ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੰਜ ਲੱਖ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 28 ਦਸੰਬਰ
ਇਥੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਠੱਗੀ ਮਾਰਨ ਅਤੇ ਜਾਅਲੀ ਵੀਜ਼ਾ ਦਿਵਾਉਣ ਦੇ ਦੋਸ਼ ਹੇਠ ਥਾਣਾ ਕਾਦੀਆਂ ਦੀ ਪੁਲੀਸ ਨੇ ਦੋ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸੁਖਵਿੰਦਰ ਕੌਰ ਪਤਨੀ ਜਵਾਹਰ ਸਿੰਘ ਵਾਸੀ ਡੱਲਾ ਨੇ ਉੱਚ ਅਧਿਕਾਰੀਆਂ ਨੂੰ ਦੱਸਿਆ ਉਸ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਸਪੇਨ ਭੇਜਣ ਲਈ ਉਨ੍ਹਾਂ ਦਾ ਏਜੰਟ ਕੁਲਵਿੰਦਰ ਸਿੰਘ ਵਾਸੀ ਪ੍ਰੇਮ ਨਗਰ ਬੋਹੜਾਂਵਾਲ ਅਤੇ ਏਜੰਟ ਹਰਪ੍ਰੀਤ ਸਿੰਘ ਉਰਫ਼ ਸੋਨੂੰ ਵਾਲੀਆ ਵਾਸੀ ਮਾਨ ਨਗਰ ਬਟਾਲਾ ਨਾਲ 8 ਲੱਖ 50 ਹਜ਼ਾਰ ਰੁਪਏ ’ਚ ਸੌਦਾ ਤੈਅ ਹੋਇਆ ਸੀ। ਇਸ ਤਹਿਤ ਸੁਖਵਿੰਦਰ ਕੌਰ ਨੇ ਏਜੰਟ ਕੁਲਵਿੰਦਰ ਸਿੰਘ ਦੇ ਖਾਤੇ ’ਚ 30 ਮਈ 2022 ਨੂੰ 3 ਲੱਖ ਰੁਪਏ, 8 ਜੂਨ 2022 ਨੂੰ ਇਕ ਲੱਖ ਰੁਪਏ ਅਤੇ 16 ਜੂਨ 2022 ਨੂੰ 50 ਹਜ਼ਾਰ ਰੁਪਏ (ਕੁੱਲ 4 ਲੱਖ 50 ਹਜ਼ਾਰ ਰੁਪਏ) ਟਰਾਂਸਫਰ ਕਰਵਾਏ। ਇਸੇ ਤਰ੍ਹਾਂ ਪੀੜਤਾ ਨੇ ਹਰਪ੍ਰੀਤ ਸਿੰਘ ਉਰਫ਼ ਸੋਨੂੰ ਵਾਲੀਆ ਦੇ ਖਾਤੇ ਵਿੱਚ 50 ਹਜ਼ਾਰ ਰੁਪਏ 5 ਜਨਵਰੀ 2023 ਨੂੰ ਟਰਾਂਸਫਰ ਕੀਤੇ ਸਨ। ਪੀੜਤਾ ਮੁਤਬਕ ਏਜੰਟ ਕੁਲਵਿੰਦਰ ਸਿੰਘ ਨੇ 8 ਜੂਨ 2022 ਨੂੰ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾਏ ਇਕ ਲੱਖ ਰੁਪਏ ਉਸੇ ਦਿਨ ਹੀ 50 ਹਜ਼ਾਰ -50 ਹਜ਼ਾਰ ਕਰਕੇ ਸੋਨੂੰ ਵਾਲੀਆ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਸਨ। ਪੀੜਤ ਸੁਖਵਿੰਦਰ ਕੌਰ ਦਾ ਦੋਸ਼ ਹੈ ਕਿ ਦੋਵਾਂ ਏਜੰਟਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਬਿਨਾਂ ਏਜੰਟੀ ਦਾ ਲਾਇਸੈਂਸ ਹੁੰਦੇ ਹੋਏ ਉਸਦੇ ਲੜਕੇ ਨੂੰ ਸਪੇਨ ਦਾ ਜਾਅਲੀ ਵੀਜ਼ਾ ਦੇ ਕੇ ਉਨ੍ਹਾਂ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਕਾਦੀਆਂ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਇਸ ਮਾਮਲੇ ਦੀ ਜਾਂਚ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਕਰਨ ਮਗਰੋਂ ਏਐੱਸਆਈ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਦੋਵਾਂ ਏਜੰਟਾਂ ਕੁਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਸੋਨੂੰ ਵਾਲੀਆ ਵਿਰੁੱਧ ਕੇਸ ਦਰਜ ਕਰ ਲਿਆ ਹੈ।