ਔਰਤ ਸਮੇਤ ਪੰਜ ਨਸ਼ਾ ਤਸਕਰ ਕਾਬੂ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 18 ਸਤੰਬਰ
ਪੁਲੀਸ ਨੇ ਔਰਤ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇੱਕ ਨਸ਼ਾ ਤਸਕਰ ਭੱਜ ਗਿਆ।
ਡੀਐੱਸਪੀ ਰਵੀਸ਼ੇਰ ਸਿੰਘ ਤੇ ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨਸ਼ਾ ਤਸਕਰਾਂ ਵਿੱਚੋਂ ਚਾਰ ਨਸ਼ਾ ਤਸਕਰ ਗੋਇੰਦਵਾਲ ਸਾਹਿਬ ਇਲਾਕੇ ਦੇ ਹਨ ਜਿਨ੍ਹਾਂ ਪਾਸੋਂ 574 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕਾਬੂ ਕੀਤੇ ਨਸ਼ਾ ਤਸਕਰਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜੋ ਨਸ਼ਿਆਂ ਲਈ ਬਦਨਾਮ ਨਿੰਮ ਵਾਲੀ ਘਾਟੀ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰ ਰਹੀ ਸੀ। ਇਨ੍ਹਾਂ ਨਸ਼ਾ ਤਸਕਰਾ ਦੀ ਪਛਾਣ ਪਰਮਜੀਤ ਕੌਰ ਅਤੇ ਰਵਿੰਦਰ ਸਿੰਘ ਵਾਸੀ ਨਿੰਮ ਵਾਲੀ ਘਾਟੀ ਦੇ ਤੌਰ ’ਤੇ ਹੋਈ ਹੈ। ਇਸੇ ਤਰ੍ਹਾ ਦੂਜੇ ਤਸਕਰਾਂ ਦੀ ਪਛਾਣ ਰਾਜਵਿੰਦਰ ਸਿੰਘ ਲੱਭੂ ਤੇ ਰਿੰਕਾ ਮੁਹੱਲਾ ਭੰਡਾਣੀਆ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ।
ਇੱਕ ਹੋਰ ਮਾਮਲੇ ਵਿੱਚ ਚੌਕੀ ਖਡੂਰ ਸਾਹਿਬ ਦੀ ਪੁਲੀਸ ਨੇ ਦੋ ਨਸ਼ਾ ਤਸਕਰਾਂ ਕੋਲੋਂ 275 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਦੋਵਾਂ ਤਸਕਰਾਂ ਦੀ ਪਛਾਣ ਮਲਕੀਤ ਸਿੰਘ ਡੋਡੀ ਅਤੇ ਅੰਮ੍ਰਿਤਪਾਲ ਸਿੰਘ ਸਾਬੀ ਵਾਸੀ ਪਿੰਡ ਵੜਿੰਗ ਸੂਬਾ ਸਿੰਘ ਵਜੋਂ ਹੋਈ ਹੈ। ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਰੇ ਮਾਮਲਿਆ ਵਿੱਚ ਕੁੱਲ 849 ਗ੍ਰਾਮ ਹੈਰੋਇਨ ਸਮੇਤ ਪੰਜ ਨਸ਼ਾ ਤਸਕਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।