For the best experience, open
https://m.punjabitribuneonline.com
on your mobile browser.
Advertisement

ਪੰਜਾਬ ਕੈਬਨਿਟ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ

06:54 AM Sep 24, 2024 IST
ਪੰਜਾਬ ਕੈਬਨਿਟ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ
ਪੰਜਾਬ ਕੈਬਨਿਟ ’ਚ ਸ਼ਾਮਲ ਕੀਤੇ ਪੰਜ ਨਵੇਂ ਮੰਤਰੀ ਹਲਫ਼ਦਾਰੀ ਸਮਾਗਮ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ। -ਫੋਟੋ: ਪ੍ਰਦੀਪ ਤਿਵਾੜੀ
Advertisement

* ਸਮਾਗਮ ’ਚ ਮੁੱਖ ਮੰਤਰੀ ਤੇ ਨਵੇਂ ਵਜ਼ੀਰਾਂ ਦੇ ਪਰਿਵਾਰਕ ਮੈਂਬਰ ਰਹੇ ਮੌਜੂਦ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 23 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਅੱਧ ਦਰਮਿਆਨ ਹੋਏ ਇਸ ਵਜ਼ਾਰਤੀ ਫੇਰਬਦਲ ’ਚ ਚਾਰ ਵਜ਼ੀਰਾਂ ਦੀ ਛਾਂਟੀ ਕੀਤੀ ਗਈ ਹੈ, ਜਦੋਂ ਕਿ ਪੰਜ ਨਵੇਂ ਚਿਹਰਿਆਂ ਨੂੰ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇੱਥੇ ਰਾਜ ਭਵਨ ਵਿਚ 20 ਮਿੰਟ ਦੇ ਸਾਦੇ ਹਲਫ਼ਦਾਰੀ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ, ਜਿਨ੍ਹਾਂ ਨਵੇਂ ਵਜ਼ੀਰਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ।
ਪੰਜਾਬ ਵਜ਼ਾਰਤ ਵਿਚ ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਲਹਿਰਾਗਾਗਾ), ਤਰੁਨਪ੍ਰੀਤ ਸਿੰਘ ਸੌਂਦ (ਖੰਨਾ), ਡਾ. ਰਵਜੋਤ ਸਿੰਘ (ਸ਼ਾਮ ਚੁਰਾਸੀ) ਅਤੇ ਮਹਿੰਦਰ ਭਗਤ (ਜਲੰਧਰ ਪੱਛਮੀ) ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ ਪੰਜਾਬੀ ’ਚ ਹਲਫ਼ ਲਿਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਲਫਦਾਰੀ ਸਮਾਗਮ ਦੀ ਕਾਰਵਾਈ ਚਲਾਈ। ਨਵੇਂ ਮੰਤਰੀਆਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਾ ਧੰਨਵਾਦ ਕੀਤਾ। ਸਮਾਗਮ ’ਚ ‘ਆਪ’ ਹਾਈਕਮਾਨ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ ਅਤੇ ਪਾਰਟੀ ਵੱਲੋਂ ਸਿਰਫ਼ ਜਨਰਲ ਸਕੱਤਰ ਹਰਚੰਦ ਬਰਸਟ ਹਾਜ਼ਰ ਸਨ।
ਫੇਰਬਦਲ ਮਗਰੋਂ ਹੁਣ ਪੰਜਾਬ ਵਜ਼ਾਰਤ ਵਿਚ ਮੁੱਖ ਮੰਤਰੀ ਸਮੇਤ ਵਜ਼ੀਰਾਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ ਭਵਿੱਖ ’ਚ ਦੋ ਹੋਰ ਨਵੇਂ ਵਜ਼ੀਰ ਲੈਣ ਦੀ ਗੁੰਜਾਇਸ਼ ਰੱਖੀ ਗਈ ਹੈ। ਹਲਫ਼ਦਾਰੀ ਸਮਾਗਮ ਵਿਚ ਨਵੇਂ ਵਜ਼ੀਰ ਪਰਿਵਾਰਾਂ ਸਮੇਤ ਆਏ ਸਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਡਾ. ਬਲਜੀਤ ਕੌਰ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ ਆਦਿ ਹਾਜ਼ਰ ਸਨ। ਪੰਜਾਬ ਵਜ਼ਾਰਤ ’ਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਛੁੱਟੀ ਕੀਤੀ ਗਈ ਹੈ। ‘ਆਪ’ ਸਰਕਾਰ ਦਾ ਕੈਬਨਿਟ ’ਚ ਇਹ ਚੌਥਾ ਫੇਰਬਦਲ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਜ਼ਾਰਤੀ ਫੇਰਬਦਲ ਲਈ ਹਰੀ ਝੰਡੀ ਦੇ ਦਿੱਤੀ ਸੀ। ਨਵੇਂ ਚਿਹਰਿਆਂ ਦੀ ਚੋਣ ਮੌਕੇ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਅਕਸ ਨੂੰ ਅਧਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪਾਰਟੀ ਲੀਡਰਸ਼ਿਪ ਤੋਂ ਫੀਡ ਬੈਕ ਵੀ ਲਈ ਗਈ ਸੀ। ਵਜ਼ਾਰਤੀ ਫੇਰਬਦਲ ਮਗਰੋਂ ਅੱਗੇ ਜ਼ਿਮਨੀ ਚੋਣਾਂ ਦੀ ਚੁਣੌਤੀ ਹੈ। ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵਜ਼ਾਰਤੀ ਹਲਫ਼ ਦਿਵਾਉਣ ਦਾ ਇਹ ਪਹਿਲਾਂ ਮੌਕਾ ਸੀ, ਜਿਨ੍ਹਾਂ ਵਿਧਾਇਕਾਂ ਦੀ ਵਜ਼ੀਰੀ ਦੀ ਆਸ ਟੁੱਟੀ, ਉਹ ਅੱਜ ਸਮਾਗਮਾਂ ਵਿਚ ਨਹੀਂ ਪਹੁੰਚੇ।

Advertisement

ਵਜ਼ਾਰਤ ਵਿੱਚ ਹਰ ਵੰਨਗੀ ਸ਼ਾਮਲ

ਨਵੇਂ ਵਜ਼ੀਰਾਂ ਵਿਚੋਂ ਤਿੰਨ ਮਾਲਵੇ ’ਚੋਂ ਅਤੇ ਦੋ ਮੰਤਰੀ ਦੋਆਬੇ ’ਚੋਂ ਲਏ ਗਏ ਹਨ। ਨਵੀਂ ਵਜ਼ਾਰਤ ’ਚ ਮੁੱਖ ਮੰਤਰੀ ਸਮੇਤ ਮਾਲਵੇ ਵਿਚੋਂ 10, ਮਾਝੇ ’ਚੋਂ ਚਾਰ ਅਤੇ ਦੋਆਬੇ ’ਚੋਂ ਦੋ ਮੰਤਰੀ ਹਨ। ਇਸੇ ਤਰ੍ਹਾਂ ਵਜ਼ਾਰਤ ਵਿਚ ਛੇ ਦਲਿਤ ਚਿਹਰੇ ਅਤੇ ਦੋ ਹਿੰਦੂ ਚਿਹਰੇ ਵੀ ਸ਼ਾਮਲ ਹਨ। ਅਨਮੋਲ ਗਗਨ ਮਾਨ ਦੀ ਛਾਂਟੀ ਹੋਣ ਕਰਕੇ ਵਜ਼ਾਰਤ ਵਿਚ ਹੁਣ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੌਰ ਰਹਿ ਗਈ ਹੈ। ਵਜ਼ਾਰਤ ਵਿਚ ਹੁਣ ਡਾਕਟਰਾਂ ਦੀ ਗਿਣਤੀ ਤਿੰਨ ਹੋ ਗਈ ਹੈ, ਜਿਨ੍ਹਾਂ ’ਚ ਡਾ. ਬਲਵੀਰ ਸਿੰਘ, ਡਾ. ਬਲਜੀਤ ਕੌਰ ਅਤੇ ਡਾ. ਰਵਜੋਤ ਸਿੰਘ ਸ਼ਾਮਲ ਹਨ। ਪੰਜਾਬ ਦੇ ਕਰੀਬ 12 ਜ਼ਿਲ੍ਹੇ ਹਾਲੇ ਵੀ ਵਜ਼ਾਰਤ ’ਚ ਨੁਮਾਇੰਦਗੀ ਤੋਂ ਵਿਰਵੇ ਹਨ।

ਨਵੇਂ ਵਜ਼ੀਰਾਂ ਨੂੰ ਵਿਭਾਗਾਂ ਦੀ ਵੰਡ

ਮੰਤਰੀ ਮੰਡਲ ’ਚ ਫੇਰਬਦਲ ਮਗਰੋਂ ਵਿਭਾਗਾਂ ਦੀ ਵੰਡ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਭਾਰ ਹਲਕਾ ਕਰਦਿਆਂ ਤਿੰਨ ਮਹਿਕਮੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਜੇਲ੍ਹਾਂ ਅਤੇ ਉਦਯੋਗ ਤੇ ਵਣਜ ਦੂਸਰੇ ਮੰਤਰੀਆਂ ’ਚ ਵੰਡ ਦਿੱਤੇ ਹਨ। ਪਹਿਲਾਂ ਮੁੱਖ ਮੰਤਰੀ ਕੋਲ ਦਰਜਨ ਵਿਭਾਗ ਸਨ, ਜਦੋਂ ਕਿ ਹੁਣ ਨੌਂ ਵਿਭਾਗ ਰਹਿ ਗਏ ਹਨ। ਨਵੇਂ ਵਜ਼ੀਰਾਂ ’ਚੋਂ ਹਰਦੀਪ ਸਿੰਘ ਮੁੰਡੀਆਂ ਨੂੰ ਮਾਲ, ਮੁੜ-ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ, ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ, ਜਦੋਂ ਕਿ ਤਰੁਨਪ੍ਰੀਤ ਸਿੰਘ ਸੌਂਦ ਨੂੰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਲੇਬਰ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਵਿਭਾਗ ਦਿੱਤਾ ਗਿਆ ਹੈ। ਬਰਿੰਦਰ ਕੁਮਾਰ ਗੋਇਲ ਨੂੰ ਜਲ ਸਰੋਤ ਤੇ ਮਾਈਨਿੰਗ, ਡਾ. ਰਵੀਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਅਤੇ ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਅਤੇ ਬਾਗ਼ਬਾਨੀ ਮਹਿਕਮਾ ਦਿੱਤਾ ਗਿਆ ਹੈ। ਪੁਰਾਣੇ ਵਜ਼ੀਰਾਂ ’ਚੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਨੂੰ ਹੁਣ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੋਰ ਦੇ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਹੈ, ਜਦੋਂ ਕਿ ਉਨ੍ਹਾਂ ਨੂੰ ਜੇਲ੍ਹਾਂ ਦੇ ਦਿੱਤਾ ਗਿਆ ਹੈ। ਬਾਕੀ ਪੁਰਾਣੇ ਸੱਤ ਵਜ਼ੀਰਾਂ ਦੇ ਵਿਭਾਗਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੁਰਾਣੇ ਵਜ਼ੀਰਾਂ ’ਚੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਅਮਨ ਅਰੋੜਾ ਨੂੰ ਨਵੇਂ ਵਿਭਾਗ ਮਿਲਣ ਦੀ ਆਸ ਸੀ ਪਰ ਅਜਿਹਾ ਨਹੀਂ ਹੋਇਆ।

ਮੁੱਖ ਮੰਤਰੀ ਨੇ ਓਐੱਸਡੀ ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾਇਆ

ਚੰਡੀਗੜ੍ਹ (ਟਨਸ):

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਵਿਸ਼ੇਸ਼ ਡਿਊਟੀ ਅਫ਼ਸਰ (ਓਐੱਸਡੀ) ਪ੍ਰੋਫੈਸਰ ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਮੁੱਖ ਮੰਤਰੀ ਨੇ ਬੀਤੇ ਦਿਨ ਹੀ ਪੰਜਾਬ ਵਜ਼ਾਰਤ ’ਚੋਂ ਚਾਰ ਵਜ਼ੀਰਾਂ ਦੀ ਛਾਂਟੀ ਕੀਤੀ ਹੈ ਅਤੇ ਅੱਜ ਉਨ੍ਹਾਂ ਆਪਣੇ ਓਐੱਸਡੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਹਲਕਾ ਧੂਰੀ ਵਿਚ ਓਂਕਾਰ ਸਿੰਘ ਸਿਆਸੀ ਕੰਮਕਾਰ ਦੇਖਦੇ ਸਨ ਅਤੇ ਉਨ੍ਹਾਂ ਦੀ ਪਟਿਆਲਾ ’ਚ ਸਰਕਾਰੀ ਰਿਹਾਇਸ਼ ਹੈ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਤਾਇਨਾਤੀ ਅਗਸਤ 2022 ਵਿਚ ਹੋਈ ਸੀ। ਓਂਕਾਰ ਸਿੰਘ ਪਹਿਲਾਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਇੰਜਨੀਅਰਿੰਗ ਕਾਲਜ ਵਿਚ ਠੇਕੇ ਤਹਿਤ ਸਹਾਇਕ ਪ੍ਰੋਫੈਸ ਸੀ ਅਤੇ ਉਨ੍ਹਾਂ ਦਾ ਅਗਸਤ 2022 ਵਿਚ ਪੰਜਾਬ ਦਿਹਾਤੀ ਵਿਕਾਸ ਬੋਰਡ ਵਿਚ ਡੈਪੂਟੇਸ਼ਨ ਕੀਤਾ ਗਿਆ ਸੀ। ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਡੈਪੂਟੇਸ਼ਨ ਵੀ ਰੱਦ ਹੋ ਜਾਵੇਗਾ। ਓਂਕਾਰ ਿਸੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲਿਆਂ ’ਚੋਂ ਸਨ।

Advertisement
Tags :
Author Image

joginder kumar

View all posts

Advertisement