ਅਠਾਰਾਂ ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਪੰਜ ਹੋਰ ਕਾਬੂ
ਟਨਸ/ਨਿੱਜੀ ਪੱਤਰ ਪ੍ਰੇਰਕ
ਅੰਮ੍ਰਿਤਸਰ/ਗੁਰਦਾਸਪੁਰ, 9 ਅਗਸਤ
ਬੀਤੀ 27 ਜੁਲਾਈ ਨੂੰ ਨੈਸ਼ਨਲ ਹਾਈਵੇਅ ’ਤੇ ਚੈਕਿੰਗ ਦੌਰਾਨ ਸ੍ਰੀਨਗਰ ਤੋਂ ਆ ਰਹੀ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ 18 ਕਿੱਲੋ ਹੈਰੋਇਨ ਸਣੇ ਕਾਬੂ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਵੱਲੋਂ ਜੰਮੂ-ਕਸ਼ਮੀਰ ਪੁਲੀਸ ਅਤੇ ਫ਼ੌਜ ਦੀ ਮਦਦ ਨਾਲ ਜ਼ਿਲ੍ਹਾ ਬਾਰਾਮੂਲਾ ਦੇ ਉੜੀ ਖੇਤਰ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਰਵੀਲ ਕਟਾਰੀਆ ਵਾਸੀ ਕਮਲਕੋਟ, ਤਿੰਨ ਭਰਾ ਇਮਤਿਆਜ਼ ਅਹਿਮਦ, ਮੁਖ਼ਤਿਆਰ ਅਹਿਮਦ, ਫ਼ੈਜ਼ ਅਹਿਮਦ ਅਤੇ ਨਫੀਜ਼ ਵਾਸੀ ਪਿੰਡ ਢਾਣੀ ਸੈਦਾਂ ਵਜੋਂ ਹੋਈ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 11.20 ਲੱਖ ਰੁਪਏ, ਗਲਾਕ ਪਿਸਤੌਲ, ਦੋ ਮੈਗਜ਼ੀਨ ਅਤੇ 46 ਕਾਰਤੂਸ ਬਰਾਮਦ ਹੋਏ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਪਿਸਤੌਲ ਦੀ ਅਤਿਵਾਦੀ ਗਤੀਵਿਧੀਆਂ ’ਚ ਵੀ ਵਰਤੋਂ ਕੀਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੀਨਾਨਗਰ ਦੇ ਏਐੱਸਪੀ ਆਦਿਤਯ ਵਾਰੀਅਰ, ਥਾਣਾ ਮੁਖੀ ਜਤਿੰਦਰ ਪਾਲ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਸੀ। ਇਨ੍ਹਾਂ ਨੂੰ 27 ਜੁਲਾਈ ਨੂੰ ਜ਼ਬਤ ਕੀਤੀ ਗਈ ਹੈਰੋਇਨ ਦੀ ਖੇਪ ਦੀ ਕੜੀ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਟੀਮ ਨੇ ਜੰਮੂ-ਕਸ਼ਮੀਰ ਦੀ ਜ਼ਿਲ੍ਹਾ ਬਾਰਾਮੂਲਾ ਪੁਲੀਸ ਅਤੇ ਸੈਨਾ ਦੀ 8 ਆਰਆਰ ਯੂਨਿਟ ਦੇ ਸਹਿਯੋਗ ਨਾਲ ਉੜੀ ਵਿੱਚ ਸ਼ੱਕੀ ਤਸਕਰਾਂ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਨਸ਼ਾ ਤਸਕਰਾਂ ਨੇ ਮੰਨਿਆ ਕਿ ਉਹ ਜੰਮੂ-ਕਸ਼ਮੀਰ ਦੀ ਕੰਟਰੋਲ ਰੇਖਾ ਤੋਂ ਕਈ ਵਾਰ ਸ੍ਰੀਨਗਰ ਤੱਕ ਨਸ਼ੀਲੇ ਪਦਾਰਥ ਅਤੇ ਹਥਿਆਰ ਪਹੁੰਚਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਕੋਲੋਂ ਬਰਾਮਦ ਹੋਈ ਪਿਸਤੌਲ ਪਾਕਿਸਤਾਨ ਤੋਂ ਤਸਕਰੀ ਕਰਕੇ ਘਾਟੀ ਵਿੱਚ ਲਿਆਂਦੀ ਗਈ ਸੀ ਅਤੇ ਦਹਿਸ਼ਤੀ ਗਤੀਵਿਧੀਆਂ ਵਿੱਚ ਵਰਤੀ ਜਾ ਰਹੀ ਸੀ। ਉਨ੍ਹਾਂ ਦਸਿਆ ਕਿ ਫੜੇ ਗਏ ਵਿਅਕਤੀਆਂ ਪਹਿਲਾਂ ਵੀ ਉੜੀ ਸੈਕਟਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਦੀ ਗੱਲ ਕਬੂਲੀ ਹੈ। ਡੀਆਈਜੀ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਗ੍ਰਿਫਤਾਰ ਵਿਅਕਤੀਆ ਦੇ ਸੰਪਰਕ ਸੂਤਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਅਗਲੇਰੀ ਜਾਂਚ ਦੌਰਾਨ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਗੁਰਦਾਸਪੁਰ ਪੁਲੀਸ ਨੇ ਨਸ਼ਾ ਤਸਕਰਾਂ ਦੇ ਇੱਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਕੋਲੋਂ 80 ਕਰੋੜ ਰੁਪਏ ਦੀ 18 ਕਿਲੋ ਹੈਰੋਇਨ ਬਰਾਮਦ ਕੀਤੀ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਇਨ੍ਹਾਂ 3 ਵਿਅਕਤੀਆ ਦੀ ਪਛਾਣ ਵਿਕਰਮਜੀਤ ਸਿੰਘ, ਕੁਲਦੀਪ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਸੀ।