ਪੰਜਾਬ ਵਜ਼ਾਰਤ ’ਚ ਸ਼ਾਮਲ ਹੋਣਗੇ ਪੰਜ ਨਵੇਂ ਚਿਹਰੇ
ਚਰਨਜੀਤ ਭੁੱਲਰ
ਚੰਡੀਗੜ, 22 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਜਦੋਂਕਿ ਕੈਬਨਿਟ ਵਿੱਚੋਂ ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਸਮੇਤ ਚਾਰ ਵਜ਼ੀਰਾਂ ਦੀ ਛੁੱਟੀ ਹੋਣੀ ਤੈਅ ਹੈ। ਪੰਜਾਬ ਕੈਬਨਿਟ ਵਿੱਚ ਫੇਰਬਦਲ ਦਾ ਫ਼ੈਸਲਾ ਹੋ ਚੁੱਕਾ ਹੈ ਅਤੇ ਭਲਕੇ ਸੋਮਵਾਰ ਸ਼ਾਮ ਨੂੰ ਪੰਜ ਵਜੇ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਹਲਫ਼ ਦਿਵਾਇਆ ਜਾਵੇਗਾ। ਸੂਬਾ ਸਰਕਾਰ ਨੇ ਕੈਬਨਿਟ ਵਿਚ ਨਵੇਂ ਮੰਤਰੀ ਸ਼ਾਮਲ ਕਰਨ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਪਹਿਲਾਂ ਹੀ ਸਮਾਂ ਲੈ ਲਿਆ ਸੀ। ਹਾਲਾਂਕਿ, ਅਧਿਕਾਰਤ ਤੌਰ ’ਤੇ ਇਸ ਫੇਰਬਦਲ ਦਾ ਕੋਈ ਐਲਾਨ ਨਹੀਂ ਹੋਇਆ ਪਰ ਪੰਜਾਬ ਸਰਕਾਰ ਅਤੇ ‘ਆਪ’ ਵਿਚਲੇ ਅਹਿਮ ਸੂਤਰਾਂ ਨੇ ਉਪਰੋਕਤ ਪੁਸ਼ਟੀ ਕੀਤੀ ਹੈ।
ਲੋਕ ਸਭਾ ਚੋੋਣਾਂ ਮਗਰੋਂ ਕੈਬਨਿਟ ਵਿਚ ਫੇਰਬਦਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਸਨ ਅਤੇ ‘ਆਪ’ ਨੇ ‘ਮਾੜੀ ਕਾਰਗੁਜ਼ਾਰੀ’ ਦੇ ਅਧਾਰ ’ਤੇ ਚਾਰ ਮੰਤਰੀਆਂ ਦੀ ਛਾਂਟੀ ਦਾ ਫ਼ੈਸਲਾ ਕੀਤਾ ਹੈ। ‘ਆਪ’ ਸਰਕਾਰ ਦੇ ਢਾਈ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਪੰਜਾਬ ਵਜ਼ਾਰਤ ਵਿਚ ਇਹ ਚੌਥਾ ਫੇਰਬਦਲ ਹੋਵੇਗਾ।
ਨਵੇਂ ਚਿਹਰਿਆਂ ਵਿਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵੀਜੋਤ ਸਿੰਘ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾਣਾ ਤੈਅ ਹੈ। ਕੈਬਨਿਟ ਵਿੱਚੋਂ ਜਿਨ੍ਹਾਂ ਮੰਤਰੀਆਂ ਦੀ ਛਾਂਟੀ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਚੇਤਨ ਸਿੰਘ ਜੌੜਾਮਾਜਰਾ, ਬ੍ਰਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਵਿਚ ਫੇਰਬਦਲ ਲਈ ਹਰੀ ਝੰਡੀ ਦੇ ਦਿੱਤੀ ਹੈ। ਕੈਬਨਿਟ ’ਚੋਂ ਹਟਾਏ ਗਏ ਵਜ਼ੀਰਾਂ ਵੱਲੋਂ ਅੱਜ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਸੰਵਿਧਾਨਿਕ ਵਿਵਸਥਾ ਮੁਤਾਬਕ ਪੰਜਾਬ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ ਡੇਢ ਦਰਜਨ ਮੰਤਰੀ ਹੋ ਸਕਦੇ ਹਨ। ਇਸ ਸਮੇਂ ਪੰਜਾਬ ਕੈਬਨਿਟ ਵਿਚ 15 ਵਜ਼ੀਰ ਸਨ। ਨਵੇਂ ਫੇਰਬਦਲ ਮਗਰੋਂ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ 16 ਵਜ਼ੀਰ ਹੋ ਜਾਣਗੇ। ਪੰਜਾਬ ਕੈਬਨਿਟ ਵਿਚ ਪਹਿਲਾਂ ਦੋ ਔਰਤਾਂ ਸਨ। ਹੁੁਣ ਅਨਮੋਲ ਗਗਨ ਮਾਨ ਦੀ ਛੁੱਟੀ ਹੋਣ ਦੀ ਸੂਰਤ ਵਿਚ ਕੈਬਨਿਟ ਵਿਚ ਇਕਲੌਤੀ ਮਹਿਲਾ ਡਾ. ਬਲਜੀਤ ਕੌਰ ਰਹਿ ਜਾਵੇਗੀ।
ਬਰਿੰਦਰ ਕੁਮਾਰ ਗੋਇਲ ਨੂੰ ਮੰਤਰੀ ਬਣਾਏ ਜਾਣ ਨਾਲ ਕੈਬਨਿਟ ਵਿਚ ਇੱਕ ਹੋਰ ਹਿੰਦੂ ਚਿਹਰਾ ਸ਼ਾਮਲ ਹੋ ਜਾਵੇਗਾ। ਪੰਜਾਬ ਕੈਬਨਿਟ ਵਿਚ ਹੁਣ ਸ਼ਾਮਲ ਕੀਤੇ ਜਾਣ ਵਾਲੇ ਸਾਰੇ ਚਿਹਰੇ ਪਹਿਲੀ ਵਾਰ ਵਿਧਾਇਕ ਬਣੇ ਹਨ। ਲੋਕ ਸਭਾ ਚੋਣਾਂ ਵਿਚ ਜਿਨ੍ਹਾਂ ‘ਆਪ’ ਵਿਧਾਇਕਾਂ ਦੇ ਹਲਕਿਆਂ ਵਿੱਚੋਂ ‘ਆਪ’ ਉਮੀਦਵਾਰਾਂ ਨੂੰ ਚੰਗੀ ਲੀਡ ਮਿਲੀ ਸੀ, ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਆਸ ਸੀ ਪਰ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪਤਾ ਲੱਗਾ ਹੈ ਕਿ ਪਾਰਟੀ ਨੇ ਫੇਰਬਦਲ ਤੋਂ ਪਹਿਲਾਂ ਪਾਰਟੀ ਆਗੂਆਂ ਤੋਂ ਅੰਦਰੂਨੀ ਫੀਡ ਬੈਕ ਲਈ ਸੀ ਅਤੇ ਖ਼ੁਫੀਆ ਵਿੰਗ ਤੋਂ ਵੀ ਰਿਪੋਰਟ ਪ੍ਰਾਪਤ ਕੀਤੀ ਸੀ।
ਲੁਧਿਆਣਾ ਨੂੰ ਢਾਈ ਸਾਲਾਂ ਮਗਰੋਂ ਮਿਲੇਗੀ ਨੁਮਾਇੰਦਗੀ
ਜ਼ਿਲ੍ਹਾ ਲੁਧਿਆਣਾ ਨੂੰ ਢਾਈ ਸਾਲਾਂ ਮਗਰੋਂ ਕੈਬਨਿਟ ਵਿਚ ਨੁਮਾਇੰਦਗੀ ਮਿਲੇਗੀ ਜਿਥੋਂ ਹੁਣ ਦੋ ਨਵੇਂ ਚਿਹਰੇ ਹਰਦੀਪ ਸਿੰਘ ਮੁੰਡੀਆਂ ਅਤੇ ਤਰਨਪ੍ਰੀਤ ਸਿੰਘ ਸੌਂਦ ਲਏ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਜ਼ਿਲ੍ਹਾ ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਬਰਨਾਲਾ, ਮਾਲੇਰਕੋਟਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਕਪੂਰਥਲਾ, ਨਵਾਂ ਸ਼ਹਿਰ, ਗੁਰਦਾਸਪੁਰ ਦੇ ਕੈਬਨਿਟ ਵਿਚ ਹਿੱਸੇਦਾਰੀ ਤੋਂ ਵਿਰਵੇ ਰਹਿਣ ਦੀ ਸੰਭਾਵਨਾ ਹੈ।
ਵਿਭਾਗਾਂ ਵਿੱਚ ਹੋਵੇਗੀ ਮਾਮੂਲੀ ਤਬਦੀਲੀ
ਅਹਿਮ ਸੂਤਰਾਂ ਅਨੁਸਾਰ ਪੁਰਾਣੇ ਇੱਕ-ਦੋ ਵਜ਼ੀਰਾਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤਾ ਜਾ ਰਿਹਾ ਹੈ। ਮਾਝੇ ਦੇ ਇੱਕ ਵਜ਼ੀਰ ਤੋਂ ਮਹਿਕਮਾ ਵਾਪਸ ਲਿਆ ਜਾ ਸਕਦਾ ਹੈ ਅਤੇ ਅਹਿਮ ਮਹਿਕਮੇ ਨਵੇਂ ਚਿਹਰਿਆਂ ਹਵਾਲੇ ਕੀਤੇ ਜਾ ਸਕਦੇ ਹਨ। ਪੁਰਾਣੇ ਵਜ਼ੀਰਾਂ ਦੇ ਵਿਭਾਗਾਂ ਨੂੰ ਬਹੁਤਾ ਛੇੜਿਆ ਨਹੀਂ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਸਹੁੰ ਚੁੱਕ ਸਮਾਗਮਾਂ ਮਗਰੋਂ ਹੀ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ। ਕੈਬਨਿਟ ’ਚੋਂ ਹਟਾਏ ਜਾਣ ਵਾਲੇ ਵਜ਼ੀਰਾਂ ਦੇ ਵਿਭਾਗਾਂ ਨੂੰ ਨਵੇਂ ਚਿਹਰਿਆਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।