ਕਰੋਨਾ: ਜ਼ਿਲ੍ਹਾ ਪਟਿਆਲਾ ’ਚ ਪੰਜ ਤੇ ਸੰਗਰੂਰ ’ਚ ਦੋ ਮਰੀਜ਼ਾਂ ਦੀ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਗਸਤ
ਕਰੋਨਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪੰਜ ਹੋਰ ਵਸਨੀਕਾਂ ਜਾਨ ਲੈ ਲਈ। ਇਨ੍ਹਾਂ ਵਿਚੋਂ ਭਾਰਤ ਕਲੋਨੀ ਪਟਿਆਲਾ ਦਾ 16 ਸਾਲ ਦਾ ਲੜਕਾ, ਯਾਦਵਿੰਦਰਾ ਕਲੋਨੀ ਪਟਿਆਲਾ ਦਾ 60 ਸਾਲਾ, ਮਲਕਾਨੀ ਪੱਤੀ ਸਮਾਣਾ ਦੀ 70 ਸਾਲਾ ਮਹਿਲਾ, ਵਿਕਾਸ ਨਗਰ ਰਾਜਪੁਰਾ ਦੀ 65 ਸਾਲਾ ਮਹਿਲਾ ਸਮੇਤ ਜ਼ਿਲ੍ਹੇ ਦੇ ਇੱਕ ਪਿੰਡ ਦੀ 42 ਸਾਲਾ ਮਹਿਲਾ ਵੀ ਸ਼ਾਮਲ ਹੈ। ਕਰੋਨਾ ਨਾਲ ਜ਼ਿਲ੍ਹੇ ’ਚ ਹੋਈਆਂ ਮੌਤਾਂ ਦੀ ਗਿਣਤੀ 103 ਹੋ ਗਈ ਹੈ। ਉਧਰ ਜ਼ਿਲ੍ਹੇ ਭਰ ਵਿਚ ਅੱਜ 134 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ਼ ਪਾਜ਼ੇਟਿਵ ਕੇਸਾਂ ਦੀ ਗਿਣਤੀ 4545 ਹੋ ਗਈ ਹੈ। ਇਨ੍ਹਾਂ ਵਿਚੋਂ 56 ਪਟਿਆਲਾ ਸ਼ਹਿਰ, 15 ਨਾਭਾ, 32 ਰਾਜਪੁਰਾ, 11 ਸਮਾਣਾ, 3 ਸਨੌਰ, 1 ਪਾਤੜਾਂ ਅਤੇ 16 ਪਿੰਡਾਂ ਤੋਂ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਹਨ ਜਿਨ੍ਹਾਂ ’ਚ ਇੱਕ ਸੁਨਾਮ ਸ਼ਹਿਰ ਦਾ ਡਾਕਟਰ ਵੀ ਸ਼ਾਮਲ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਚੁੱਕੀ ਹੈ। ਅੱਜ ਜ਼ਿਲ੍ਹੇ ’ਚ 99 ਹੋਰ ਕਰੋਨਾ ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ 16 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1770 ਹੋ ਚੁੱਕੀ ਹੈ ਜਿਨ੍ਹਾਂ ’ਚੋਂ 1313 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ 392 ਹੈ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਡਾ. ਸੱਤਪਾਲ ਸਿੰਗਲਾ (65) ਵਾਸੀ ਸੁਨਾਮ ਦਾ ਰਹਿਣ ਵਾਲਾ ਸੀ ਜੋ ਕਿ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖਲ ਸੀ ਜਿਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਇਸ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਲਦੇਵ ਰਾਜ (52) ਬਲਾਕ ਸ਼ੇਰਪੁਰ ਦਾ ਰਹਿਣ ਵਾਲਾ ਸੀ ਜੋ ਕਿ ਕਰੋਨਾ ਪਾਜ਼ੇਟਿਵ ਹੋਣ ਕਾਰਨ ਡੀਐਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸੀ। ਇਸ ਮਰੀਜ਼ ਦੀ ਵੀ ਮੌਤ ਹੋ ਗਈ ਹੈ। ਹੁਣ ਤੱਕ ਕਰੋਨਾ ਨਾਲ ਬਲਾਕ ਸੁਨਾਮ ਵਿੱਚ 7 ਅਤੇ ਬਲਾਕ ਸ਼ੇਰਪੁਰ ਵਿਚ 5 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ।
ਅੱਜ ਜ਼ਿਲ੍ਹੇ ’ਚ 99 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ਦੇ 27 ਮਰੀਜ਼, ਬਲਾਕ ਅਹਿਮਦਗੜ੍ਹ ਦੇ 11, ਬਲਾਕ ਸੁਨਾਮ ਦੇ 10 ਮਰੀਜ਼, ਬਲਾਕ ਅਮਰਗੜ੍ਹ ਦੇ 7 ਮਰੀਜ਼, ਬਲਾਕ ਭਵਾਨੀਗੜ੍ਹ ਦੇ 7 ਮਰੀਜ਼, ਬਲਾਕ ਧੂਰੀ ਦੇ 11 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ 6 ਮਰੀਜ਼, ਬਲਾਕ ਕੌਹਰੀਆਂ ਦੇ 9 ਮਰੀਜ਼, ਬਲਾਕ ਲੌਂਗੋਵਾਲ ਦੇ 3 ਮਰੀਜ਼, ਬਲਾਕ ਮਲੇਰਕੋਟਲਾ ਦਾ ਇੱਕ ਮਰੀਜ਼, ਬਲਾਕ ਮੂਨਕ ਦੇ 5 ਮਰੀਜ਼ ਅਤੇ ਬਲਾਕ ਸ਼ੇਰਪੁਰ ਦੇ 2 ਮਰੀਜ਼ ਸ਼ਾਮਲ ਹਨ।
ਉਧਰ ਅੱਜ ਜ਼ਿਲ੍ਹੇ ਦੇ 16 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਗਈ ਹੈ ਜੋ ਕਿ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਇਨ੍ਹਾਂ ਵਿਚ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 5, ਫੋਰਟਿਸ ਤੋਂ 2, ਡੀਐੱਮਸੀ ਤੋਂ 2, ਜੀਐਮਸੀ ਪਟਿਆਲਾ ਤੋਂ 2, ਪੀਜੀਆਈ ਤੋਂ 1, ਸੀਐੱਮਸੀ ਲੁਧਿਆਣਾ ਤੋਂ 1 ਅਤੇ 3 ਜਣਿਆਂ ਨੇ ਹੋਮ ਇਕਾਂਤਵਾਸ ਦੌਰਾਨ ਕਰੋਨਾ ਨੂੰ ਹਰਾਇਆ ਹੈ।
ਬਿਨਾ ਮਾਸਕ ਤੋਂ ਘੁੰਮ ਰਹੇ ਵਾਹਨ ਚਾਲਕਾਂ ਦੇ ਚਲਾਨ ਕੱਟੇ
ਧੂਰੀ (ਪਵਨ ਕੁਮਾਰ ਵਰਮਾ): ਥਾਣਾ ਸਿਟੀ ਧੂਰੀ ਦੀ ਪੁਲੀਸ ਨੇ ਸ਼ਹਿਰ ਵਿਚ ਬਿਨਾ ਮਾਸਕ ਤੋਂ ਘੁੰਮ ਰਹੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਐੱਸਐੱਚਓ ਸਿਟੀ ਧੂਰੀ ਦਰਸ਼ਨ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ ਬਹੁਤ ਜ਼ਰੂਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣੇ ਚਾਹੀਦੇ ਹਨ।
ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਸ਼ਾਮ 7 ਵਜੇ ਤੱਕ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਤੇ ਉਸ ਦਾ ਚਲਾਨ ਵੀ ਕੱਟਿਆ ਜਾਵੇਗਾ।