ਸ੍ਰੀਕਾਂਤ ਸ਼ਿੰਦੇ, ਸੁਕਾਂਤਾ ਮਜੂਮਦਾਰ ਸਣੇ ਪੰਜ ਜਣਿਆਂ ਨੂੰ ‘ਸੰਸਦ ਰਤਨ’ ਪੁਰਸਕਾਰ
ਨਵੀਂ ਦਿੱਲੀ: ਭਾਜਪਾ ਦੇ ਸੁਕਾਂਤਾ ਮਜੂਮਦਾਰ ਤੇ ਸ਼ਿਵ ਸੈਨਾ ਦੇ ਸ੍ਰੀਕਾਂਤ ਸ਼ਿੰਦੇ ਸਣੇ ਪੰਜ ਲੋਕ ਸਭਾ ਮੈਂਬਰਾਂ ਨੂੰ ਇਸ ਸਾਲ ਸੰਸਦ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਜਪਾ ਦੇ ਸੁਧੀਰ ਗੁਪਤਾ, ਐੱਨਸੀਪੀ ਦੇ ਅਮੋਲ ਰਾਮਸਿੰਘ ਕੋਲਹੇ ਤੇ ਕਾਂਗਰਸ ਦੇ ਕੁਲਦੀਪ ਰਾਏ ਸ਼ਰਮਾ ਨੂੰ ਵੀ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ 17 ਫਰਵਰੀ ਨੂੰ ਦਿੱਲੀ ਵਿਚ ਕਰਵਾਏ ਜਾਣ ਵਾਲੇ ਇਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਸੰਸਦ ਰਤਨ ਪੁਰਸਕਾਰ ਹਰ ਸਾਲ ਸਿਖ਼ਰਲੇ ਪੱਧਰ ਦੀ ਕਾਰਗੁਜ਼ਾਰੀ ਵਾਲੇ ਸੰਸਦ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ ਜਦਕਿ ਸੰਸਦ ਮਹਾਰਤਨ ਪੁਰਸਕਾਰ ਲੋਕ ਸਭਾ ਦੇ ਕਾਰਜਕਾਲ ਦੌਰਾਨ ਪ੍ਰਦਰਸ਼ਨ ’ਚ ਲਗਾਤਾਰਤਾ ਲਈ ਪੰਜ ਸਾਲ ਵਿਚ ਇਕ ਵਾਰ ਦਿੱਤੇ ਜਾਂਦੇ ਹਨ। ਚੇਨਈ ਸਥਿਤ ਗੈਰ-ਲਾਭਕਾਰੀ ਚੈਰੀਟੇਬਲ ਟਰੱਸਟ ‘ਪ੍ਰਾਈਮ ਪੁਆਇੰਟ ਫਾਊਂਡੇਸ਼ਨ’ ਨੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਕਹਿਣ ’ਤੇ ਇਸ ਸਨਮਾਨ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ 2010 ਵਿਚ ਚੇਨੱਈ ਵਿਚ ਪਹਿਲੇ ਪੁਰਸਕਾਰ ਸਮਾਰੋਹ ਦਾ ਉਦਘਾਟਨ ਕੀਤਾ ਸੀ। -ਪੀਟੀਆਈ