ਸ੍ਰੀਲੰਕਾਈ ਜਲ ਸੈਨਾ ਦੀ ਗੋਲੀਬਾਰੀ ’ਚ ਪੰਜ ਭਾਰਤੀ ਮਛੇਰੇ ਜ਼ਖ਼ਮੀ
ਨਵੀਂ ਦਿੱਲੀ, 28 ਜਨਵਰੀ
ਡੈਲਫਟ ਟਾਪੂ ਨੇੜੇ ਅੱਜ ਸਵੇਰੇ ਸ੍ਰੀਲੰਕਾਈ ਜਲ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਪੰਜ ਭਾਰਤੀ ਮਛੇਰੇ ਜ਼ਖ਼ਮੀ ਹੋ ਗਏ ਜਿਸ ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਨਵੀਂ ਦਿੱਲੀ ’ਚ ਟਾਪੂਨੁਮਾ ਮੁਲਕ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ।
ਭਾਰਤ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਕਿ ਕਿਸੇ ਵੀ ਸਥਿਤੀ ’ਚ ਤਾਕਤ ਦੀ ਵਰਤੋਂ ਸਵੀਕਾਰ ਨਹੀਂ ਕੀਤੀ ਜਾ ਸਕਦੀ। ਮੰਤਰਾਲੇ ਨੇ ਕਿਹਾ, ‘ਅੱਜ ਸਵੇਰੇ ਡੈਲਫਟ ਦੀਪ ਨੇੜੇ 13 ਭਾਰਤੀ ਮਛੇਰਿਆਂ ਨੂੰ ਫੜਨ ਦੌਰਾਨ ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਮਿਲੀ।’ ਉਨ੍ਹਾਂ ਦੱਸਿਆ, ‘ਮੱਛੀ ਫੜਨ ਵਾਲੀ ਕਿਸ਼ਤੀ ’ਤੇ ਸਵਾਰ 13 ਮਛੇਰਿਆਂ ’ਚੋਂ ਦੋ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਦਾ ਫਿਲਹਾਲ ਜਾਫਨਾ ਟੀਚਿੰਗ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।’ ਇਸ ਵਿੱਚ ਕਿਹਾ ਗਿਆ ਹੈ ਕਿ ਤਿੰਨ ਹੋਰ ਮਛੇਰਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ।
ਜਾਫਨਾ ਸਥਿਤ ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਜ਼ਖ਼ਮੀ ਮਛੇਰਿਆਂ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਮਛੇਰਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਭਰੋਸਾ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਨਵੀਂ ਦਿੱਲੀ ਸਥਿਤ ਸ੍ਰੀਲੰਕਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਅੱਜ ਸਵੇਰੇ ਵਿਦੇਸ਼ ਮੰਤਰਾਲੇ ’ਚ ਸੱਦਿਆ ਗਿਆ ਤੇ ਘਟਨਾ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ।’ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਇਹ ਮਾਮਲਾ ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਸਾਹਮਣੇ ਉਠਾਇਆ ਹੈ। -ਪੀਟੀਆਈ