ਫਿਰੌਤੀ ਵਸੂਲਣ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਨਵੰਬਰ
ਇੱਥੋਂ ਦੀ ਸੀਆਈਏ ਸਟਾਫ ਪੁਲੀਸ ਨੇ ਕੈਨੇਡਾ ਤੋਂ ਚੱਲ ਰਹੇ ਕਾਰੋਬਾਰੀਆਂ ਕੋਲੋਂ ਫਿਰੌਤੀ ਵਸੂਲਣ ਵਾਲੇ ਲੱਕੀ ਬਰਾੜ ਦੇ 10 ਮੈਂਬਰੀ ਗਰੋਹ ਨੂੰ ਬੇਨਕਾਬ ਕਰਦਿਆਂ ਇਸ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦੁਕਾਨਦਾਰ ਤੋਂ ਵਸੂਲੀ ਫ਼ਿਰੌਤੀ ਦੀ ਰਕਮ ਤੇ ਚਾਰ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋ ਹੋਰ ਨਾਮੀ ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਪੀ (ਡੀ) ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਡੀ) ਲਵਦੀਪ ਸਿੰਘ ਗਿੱਲ, ਡੀਐੱਸਪੀ (ਸਿਟੀ) ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੜਿੱਕ ਨਿਵਾਸੀ ਲਖਵੀਰ ਸਿੰਘ ਉਰਫ਼ ਲੱਕੀ ਕੈਨੇਡਾ ਤੋਂ ਫਿਰੌਤੀਆਂ ਮੰਗਦਾ ਸੀ ਅਤੇ ਪੰਜਾਬ ਵਿੱਚ ਉਸ ਦੇ ਗਰੋਹ ਦੇ ਮੈਂਬਰ ਫਿਰੌਤੀ ਦੀ ਰਕਮ ਵਸੂਲਦੇ ਸਨ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਸਾਬਕਾ ਮਹਿਲਾ ਸਰਪੰਚ ਦਾ ਪਤੀ, ਨਿੱਜੀ ਬੈਂਕ ਮੁਲਾਜ਼ਮ ਤੇ ਨਾਈ ਦੀ ਦੁਕਾਨ ਕਰਦਾ ਨੌਜਵਾਨ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਗਰੋਹ ਮੈਂਬਰਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼, ਗੁਰਜੀਤ ਸਿੰਘ ਉਰਫ਼ ਜੱਗਾ, ਹਰਦੀਪ ਸਿਘ ਉਰਫ਼ ਹਨੀ, ਕੁਲਦੀਪ ਸਿੰਘ ਉਰਫ਼ ਲੱਡੂ ਅਤੇ ਗਰਦੌਰ ਸਿੰਘ ਵਜੋਂ ਹੋਈ ਹੈ ਜੋ ਸਾਰੇ ਪਿੰਡ ਚੜਿੱਕ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਹਲਵਾਈ ਸ਼ਾਂਤੀ ਕੁਮਾਰ ਘੋਸ਼ ਤੋਂ ਵਸੂਲੀ ਫ਼ਿਰੌਤੀ ਦੀ ਰਕਮ ਵਿਚੋਂ 1.90 ਲੱਖ ਰੁਪਏ ਅਤੇ ਚਾਰ ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਉਰਫ਼ ਲੱਕੀ ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵੱਖ ਵੱਖ ਮਾਮਲਿਆਂ ਵਿਚ ਪੁਲੀਸ ਨੂੰ ਲੋੜੀਂਦੇ ਦੋ ਹੋਰ ਨਾਮੀ ਗੈਂਗਸਟਰਾਂ ਜਸਪ੍ਰੀਤ ਰਾਮ ਉਰਫ਼ ਜੱਸੀ ਪਿੰਡ ਰਾਜੇਆਣਾ ਤੇ ਦਵਿੰਦਰ ਸਿੰਘ ਉਰਫ਼ ਪਿੰਡ ਬਾਬਾ ਕਾਲੇਕੇ ਨੂੰ ਗ੍ਰਿਫ਼ਤਾਰ ਕੀਤਾ ਹੈ।