ਪੰਜਾਬ ਦੇ ਪੰਜ ਮੰਤਰੀ ਚੋਣ ਜਿੱਤਣਾ ਨਹੀਂ ਚਾਹੁੰਦੇ: ਬਾਜਵਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਮਈ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪੰਜ ਮੰਤਰੀ ਖ਼ੁਦ ਹੀ ਚੋਣ ਜਿੱਤਣਾ ਨਹੀਂ ਚਾਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਇਹ ਮੰਤਰੀ ਹਨ ਪਰ ਕੇਂਦਰ ਵਿੱਚ ਜਾ ਕੇ ਇਨ੍ਹਾਂ ਦੀ ਹਾਲਤ ਡਾਕਟਰਾਂ ਦੀ ਥਾਂ ਕੰਪਾਊਂਡਰਾਂ ਵਰਗੀ ਹੋ ਜਾਣੀ ਹੈ, ਇਸੇ ਕਰ ਕੇ ਇਹ ਦਿਲੋਂ ਮਿਹਨਤ ਹੀ ਨਹੀਂ ਕਰ ਰਹੇ। ਇਹ ਹਾਰ ਕੇ ਆਪਣੀਆਂ ਮੰਤਰੀਆਂ ਦੀਆਂ ਕੁਰਸੀਆਂ ਸੰਭਾਲ ਲੈਣਗੇ। ਸ੍ਰੀ ਬਾਜਵਾ ਅੱਜ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਖੇਮੇ ਵਿੱਚ ਚਲੇ ਗਏ ਪੰਜ ਕੌਂਸਲਰਾਂ ਅਤੇ ਹੋਰ ਭਾਜਪਾ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਜਿਸ ਕਰ ਕੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ‘ਆਪ’ ਨੂੰ ਬੁਰੀ ਤਰ੍ਹਾਂ ਹਰਾਉਣਗੇ। ਇਸ ਮੌਕੇ ਡਾ. ਧਰਮਵੀਰ ਗਾਂਧੀ ਵੀ ਮੌਜੂਦ ਸਨ।
ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਹੈ, ਤੀਜੇ ਨੰਬਰ ’ਤੇ ਅਕਾਲੀ ਦਲ ਆਵੇਗਾ ਤੇ ਚੌਥੇ ਨੰਬਰ ’ਤੇ ਭਾਜਪਾ ਆ ਰਹੀ ਹੈ ਕਿਉਂਕਿ ਭਾਜਪਾ ਦੇ ਉਸ ਕਹਿਰ ਨੂੰ ਲੋਕ ਭੁੱਲ ਨਹੀਂ ਰਹੇ ਜੋ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ’ਤੇ ਢਾਹਿਆ ਸੀ। ਇਸ ਮੌਕੇ ਵਾਰਡ ਨੰਬਰ-35 ਤੋਂ ਕੌਂਸਲਰ ਸਰੋਜ ਸ਼ਰਮਾ, ਵਾਰਡ ਨੰਬਰ-17 ਤੋਂ ਕੌਂਸਲਰ ਪ੍ਰੋਮਿਲਾ ਮਹਿਤਾ, ਗੋਪੀ ਰੰਗੀਲਾ, ਪ੍ਰਿਅੰਕੁਰ ਮਲਹੋਤਰਾ ਤੇ ਸੰਦੀਪ ਕੁਮਾਰ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਮੁਸਲਿਮ ਲੀਗ ਨੂੰ ਛੱਡ ਕੇ ਡਾ. ਸਈਦ ਅਹਿਮਦ ਤੇ ਸਮੀਰ ਅਹਿਮਦ ਅਤੇ ‘ਆਪ’ ਨੂੰ ਛੱਡ ਕੇ ਸਪਨਾ ਚੌਹਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਸਹਿਯੋਗੀ ਸਵਰਗੀ ਸਰਦਾਰ ਸਿੰਘ ਦੇ ਪੁੱਤਰ ਸੁਰਿੰਦਰਜੀਤ ਸਿੰਘ ਰੂਬੀ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ।