For the best experience, open
https://m.punjabitribuneonline.com
on your mobile browser.
Advertisement

ਸੰਪਰਕ ਸੈਂਟਰ ਵਿੱਚ ਮਿਲਣਗੀਆਂ ਪੰਜ ਹੋਰ ਸੇਵਾਵਾਂ

07:41 AM Feb 23, 2024 IST
ਸੰਪਰਕ ਸੈਂਟਰ ਵਿੱਚ ਮਿਲਣਗੀਆਂ ਪੰਜ ਹੋਰ ਸੇਵਾਵਾਂ
ਚੰਡੀਗੜ੍ਹ ਦੇ ਸੈਕਟਰ-21 ਸਥਿਤ ਈ-ਸੰਪਰਕ ਸੈਂਟਰ ਦੀ ਇਮਾਰਤ ਦੀ ਬਾਹਰੀ ਝਲਕ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 22 ਫਰਵਰੀ
ਯੂਟੀ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਨਵਾਂ ਕਦਮ ਉਠਾਉਂਦਿਆਂ ਸ਼ਹਿਰ ਦੇ ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਪੰਜ ਹੋਰ ਸਹੂਲਤਾਂ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਪੰਜ ਸਹੂਲਤਾਂ ਵਿੱਚ ਡੀਮੈਟ ਖਾਤਾ ਖੋਲ੍ਹਣਾ, ਨੈਸ਼ਨਲ ਪੈਨਸ਼ਨ ਸਕੀਮ (ਐੱਨਪੀਐੱਸ) ਖਾਤਾ, ਆਰਬੀਆਈ ਫਲੋਟਿੰਗ ਰੇਟ ਸੇਵਿੰਗ ਬਾਂਡ, ਕੈਪੀਟਲ ਗੇਨ ਬਾਂਡ ਅਤੇ ਸੇਵਿੰਗ ਬਾਂਡ ਸ਼ਾਮਲ ਹਨ। ਇਹ ਸਹੂਲਆਂ ਸ਼ਹਿਰ ਦੇ ਸਾਰੇ 45 ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਅਗਲੇ ਹਫ਼ਤੇ ਤੋਂ ਮਿਲ ਸਕਣਗੀਆਂ।
ਯੂਟੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮਰੱਥ ਅਥਾਰਿਟੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਤੇ ਅਗਲੇ ਹਫ਼ਤੇ ਤੋਂ ਇਹ ਵਾਧੂ ਸੇਵਾਵਾਂ ਸੰਪਰਕ ਸੈਂਟਰਾਂ ਵਿੱਚ ਆਮ ਲੋਕਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ, ਸੰਪਰਕ ਸੈਂਟਰ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਸੇਵਾਵਾਂ ਮੁਹੱਈਆ ਕਰਨ ਦੀ ਪਹਿਲਕਦਮੀ ਵੀ ਕੀਤੀ ਗਈ ਸੀ, ਜਿਸ ਲਈ ਲੋਕਾਂ ਨੂੰ ਇਕ ਸੇਵਾ ਹਾਸਲ ਕਰਨ ਵਾਸਤੇ 200 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਭੁਗਤਾਨ ਸੰਪਰਕ ਸੈਂਟਰ ਤੋਂ ਮਿਲਣ ਵਾਲੀ ਸਹੂਲਤਾਂ ਦੀ ਫੀਸ ਤੋਂ ਵੱਖਰੇ ਤੌਰ ’ਤੇ ਕਰਨਾ ਪੈਂਦਾ ਹੈ। ਯੂਟੀ ਪ੍ਰਸ਼ਾਸਨ ਦੀ ਇਸ ਸਹੂਲਤ ਦਾ ਵੀ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸੰਪਰਕ ਸੈਂਟਰਾਂ ਵਿੱਚ ਜਨਮ ਤੇ ਮੌਤ ਸਰਟੀਫਿਕੇਟ, ਬਿਜਲੀ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਹਾਲ ਦੀ ਬੁਕਿੰਗ ਕਰਵਾਉਣ, ਅਸ਼ਟਾਮ ਪੇਪਰ ਦੀ ਵਿਕਰੀ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਾਰਮ ਜਾਂ ਬੋਰਡ ਨਾਲ ਸਬੰਧਤ ਭੁਗਤਾਨ ਵੀ ਸੰਪਰਕ ਸੈਂਟਰਾਂ ’ਤੇ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ ਸੈਕਟਰ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ (ਫੋਸਵੈਕ) ਦੇ ਚੇਅਰਮੈਨ ਬਲਜਿੰਦਰ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੰਪਰਕ ਸੈਂਟਰਾਂ ਦੀਆਂ ਸੇਵਾਵਾਂ ਵਿੱਚ ਪੰਜ ਹੋਰ ਨਵੀਆਂ ਸੇਵਾਵਾਂ ਸ਼ਾਮਲ ਕੀਤਾ ਜਾਣ ਸਵਾਗਤਯੋਗ ਕਦਮ ਹੈ।

Advertisement

Advertisement
Author Image

Advertisement
Advertisement
×