ਮੋਟਰਸਾਈਕਲ ਚੋਰ ਗਰੋਹ ਦੇ ਪੰਜ ਮੈਂਬਰ ਕਾਬੂ
ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਚੋਰੀਸ਼ੁਦਾ 16 ਮੋਟਰਸਾਈਕਲ ਬਰਾਮਦ ਕਰ 5 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਟੀਮ ਨੇ ਗੁਪਤ ਸੂਤਰਾਂ ਦੇ ਆਧਾਰ ਤੇ ਗਠਿਤ ਟੀਮ ਨੇ ਪਿੰਡ ਰਾਮਗੜ੍ਹ ਭੁੱਲਰ ਪੁੱਲ ਰਜ਼ਬਾਹਾ ਤੇ ਨਾਕਾ ਬੰਦੀ ਕਰਕੇ ਨਿਰਮਲਜੀਤ ਸਿੰਘ ਨਿੰਮਾ, ਲਵਪ੍ਰੀਤ ਸਿੰਘ ਲਾਭਾ ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਰਸੂਲਪੁਰ (ਮੱਲ੍ਹਾ), ਗੁਰਵਿੰਦਰ ਸਿੰਘ ਗੋਰਾ ਪੁੱਤਰ ਬਲਵੰਤ ਸਿੰਘ, ਬਲਵਿੰਦਰ ਸਿੰਘ ਬੌਬੀ ਪੁੱਤਰ ਬੂਟਾ ਸਿੰਘ ਦੋਵੇਂ ਵਾਸੀ ਜਗਰਾਉਂ, ਗੁਰਦੀਪ ਸਿੰਘ ਦੀਪਾ ਉਰਫ ਗੰਜਾ ਪੁੱਤਰ ਦਰਸ਼ਨ ਸਿੰਘ ਵਾਸੀ ਗੁਰੁੂ ਨਾਨਕ ਪੁਰਾ ਰਾਏਕੋਟ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 25 ਜੂਨ ਨੂੰ ਇਸੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪਿੰਡ ਸੋਹੀਆਂ ਕੋਲ ਬਅਿਾਬਾਨ ਦਰੱਖਤਾਂ ਦੇ ਝੁੰਡ ’ਚ ਲੁਕੋ ਕੇ ਰੱਖੇ 10 ਮੋਟਰਸਾਈਕਲ ਅਤੇ ਇੱਕ ਸਵਿੱਫਟ ਕਾਰ ਬਰਾਮਦ ਕੀਤੀ ਸੀ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਆਖਿਆ ਕਿ ਬਰਾਮਦ ਮੋਟਰਸਾਈਕਲਾਂ ਦੇ ਭਾਂਵੇ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆਂ ਹਨ,ਪਰ ਵਿਭਾਗ ਨੇ ਚੈਸੀ ਅਤੇ ਇੰਜਣ ਨੰਬਰਾਂ ਦੀ ਲਿਸਟ ਬਣਾ ਲਈ ਹੈ ਤਾਂ ਜੋ ਸ਼ਨਾਖਤ ਕਰਨ ’ਚ ਸੌਖ ਰਹੇ। ਉਨ੍ਹਾਂ ਆਖਿਆ ਕਿ ਹਿਰਾਸਤ’ਚ ਲਏ ਗਰੋਹ ਵੱਲੋਂ ਚੋਰੀ ਦੇ ਨਾਲ-ਨਾਲ ਲੁੱਟਾਂ ਵੀ ਕੀਤੀਆਂ ਜਾਂਦੀਆਂ ਸਨ ਜਿਸ ਬਾਰੇ ਤਫਤੀਸ਼ ਆਰੰਭ ਦਿੱਤੀ ਗਈ ਹੈ।