ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਪੰਜ ਹਲਾਕ
ਸਤਪਾਲ ਰਾਮਗੜ੍ਹੀਆ
ਪਿਹੋਵਾ, 15 ਨਵੰਬਰ
ਇੱਥੇ ਅੰਬਾਲਾ ਹਿਸਾਰ ਹਾਈਵੇਅ ’ਤੇ ਮੰਗਲਵਾਰ ਦੇਰ ਰਾਤ ਪਿੰਡ ਟਿੱਕਰੀ ਨੇੜੇ ਦੋ ਕਾਰਾਂ ਦੀ ਸਿੱਧੀ ਟੱਕਰ ਹੋਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਲਾਵਾਿਰਸ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਾਪਰਿਆ। ਘਟਨਾ ਮਗਰੋਂ ਗਸ਼ਤ ਕਰ ਰਹੇ ਐੱਸਐੱਚਓ ਸਦਰ ਮਨੀਸ਼ ਕੁਮਾਰ ਪੁਲੀਸ ਟੀਮ ਸਣੇ ਮੌਕੇ ’ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚੇ ਪੰਜ ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਤਿੰਨ ਨੂੰ ਐੱਲਐੱਨਜੇਪੀ ਹਸਪਤਾਲ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਵਰਿੰਦਰ ਸਿੰਘ, ਬਾਬਾ ਮਨਦੀਪ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਹਰਮਨ ਸਿੰਘ ਅਤੇ ਬਾਬਾ ਹਰਵਿੰਦਰ ਸਿੰਘ ਵਾਸੀ ਪਿੰਡ ਸਲਪਾਣੀ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਸੇਵਾਦਾਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਛੇ ਜਣੇ ਕੈਥਲ ਦੇ ਗੁਰਦੁਆਰੇ ਤੋਂ ਪਿੰਡ ਸਲਪਾਣੀ ਮੁੜ ਰਹੇ ਸਨ। ਪਿੰਡ ਟਿੱਕਰੀ ਨੇੜੇ ਹਨੇਰੇ ਕਾਰਨ ਸੜਕ ’ਤੇ ਅਚਾਨਕ ਪਸ਼ੂ ਦਿਖੇ, ਜਿਨ੍ਹਾਂ ਨੂੰ ਬਚਾਉਂਦਿਆਂ ਗੱਡੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ ਤੇ ਅੰਬਾਲਾ ਤੋਂ ਆ ਰਹੀ ਸਕਾਰਪੀਓ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਜ਼ਖ਼ਮੀ ਹੋਇਆ ਤੇ ਬਾਕੀਆਂ ਦੀ ਮੌਤ ਹੋ ਗਈ। ਸਕਾਰਪੀਓ ਸਵਾਰ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਬਾਬਾ ਵਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਨੂੰ ਪਿੰਡ ਸਲਪਾਣੀ ਵਿੱਚ ਕਰ ਦਿੱਤਾ ਗਿਆ।
ਸਮਾਗਮ ਦੀ ਤਿਆਰੀ ਵਿੱਚ ਲੱਗੇ ਸਨ ਬਾਬਾ ਵਰਿੰਦਰ ਸਿੰਘ
ਗੱਡੀ ਤੋਂ ਮਿਲੇ ਪੋਸਟਰ ਅਨੁਸਾਰ 25 ਨਵੰਬਰ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਨਵੀਂ ਅਨਾਜ ਮੰਡੀ ਝਾਂਸਾ ਵਿੱਚ ਧਾਰਮਿਕ ਸਮਾਗਮ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਣਾ ਸੀ। ਇਸ ਦੀ ਤਿਆਰੀ ਵਜੋਂ ਇਹ ਸਾਰੇ ਕੈਥਲ ਖੇਤਰ ਵਿੱਚ ਕਿਸੇ ਕੰਮ ਲਈ ਅਤੇ ਗੁਰਦੁਆਰੇ ਤੋਂ ਸੱਦਾ ਪੱਤਰ ਦੇਣ ਲਈ ਗਏ ਹੋਏ ਸਨ। ਇਹ ਹਾਦਸਾ ਰਸਤੇ ਵਿੱਚ ਵਾਪਸ ਆਉਂਦੇ ਸਮੇਂ ਵਾਪਰ ਗਿਆ।