ਪੰਜ ਹੋਰ ਮਰੀਜ਼ ਜ਼ਿੰਦਗੀ ਦੀ ਜੰਗ ਹਾਰੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਗਸਤ
ਜ਼ਿਲ੍ਹਾ ਸੰਗਰੂਰ ’ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਪੰਜ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ’ਚ ਦੋ ਔਰਤਾਂ ਅਤੇ ਤਿੰਨ ਮਰਦ ਸ਼ਾਮਲ ਹਨ ਜੋ ਕਿ ਬਲਾਕ ਧੂਰੀ, ਸੰਗਰੂਰ, ਲੌਂਗੋਵਾਲ, ਲਹਿਰਾਗਾਗਾ ਅਤੇ ਸੁਨਾਮ ਨਾਲ ਸਬੰਧਤ ਹਨ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਚੁੱਕੀ ਹੈ। ਅੱਜ 34 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 24 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 1671 ਹੋ ਚੁੱਕੀ ਹੈ ਜਿਨ੍ਹਾਂ ’ਚੋਂ 1294 ਤੰਦਰੁਸਤ ਹੋ ਚੁੱਕੇ ਹਨ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 314 ਹੈ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ’ਚ ਦੋ ਔਰਤਾਂ ਸਣੇ ਪੰਜ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਜਸਵਿੰਦਰ ਸਿੰਘ (32) ਧੂਰੀ ਦਾ ਰਹਿਣ ਵਾਲਾ ਸੀ. ਹਰਦੀਪ ਕੌਰ (53) ਵਾਰਡ ਨੰਬਰ 25 ਸੰਗਰੂਰ ਦੀ ਰਹਿਣ ਵਾਲੀ ਸੀ। ਇਸ ਤੋਂ ਇਲਾਵਾ ਬੀਰਬਲ ਦਾਸ (52) ਬਲਾਕ ਲੌਂਗੋਵਾਲ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਵਿਨੋਦ ਗੋਇਲ (60) ਲਹਿਰਾਗਾਗਾ ਦਾ ਰਹਿਣ ਵਾਲਾ ਸੀ। ਜਾਨ ਗੁਆਉਣ ਵਾਲੀ ਪੰਜਵੀਂ ਮਰੀਜ਼ ਉਰਮਿਲਾ ਦੇਵੀ ਉਮਰ 71 ਸਾਲ ਸੁਨਾਮ ਦੀ ਰਹਿਣ ਵਾਲੀ ਸੀ ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸੀ। ਇਹ ਪੰਜ ਮੌਤਾਂ ਨਾਲ ਹੁਣ ਜ਼ਿਲ੍ਹੇ ’ਚ ਕੁੱਲ ਮ੍ਰਿਤਕਾਂ ਦੀ ਗਿਣਤੀ 63 ਹੋ ਚੁੱਕੀ ਹੈ। ਅੱਜ ਜ਼ਿਲ੍ਹੇ ’ਚ 34 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ’ਚ ਬਲਾਕ ਸੰਗਰੂਰ ਤੋਂ 11, ਬਲਾਕ ਅਹਿਮਦਗੜ੍ਹ ਤੋਂ 2, ਬਲਾਕ ਧੂਰੀ ਤੋਂ 3, ਬਲਾਕ ਫਤਿਹਗੜ੍ਹ ਪੰਜਗਰਾਈਆਂ ਤੋਂ 3, ਬਲਾਕ ਲੌਂਗੋਵਾਲ ਤੋਂ 4, ਬਲਾਕ ਮੂਨਕ ਤੋਂ 4, ਬਲਾਕ ਕੌਹਰੀਆਂ ਤੋਂ ਇੱਕ, ਬਲਾਕ ਮਲੇਰਕੋਟਲਾ ਤੋਂ ਇੱਕ, ਬਲਾਕ ਸ਼ੇਰਪੁਰ ਤੋਂ 2 ਅਤੇ ਬਲਾਕ ਸੁਨਾਮ ਤੋਂ 3 ਮਰੀਜ਼ ਸ਼ਾਮਲ ਹਨ। ਉਧਰ 24 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ ਜਿਨ੍ਹਾਂ ’ਚੋਂ 8 ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਜਦਕਿ 3 ਮਰੀਜ਼ ਸਿਵਲ ਹਸਪਤਾਲ ਸੰਗਰੂਰ ਤੋਂ, 2 ਮਰੀਜ਼ ਸਿਵਲ ਹਸਪਤਾਲ ਮਲੇਰਕੋਟਲਾ ਤੋਂ, 2 ਮਰੀਜ਼ ਭੋਗੀਵਾਲ ਤੋਂ, 1 ਮਰੀਜ਼ ਫੋਟਿਸ ਤੋਂ, 2 ਮਰੀਜ਼ ਡੀਐਮਸੀ ਤੋਂ, 2 ਮਰੀਜ਼ ਜੀ.ਐਮ.ਸੀ ਪਟਿਆਲਾ ਤੋਂ, 1 ਮਰੀਜ਼ ਪੀ.ਜੀ.ਆਈ ਤੋਂ ਅਤੇ 3 ਹੋਮਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਵਿਚ ਕਰੋਨਾ ਨੇ ਅੱਜ ਪੰਜ ਹੋਰ ਮਰੀਜ਼ਾਂ ਦੀ ਜਾਨ ਲੈ ਲਈ। ਮ੍ਰਿਤਕਾਂ ਵਿਚ ਗਾਂਧੀ ਨਗਰ ਪਟਿਆਲਾ ਦਾ 70 ਸਾਲਾ ਬਜ਼ੁਰਗ, ਸਰਾਭਾ ਨਗਰ ਪਟਿਆਲਾ ਦੀ 58 ਸਾਲਾ ਮਹਿਲਾ, ਧਰਮਪੁਰਾ ਬਜ਼ਾਰ ਪਟਿਆਲਾ ਦਾ 55 ਸਾਲਾ, ਸਮੇਤ ਪਹਾੜਪੁਰ ਦੀ 65 ਸਾਲਾ ਮਹਿਲਾ ਅਤੇ ਬੁੱਢਣਪੁਰ ਦਾ 39 ਸਾਲਾ ਵਿਅਕਤੀ ਸ਼ਾਮਲ ਹਨ। ਉਧਰ ਜ਼ਿਲ੍ਹੇ ਭਰ ਵਿਚ ਅੱਜ 164 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 83 ਪਟਿਆਲਾ ਸ਼ਹਿਰ, 25 ਨਾਭਾ, 1 21 ਰਾਜਪੁਰਾ, 2 ਸਮਾਣਾ ਅਤੇ 23 ਪਿੰਡਾਂ ਤੋਂ ਹਨ।
ਲਹਿਰਾਗਾਗਾ ਵਿੱਚ ਕਰੋਨਾ ਨਾਲ ਚੌਥੀ ਮੌਤ
ਲਹਿਰਾਗਾਗਾ (ਪੱਤਰ ਪੇ੍ਰਕ): ਇਥੋਂ ਦੇ ਵਸਨੀਕ ਦੀ ਹਰਿਆਣਾ ਦੇ ਅਗਰੋਹਾ ਮੈਡੀਕਲ ਕਾਲਜ ਵਿੱਚ ਲੰਘੀ ਰਾਤ ਇਕ ਵਜੇ ਮੌਤ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਦੇ ਐਸਐਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਵਿਨੋਦ ਕੁਮਾਰ (60) ਪੁੱਤਰ ਵਰਖਾ ਰਾਮ ਲੇਹਿਲ ਕਲਾਂ ਵਾਲੇ ਵਜੋਂ ਹੋਈ ਹੈ। ਉਹ ਕਿਸੇ ਬੀਮਾਰੀ ਤੋਂ ਪੀੜਤ ਹੋਣ ਕਰਕੇ ਪਹਿਲਾਂ ਸੁਨਾਮ ਅਤੇ 16 ਅਗਸਤ ਨੂੰ ਪਟਿਆਲਾ ਇਲਾਜ ਲਈ ਜਾਣ ਮਗਰੋਂ 17 ਅਗਸਤ ਨੂੰ ਹਰਿਆਣਾ ਦੇ ਹਿਸਾਰ ਵਿੱਚ ਗਿਆ ਸੀ ਅਤੇ ਉਸੇ ਦਿਨ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਅਗਰੋਹਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਪਰ ਰਾਤ ਇਕ ਵਜੇ ਉਹ ਦਮ ਤੋੜ ਗਿਆ।
ਥਾਣਾ ਸੰਦੌੜ ਦੇ ਚਾਰ ਮੁਲਾਜ਼ਮ ਕਰੋਨਾ ਪਾਜ਼ੇਟਿਵ
ਸੰਦੌੜ (ਮੁਕੰਦ ਸਿੰਘ ਚੀਮਾ): ਥਾਣਾ ਸੰਦੌੜ ਅੰਦਰ ਅੱਜ ਚਾਰ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਇਕ ਵਾਇਰਲੈੱਸ ਅਪ੍ਰੇਟਰ, ਇਕ ਮਹਿਲਾ ਕਾਂਸਟੇਬਲ, ਮਹਿਲਾ ਹੋਮਗਾਰਡ ਅਤੇ ਥਾਣੇ ਅੰਦਰ ਖਾਣਾ ਬਨਾਉਣ ਵਾਲੀ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਨਾਲ ਸੰਦੌੜ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਆਪਣੇ ਆਪ ਨੂੰ ਘਰ ਵਿਚ ਹੀ ਕੁਆਰਨਟਾਈਨ ਕਰ ਲਿਆ ਗਿਆ ਹੈ।
ਮਾਲੇਰਕੋਟਲਾ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 355 ਹੋਈ
ਮਾਲੇਰਕੋਟਲਾ (ਪੱਤਰ ਪੇ੍ਰਕ): ਸਿਹਤ ਬਲਾਕ ਮਾਲੇਰਕੋਟਲਾ ’ਚ ਅੱਜ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 355 ਹੋ ਗਈ, ਜਿਨ੍ਹਾਂ ‘ਚੋਂ ਹੁਣ ਤੱਕ 314 ਮਰੀਜ਼ ਠੀਕ ਹੋ ਚੁੱਕੇ ਹਨ ਤੇ 23 ਐਕਟਿਵ ਕੇਸ ਹਨ ਅਤੇ 18 ਜਣਿਆਂ ਦੀ ਮੌਤ ਹੋ ਚੁੱਕੀ ਹੈ। ਐਸਡੀਐਮ ਮਾਲੇਰਕੋਟਲਾ, ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਸ਼ਹਿਰ ਅੰਦਰ ਕਰੋਨਾ ਦੇ ਫੈਲਾਅ ਨੂੰ ਦੇਖਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ।
ਧੂਰੀ ’ਚ ਕਰੋਨਾ ਕਾਰਨ ਪੰਜਵੀਂ ਮੌਤ
ਧੂਰੀ (ਖੇਤਰੀ ਪ੍ਰਤੀਨਿਧ): ਸ਼ਹਿਰ ਦੇ ਇਕ 32 ਸਾਲਾ ਨੌਜਵਾਨ ਦੀ ਕਰੋਨਾ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਦੇ ਡਾ.ਪ੍ਰਭਸਿਮਰਨ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਮੁਹੱਲਾ ਧਰਮਪੁਰਾ ਦਾ 32 ਸਾਲਾ ਜਸਵਿੰਦਰ ਸਿੰਘ ਕੱਲ੍ਹ ਹਸਪਤਾਲ ਦੇ ਐਮਰਜੇੈਂਸੀ ਵਿਭਾਗ ਵਿਚ ਬੁਖਾਰ ਦੀ ਸ਼ਿਕਾਇਤ ਕਾਰਨ ਆਇਆ ਸੀ, ਜਿਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ, ਜਿਥੇ ਉਸ ਦਾ ਕਰੋਨਾ ਸੰਬੰਧੀ ਲਿਆ ਗਿਆ ਨਮੂਨਾ ਪਾਜ਼ੇਟਿਵ ਪਾਇਆ ਗਿਆ ਤੇ ਬਾਅਦ ਵਿਚ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਗਿਆ ਜਿੱਥੇ ਉਸ ਦੀ ਅੱਜ ਸਵੇਰੇ ਮੌਤ ਹੋ ਗਈ।