ਸੜਕ ਹਾਦਸੇ ’ਚ ਪੰਜ ਮੌਤਾਂ
ਸ੍ਰੀਨਗਰ, 7 ਦਸੰਬਰ
ਜੰਮੂ-ਕਸ਼ਮੀਰ ਦੇ ਗੰਧਰਬਲ ਜ਼ਿਲ੍ਹੇ 'ਚ ਵੀਰਵਾਰ ਨੂੰ ਸ੍ਰੀਨਗਰ ਤੋਂ ਕਾਰਗਿਲ ਜਾ ਰਹੀ ਇੱਕ ਟੈਕਸੀ ਪਹਾੜੀ ਹਾਈਵੇਅ ਤੋਂ ਖਾਈ ’ਚ ਡਿੱਗ ਗਈ, ਜਿਸ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੋਨਮਰਗ ਖੇਤਰ 'ਚ ਵਾਪਰਿਆ, ਜਿੱਥੇ ਹਾਲ ਹੀ 'ਚ ਹੋਈ ਬਰਫਬਾਰੀ ਕਾਰਨ ਸੜਕ ’ਤੇ ਤਿਲਕਣ ਹੋ ਗਈ ਅਤੇ ਇਹ ਟੈਕਸੀ ਸ਼੍ਰੀਨਗਰ-ਲੇਹ ਹਾਈਵੇਅ 'ਤੇ ਪਹਾੜੀ ਜ਼ੋਜਿਲਾ ਪਾਸ ਸੜਕ ਤੋਂ ਫਿਸਲ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪੀੜਤ ਕਾਰਗਿਲ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪਛਾਣ ਮੁਹੰਮਦ ਹੁਸੈਨ, ਸ਼ਬੀਰ ਹੁਸੈਨ, ਮੁਹੰਮਦ ਅਕਬਰ, ਮੁਹੰਮਦ ਅਮੀਨ ਅਤੇ ਅਬਦੁਲ ਹਾਦੀ ਵਜੋਂ ਹੋਈ ਹੈ। ਸ਼੍ਰੀਨਗਰ-ਲੇਹ ਹਾਈਵੇਅ 'ਤੇ ਜ਼ੋਜਿਲਾ ਦੱਰੇ 'ਤੇ ਤਿੰਨ ਦਿਨਾਂ ’ਚ ਇਹ ਦੂਜਾ ਵੱਡਾ ਹਾਦਸਾ ਹੈ। ਮੰਗਲਵਾਰ ਨੂੰ ਇਸੇ ਤਰ੍ਹਾਂ ਦੇ ਇੱਕ ਹਾਦਸੇ ਵਿੱਚ ਕੇਰਲ ਦੇ ਚਾਰ ਸੈਲਾਨੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। -ਪੀਟੀਆਈ