For the best experience, open
https://m.punjabitribuneonline.com
on your mobile browser.
Advertisement

ਪੰਜ ਸ਼ਹਿਰਾਂ ਦੇ ਫੋਕਲ ਪੁਆਇੰਟ ਰੋਲ ਮਾਡਲ ਵਜੋਂ ਵਿਕਸਿਤ ਕੀਤੇ ਜਾਣਗੇ: ਸੌਂਦ

08:52 AM Nov 24, 2024 IST
ਪੰਜ ਸ਼ਹਿਰਾਂ ਦੇ ਫੋਕਲ ਪੁਆਇੰਟ ਰੋਲ ਮਾਡਲ ਵਜੋਂ ਵਿਕਸਿਤ ਕੀਤੇ ਜਾਣਗੇ  ਸੌਂਦ
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਅਹੁਦੇਦਾਰ। -ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਨਵੰਬਰ
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ ਪੰਜ ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਰੋਲ ਮਾਡਲ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਫੋਕਲ ਪੁਆਇੰਟਾਂ ਦੀ ਨਕਸ਼ ਨੁਹਾਰ ਬਦਲ ਦਿੱਤੀ ਜਾਵੇਗੀ। ਸਥਾਨਕ ਫੋਕਲ ਪੁਆਇੰਟ ਵਿੱਚ ਬਣੇ ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਵਿੱਚ ਜ਼ਿਲ੍ਹੇ ਦੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਪੱਖੋਂ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਪੰਜਾਬ ਦਾ ਮਾਹੌਲ ਸਾਜਗਾਰ, ਢੁੱਕਵਾਂ ਅਤੇ ਸ਼ਾਂਤੀਪੂਰਵਕ ਹੈ ਅਤੇ ਉਦਯੋਗਾਂ ਦੀ ਉੱਨਤੀ ਤੇ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਵੀ ਉਦਯੋਗ ਪੱਖੀ ਹਨ ਅਤੇ ਛੋਟੇ ਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਅੱਜ ਹੀ ਇਕ ਹਲਫ਼ੀਆ ਬਿਆਨ ਦੇ ਕੇ ਸ਼ੁਰੂ ਕਰ ਸਕਦੇ ਹਨ ਅਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ ਤਿੰਨ ਸਾਲਾਂ ਦੇ ਅੰਦਰ-ਅੰਦਰ ਪੂਰੀ ਕੀਤੀ ਜਾ ਸਕਦੀ ਹੈ। ਸੌਂਦ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਬਾਰੇ ਕੰਮ ਚੱਲ ਰਿਹਾ ਹੈ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਬਹੁਤ ਸਾਰੇ ਕਾਰੋਬਾਰੀਆਂ, ਐਸੋਸੀਏਸ਼ਨਾਂ, ਉਦਯੋਗਿਕ ਚੈਂਬਰਾ ਅਤੇ ਸਨਅਤੀ ਸਮੂਹ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਸਾਰਿਆਂ ਤੋਂ ਮਿਲੇ ਮਸ਼ਵਰੇ ਅਤੇ ਸੁਝਾਅ ਨੂੰ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ। ਮੀਟਿੰਗ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੈਬਨਿਟ ਮੰਤਰੀ ਦਾ ਸੰਗਰੂਰ ਆਉਣ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿੱਤੇ ਭਰੋਸੇ ਦਾ ਧੰਨਵਾਦ ਕੀਤਾ।
ਇਸ ਮੌਕੇ ਡੀਆਈਜੀ ਮਨਦੀਪ ਸਿੰਘ ਸਿੱਧੂ, ਏਡੀਸੀ (ਜ) ਅਮਿਤ ਬੈਂਬੀ, ਏਡੀਸੀ (ਵਿਕਾਸ) ਸੁਖਚੈਨ ਸਿੰਘ, ਚੇਅਰਮੈਨ ਜਸਵੀਰ ਸਿੰਘ ਕੁਦਨੀ, ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਇੰਡਸਟਰੀਅਲ ਚੈਂਬਰ ਸੰਗਰੂਰ ਦੇ ਚੇਅਰਮੈਨ ਏਆਰ ਸ਼ਰਮਾ, ਘਨਸ਼ਿਆਮ ਕਾਂਸਲ, ਸੰਜੀਵ ਚੋਪੜਾ, ਸੰਜੀਵ ਸੂਦ, ਐਮਪੀ ਸਿੰਘ ਤੇ ਪ੍ਰੇਮ ਗੁਪਤਾ ਹਾਜ਼ਰ ਸਨ।

Advertisement

Advertisement
Advertisement
Author Image

Advertisement