ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਪੱਤਰ ਪ੍ਰੇਰਕ
ਕਰਤਾਰਪੁਰ, 22 ਜਨਵਰੀ
ਸਬ-ਡਿਵੀਜ਼ਨ ਕਰਤਾਰਪੁਰ ਦੇ ਅਧੀਨ ਆਉਂਦੇ ਥਾਣਾ ਲਾਂਬੜਾ ਦੀ ਪੁਲੀਸ ਨੇ ਲੁੱਟਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ ਕੀਤੇ ਹਨ।
ਇਸ ਸਬੰਧੀ ਥਾਣਾ ਲਾਂਬੜਾ ਦੇ ਮੁਖੀ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਅੱਡਾ ਧਾਰੀਵਾਲ ਕੋਲ ਮੌਜੂਦ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਈ ਰਿਕਸ਼ਾ ਵਿੱਚ ਨਕੋਦਰ ਵੱਲ ਜਾ ਰਿਹਾ ਸੀ। ਸੰਮੀਪੁਰ ਪਿੰਡ ਨੇੜੇ ਪਹੁੰਚਣ ’ਤੇ ਇੱਕ ਮੋਟਰਸਾਈਕਲ ਅਤੇ ਐਕਟੀਵਾ ’ਤੇ ਸਵਾਰ ਛੇ ਲੁਟੇਰਿਆਂ ਨੇ ਦਾਤਰ ਦਿਖਾ ਕੇ ਇੱਕ ਫੋਨ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਲਾਂਬਾੜਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੋਇਆ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਲੁੱਟ ਖੋਹ ਦੇ ਮਾਮਲੇ ਦੀ ਪੜਤਾਲ ਕਰਦਿਆਂ ਹੋਇਆਂ ਮੁਲਜ਼ਮ ਸਾਹਿਲ ਵਾਸੀ ਨਾਲਾ ਕਲੋਨੀ, ਜੈਵੀਰ ਵਾਸੀ ਗਾਖਲ, ਲਵਪ੍ਰੀਤ ਵਾਸੀ ਗੁਰੂ ਨਾਨਕ ਮੁਹੱਲਾ ਜਲੰਧਰ, ਨਿਖਲ ਵਾਸੀ ਕੋਟ ਸਦੀਕ, ਵੰਸ਼ ਵਾਸੀ ਕੋਟ ਸਦੀਕ ਨੂੰ ਕਾਬੂ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਲੋੜੀਂਦਾ ਮੋਹਿਤ ਵਾਸੀ ਕੋਟ ਸਦੀਕ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ।
ਉਨ੍ਹਾਂ ਦੱਸਿਆ ਕਿ ਫੜੇ ਗਏ ਪੰਜ ਲੁਟੇਰਿਆਂ ਕੋਲੋਂ 13 ਮੋਬਾਈਲ ਫੋਨ, ਚਾਰ ਦਾਤਰ, ਇੱਕ ਐਕਟਿਵਾ, ਇੱਕ ਮੋਟਰਸਾਈਕਲ ਬਰਾਮਦ ਕੀਤੇ ਹਨ।