For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣ ਲੜ ਰਹੇ ਪੰਜ ਮੰਤਰੀ ਤੁਰੰਤ ਅਸਤੀਫ਼ੇ ਦੇਣ: ਸੁਖਬੀਰ ਬਾਦਲ

07:55 AM Mar 19, 2024 IST
ਲੋਕ ਸਭਾ ਚੋਣ ਲੜ ਰਹੇ ਪੰਜ ਮੰਤਰੀ ਤੁਰੰਤ ਅਸਤੀਫ਼ੇ ਦੇਣ  ਸੁਖਬੀਰ ਬਾਦਲ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿੱਚ ‘ਪੰਜਾਬ ਬਚਾਓ ਯਾਤਰਾ’ ਦੌਰਾਨ ਸੁਖਬੀਰ ਸਿੰਘ ਬਾਦਲ।-ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਨੋਜ ਸ਼ਰਮਾ
ਬਠਿੰਡਾ, 18 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਪੰਜਾਬ ਬਚਾਓ ਯਾਤਰਾ’ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡ ਮਹਿਮਾ ਸਰਜਾ ਤੋਂ ਅੱਜ ਸ਼ੁਰੂ ਹੋਈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਗੁਰਦੁਆਰਾ ਲੱਖੀ ਜੰਗਲ ਵਿੱਚ ਮੱਥਾ ਟੇਕਿਆ। ਪਿੰਡ ਦੇ ਫੋਕਲ ਪੁਆਇੰਟ ਤੋਂ ‘ਪੰਜਾਬ ਬਚਾਓ ਯਾਤਰਾ’ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਸਾਫ ਹੈ ਕਿ ਅਕਾਲੀ ਦਲ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗਾ। ਪਿੰਡ ਜੰਡਾਂ ਵਾਲਾ ਵਿੱਚ ਪੁੱਜੀ ਪੰਜਾਬ ਬਚਾਓ ਯਾਤਰਾ ਦਾ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਸਵਾਗਤ ਕੀਤਾ। ਯਾਤਰਾ ਦੇ ਬਠਿੰਡਾ ਪਹੁੰਚਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੜ ਰਹੇ ‘ਆਪ’ ਸਰਕਾਰ ਦੇ ਪੰਜ ਮੰਤਰੀ ਜਨਤਕ ਹਿੱਤ ਵਿਚ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿੱਚੋਂ ਗੈਰਹਾਜ਼ਰ ਰਹਿਣ ਕਾਰਨ ਪ੍ਰਸ਼ਾਸਕੀ ਅਧਰੰਗ ਨਹੀਂ ਸਹਿ ਸਕਦਾ। ਚੋਣਾਂ ਲੜਨ ਵਾਲੇ ਸਾਰੇ ਮੰਤਰੀਆਂ ਕੋਲ ਪ੍ਰਮੁੱਖ ਵਿਭਾਗ ਹਨ। ਇਨ੍ਹਾਂ ਵਿੱਚ ਖੇਤੀ, ਟਰਾਂਸਪੋਰਟ, ਸਿਹਤ ਆਦਿ ਮੰਤਰਾਲੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਤੋਂ ਬਾਅਦ ਸੂਬੇ ਵਿਚ ਪਾਰਟੀ ਦਾ ਸਿਆਸੀ ਆਧਾਰ ਖੁੱਸ ਗਿਆ ਹੈ। ਸਾਰੇ ਮੰਤਰੀ ਆਪਣੇ ਫਰਜ਼ ਨਿਭਾਉਣ ਵਿੱਚ ਫੇਲ੍ਹ ਰਹੇ ਹਨ। ਉਨ੍ਹਾਂ ਖੇਤੀ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਵਿੱਚ ਨਾਕਾਮ ਰਹੇ ਹਨ। ਇਸੇ ਤਰੀਕੇ ਸਿਹਤ ਮੰਤਰੀ ਪੇਂਡੂ ਡਿਸਪੈਂਸਰੀਆਂ ਤੋਂ ਡਾਕਟਰਾਂ ਨੂੰ ਹਟਾ ਕੇ ਪੇਂਡੂ ਸਿਹਤ ਬੁਨਿਆਦੀ ਢਾਂਚਾ ਤਬਾਹ ਕਰਨ ਲਈ ਜ਼ਿੰਮੇਵਾਰ ਹਨ। ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

Advertisement

ਅਕਾਲੀ ਦਲ ਨੇ 22 ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੀ ਜਾ ਰਹੀ ‘ਪੰਜਾਬ ਬਚਾਓ’ ਯਾਤਰਾ ਦੌਰਾਨ ਹੀ 22 ਮਾਰਚ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਨਵੀਂ ਰਣਨੀਤੀ ਬਣਾਈ ਜਾਵੇਗੀ। ਇਸ ਵਿੱਚ ਭਾਜਪਾ ਨਾਲ ਗੱਠਜੋੜ ਕਰਨ ਸਣੇ ਉਮੀਦਵਾਰਾਂ ਸਬੰਧੀ ਚਰਚਾ ਕੀਤੀ ਜਾਣੀ ਹੈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 22 ਮਾਰਚ ਨੂੰ 2.30 ਵਜੇ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਅੰਤਿਮ ਫੈਸਲੇ ਕੀਤੇ ਜਾਣਗੇ ਅਤੇ ਦੇਸ਼ ਦੀ ਮੌਜੂਦਾ ਰਾਜਸੀ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ।ਉਧਰ, ਮੀਟਿੰਗ ਬੁਲਾਉਣ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਨੂੰ ਲੈ ਕੇ ਚਰਚਾ ਚੱਲ ਪਈ ਹੈ। ਦੋਵਾਂ ਪਾਰਟੀਆਂ ਵਲੋਂ ਵੀ ਗੱਠਜੋੜ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇੱਕ ਆਗੂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਪਾਰਟੀ ਦਾ ਵੱਡਾ ਹਿੱਸਾ ਗੰਭੀਰਤਾ ਨਾਲ ਵੇਖ ਰਿਹਾ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਨਾਰਾਜ਼ ਹਨ, ਜਿਸ ਕਰਕੇ ਅਕਾਲੀ ਦਲ ਸੋਚ-ਸਮਝ ਕੇ ਕੋਈ ਕਦਮ ਚੁੱਕੇਗਾ। ਅਕਾਲੀ ਦਲ ਦਾ ਇੱਕ ਹਿੱਸਾ ਹਾਲ ਦੀ ਘੜੀ ਕਿਸਾਨਾਂ ਦੀ ਨਾਰਾਜ਼ਗੀ ਸਹੇੜਨ ਤੋਂ ਦੂਰ ਰਹਿਣਾ ਚਾਹੁੰਦਾ ਹੈ। ਇਸੇ ਤਰ੍ਹਾਂ ਪਾਰਟੀ ਦਾ ਇੱਕ ਹਿੱਸਾ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੀ ਭਾਜਪਾ ਨਾਲੋਂ ਕੁੱਝ ਦੂਰੀ ਬਣਾ ਕੇ ਰੱਖਣ ਨੂੰ ਤਰਜੀਹ ਦੇ ਰਿਹਾ ਹੈ। ਅਕਾਲੀ ਆਗੂਆਂ ਅਨੁਸਾਰ ਭਾਜਪਾ ਨਾਲ ਗੱਠਜੋੜ ਸੀਟਾਂ ਦੀ ਵੰਡ ਬਾਰੇ ਫੈਸਲਾ ਨਾ ਹੋਣ ਕਾਰਨ ਫ਼ਿਲਹਾਲ ਲਟਕਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਭਾਜਪਾ ਕੁੱਲ 13 ਵਿੱਚੋਂ 5 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ, ਜਦੋਂਕਿ ਅਕਾਲੀ ਦਲ ਇਸ ਸਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਸਕਿਆ ਹੈ।

ਯਾਤਰਾ ਦੌਰਾਨ ਅੱਧੀ ਦਰਜਨ ਲੋਕਾਂ ਦੇ ਪਰਸ ਗਾਇਬ

ਮਹਿਮਾ ਸਰਜਾ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣ ਵੇਲੇ ਅੱਧੀ ਦਰਜਨ ਲੋਕਾਂ ਦੇ ਪਰਸ ਗਾਇਬ ਹੋ ਗਏ। ਯਾਤਰਾ ਦੌਰਾਨ ਪਿੰਡ ਮਹਿਮਾ ਸਰਜਾ ਦੇ ਅਕਾਲੀ ਪੰਚ ਬਲਦੇਵ ਸਿੰਘ ਅਤੇ ਪੰਚਾਇਤ ਮੈਂਬਰ ਬਲਕਰਨ ਸਿੰਘ ਬਰਾੜ ਦਾ ਬਟੂਆ ਚੋਰੀ ਹੋ ਗਿਆ। ਬਰਾੜ ਨੇ ਦੱਸਿਆ ਕਿ ਭਾਵੇਂ ਕੁਝ ਸਮੇਂ ਮਗਰੋਂ ਉਸ ਦਾ ਬਟੂਆ ਮਿਲ ਗਿਆ ਪਰ ਉਸ ਵਿੱਚੋਂ ਚਾਰ ਹਜ਼ਾਰ ਦੀ ਨਕਦੀ ਗਾਇਬ ਸੀ।

Advertisement
Author Image

joginder kumar

View all posts

Advertisement
Advertisement
×