ਪੀਜੀਆਈ ਵਿੱਚ ਅੱਗ ਲੱਗਣ ਕਾਰਨ ਪੰਜ ਮੰਜ਼ਿਲਾਂ ਧੂੰਏਂ ਵਿੱਚ ਘਿਰੀਆਂ
ਕੁਲਦੀਪ ਸਿੰਘ
ਚੰਡੀਗੜ੍ਹ, 10 ਅਕਤੂਬਰ
ਪੀਜੀਆਈ ਚੰਡੀਗੜ੍ਹ ਦਾ ਨਹਿਰੂ ਹਸਪਤਾਲ ਬੀਤੀ ਦੇਰ ਰਾਤ ਅਚਾਨਕ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਤੇ ਹਸਪਤਾਲ ਵਿੱਚ ਭਗਦੜ ਮੱਚ ਗਈ। ਲੋਕ ਆਪਣੇ ਮਰੀਜ਼ਾਂ ਨੂੰ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਹਸਪਤਾਲ ਅੰਦਰ ਫਾਲ-ਸੀਲਿੰਗ ਅਤੇ ਵੱਡੀ ਮਾਤਰਾ ਵਿੱਚ ਪਲਾਸਟਿਕ ਦੇ ਉਤਪਾਦ ਸੜਨ ਕਰ ਕੇ ਪੈਦਾ ਹੋਇਆ ਧੂੰਆਂ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੱਕ ਫੈਲ ਗਿਆ ਜਿਸ ਕਰ ਕੇ ਕਈ ਮੰਜ਼ਿਲਾਂ ਦੇ ਸ਼ੀਸ਼ੇ ਵੀ ਤੋੜਨੇ ਪਏ। ਕੁਝ ਹੀ ਮਿੰਟਾਂ ਵਿੱਚ ਹਾਲਾਤ ਕੁਝ ਅਜਿਹੇ ਬਣ ਗਏ ਕਿ ਬਾਹਰ ਗੈਲਰੀਆਂ ਵਿੱਚ ਬੈਠੇ ਮਰੀਜ਼ਾਂ ਦੇ ਅਟੈਂਡੈਟ ਆਪੋ ਆਪਣੇ ਮਰੀਜ਼ਾਂ ਨੂੰ ਬਚਾਉਣ ਲਈ ਭੱਜੇ। ਭੱਜ-ਦੌੜ ਵਿੱਚ ਆਪਣੇ ਮਰੀਜ਼ਾਂ ਨੂੰ ਲੱਭਣ ਵਿੱਚ ਵੀ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਅਤੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਵਿੇਕ ਲਾਲ ਮੌਕੇ ਉਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।
ਪੀਜੀਆਈ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਭਿਆਨਕ ਅੱਗ ਲੱਗੀ। ਅੱਗ ’ਤੇ ਕਾਬੂ ਪਾਉਣ ’ਚ ਲਗਭਗ ਦੋ ਘੰਟੇ ਦਾ ਸਮਾਂ ਲੱਗਾ ਅਤੇ ਪੂਰੀ ਰਾਤ ਡਾਕਟਰ ਅਤੇ ਸਟਾਫ ਮਰੀਜ਼ਾਂ ਨੂੰ ਦੂਜੇ ਵਾਰਡਾਂ ਵਿੱਚ ਸ਼ਿਫ਼ਟ ਕਰਨ ਵਿੱਚ ਲੱਗੇ ਰਹੇ। ਕ੍ਰੇਨ (ਹਾਈਡ੍ਰੌਲਿਕ ਲੈਡਰ) ਦੀ ਮਦਦ ਨਾਲ ਆਈਸੀਯੂ ਵਿੱਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ 9 ਅਕਤੂਬਰ ਦੀ ਰਾਤ 11.45 ਵਜੇ ਪੀਜੀਆਈ ਨਹਿਰੂ ਹਸਪਤਾਲ ਦੇ ਸੀ-ਬਲਾਕ ਦੇ ਕੰਪਿਊਟਰ ਰੂਮ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਜਿਸ ਦੌਰਾਨ ਪੰਜਵੀਂ ਮੰਜ਼ਿਲ ਤੱਕ ਧੂੰਆਂ ਹੀ ਧੂੰਆਂ ਫੈਲ ਗਿਆ ਸੀ। ਅੱਗ ਲੱਗਣ ਦਾ ਮੁਢਲਾ ਕਾਰਨ ਕੰਪਿਊਟਰ ਰੂਮ ਵਿੱਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।
ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਡਾਇਰੈਕਟਰ ਪ੍ਰੋ. ਵਵਿੇਕ ਲਾਲ ਨੇ ਦੱਸਿਆ ਕਿ ਭਾਵੇਂ ਅੱਗ ਲੱਗਣ ਦਾ ਕਾਰਨ ਕੰਪਿਊਟਰ ਰੂਮ ਵਿੱਚ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ ਪਰ ਫਿਰ ਵੀ ਡੀਨ (ਅਕਾਦਮਿਕ) ਪ੍ਰੋ. ਨਰੇਸ਼ ਪਾਂਡਾ ਦੀ ਪ੍ਰਧਾਨਗੀ ਹੇਠ ਇੱਕ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।