ਪੰਜ ਮਹੀਨਿਆਂ ਮਗਰੋਂ ਪ੍ਰਸ਼ਾਸਨ ਨੂੰ ਯਾਦ ਆਏ ਕੌਂਸਲਰ
ਆਤਿਸ਼ ਗੁਪਤਾ
ਚੰਡੀਗੜ੍ਹ, 18 ਅਗਸਤ
ਕਰੋਨਾ ਫੈਲੇ ਨੂੰ 5 ਮਹੀਨੇ ਹੋ ਗਏ ਹਨ ਪਰ ਯੂਟੀ ਪ੍ਰਸ਼ਾਸਨ ਨੂੰ ਹੁਣ ਲੋਕਾਂ ਵੱਲੋਂ ਚੁਣੇ ਗਏ ਕੌਂਸਲਰਾਂ ਦੀ ਯਾਦ ਆਈ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਪਹਿਲੀ ਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਚੰਡੀਗੜ੍ਹ ਦੇ ਕੌਂਸਲਰਾਂ ਨਾਲ ਬੈਠਕ ਕੀਤੀ ਗਈ ਅਤੇ ਕਰੋਨਾ ’ਤੇ ਕਾਬੂ ਪਾਉਣ ਲਈ ਉਨ੍ਹਾਂ ਦੇ ਸੁਝਾਅ ਲਏ ਗਏ ਪਰ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ। ਮੀਟਿੰਗ ਦੌਰਾਨ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਹਿੱਸਾ ਲਿਆ।
ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੌਂਸਲਰਾਂ ਦੀ ਭੂਮਿਕਾ ਜ਼ਰੂਰੀ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਨਿੰਜੀ ਨਰਸਿੰਗ ਹੋਮ ਨੂੰ ਸਰਕਾਰੀ ਹਸਪਤਾਲਾਂ ਨਾਲ ਜੋੜ ਦੇਣਾ ਚਾਹੀਦਾ ਹੈ ਤਾਂ ਜੋ ਕਰੋਨਾ ਦੌਰਾਨ ਪ੍ਰਸ਼ਾਸਨ ਨੂੰ ਉਨ੍ਹਾਂ ਤੋਂ ਸਹਿਯੋਗ ਮਿਲ ਸਕੇ। ਮੇਅਰ ਰਾਜ ਬਾਲਾ ਮਲਿਕ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਹੁੰਦੀ ਦੇਰੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਕ ਤੋਂ ਫੰਡਾਂ ਦੀ ਮੰਗ ਕੀਤੀ। ਕਾਂਗਰਸ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਜਿਨ੍ਹਾਂ ਨਿੱਜੀ ਹਸਪਤਾਲਾਂ ਨੂੰ ਕੋਵਿਡ-19 ਦੇ ਟੈਸਟ ਕਰਨ ਲਈ ਅਧਿਕਾਰਿਤ ਕੀਤਾ ਗਿਆ ਹੈ, ਉਨ੍ਹਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਕੋਂਸਲਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਭਿਖਾਰੀਆਂ ’ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ ਅਤੇ ਵੈਂਡਰਾਂ ਲਈ ਸਖਤ ਨਿਯਮ ਤਿਆਰ ਕਰਨ ਦੀ ਲੋੜ ਹੈ। ਮੀਟਿੰਗ ਵਿੱਚ ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।