ਅੰਤਰਰਾਜੀ ਲੁਟੇਰਾ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਪਟਿਆਲਾ/ਰਾਜਪੁਰਾ, 10 ਫਰਵਰੀ
ਇੱਥੋਂ ਦੀ ਪੁਲੀਸ ਨੇ ਅੰਤਰਰਾਜੀ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ 3 ਦੇਸੀ ਪਿਸਤੌਲ-32 ਬੋਰ, 4 ਮੈਗਜ਼ੀਨ ਅਤੇ 19 ਕਾਰਤੂਸ, ਚਾਕੂ, ਹਰਿਆਣਾ ਨੰਬਰੀ ਕਾਰ, ਦੋ ਰਸੀਆਂ ਦੇ ਗੁੱਛੇ, ਇਕ ਪੌੜੀ, ਇਕ ਸੁੰਬਾ ਅਤੇ ਤਾਲੇ ਖੋਲ੍ਹਣ ਵਾਲੇ ਦੋ ਔਜ਼ਾਰ ਬਰਾਮਦ ਕੀਤੇ ਗਏ ਹਨ। ਪਟਿਆਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਦਿੱਲੀ, ਯੂਪੀ, ਹਰਿਆਣਾ ਅਤੇ ਉਤਰਾਖੰਡ ਵਿੱਚ 20 ਤੋਂ ਵੱਧ ਮੁਕੱਦਮੇ ਦਰਜ ਹਨ। ਮੁੱਢਲੀ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਹਾਈਵੇਅ ਦੇ ਨਾਲ ਲੱਗਦੇ ਘਰਾਂ ਅਤੇ ਸ਼ੋਅਰੂਮਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਇਨ੍ਹਾਂ ਨੇ ਲੁਧਿਆਣਾ ’ਚ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕੀਤੀ ਸੀ। ਪੁਲੀਸ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਤਾਂ ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਪ੍ਰਿੰਸਪ੍ਰੀਤ ਭੱਟੀ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇਨ੍ਹਾਂ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਹੀ ਦਬੋਚ ਲਿਆ। ਮੁਲਜ਼ਮਾਂ ਦੀ ਪਛਾਣ ਪ੍ਰਿੰਸ ਨਾਗੀ ਉਰਫ਼ ਰੁਪੇਸ਼, ਰਾਜਨ ਬਿਸਟ ਉਰਫ਼ ਰਾਜਨ, ਆਰੀਫ ਅਲੀ ਉਰਫ਼ ਆਰੀਫ ਵਾਸੀਆਨ ਦਿੱਲੀ ਵਜੋਂ ਹੋਈ ਹੈ। ਐੱਸਪੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਅਦਾਲਤ ਤੋਂ ਇਕ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ ਜਿਸ ਅਧੀਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।