ ਪਿੰਡ ਦੇ ਸਾਰੇ ਵਸਨੀਕ ਬਹੁਤ ਖੁਸ਼ ਹਨ ਕਿ ਉਹ ਓਲੰਪਿਕ ਖੇਡਾਂ ਵਿੱਚ ਕੌਮੀ ਹਾਕੀ ਟੀਮ ਵਿੱਚ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਚੋਣਕਾਰ ਬਲਵਿੰਦਰ ਸਿੰਘ ਸ਼ੰਮੀ, ਸਾਬਕਾ ਓਲੰਪੀਅਨ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।