For the best experience, open
https://m.punjabitribuneonline.com
on your mobile browser.
Advertisement

ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ

07:14 AM Apr 06, 2024 IST
ਕੋਟਕਪੂਰਾ ਨੇੜੇ ਸੜਕ ਹਾਦਸੇ ’ਚ ਪੰਜ ਮੌਤਾਂ
ਸੜਕ ਹਾਦਸੇ ਵਿੱਚ ਨੁਕਸਾਨਿਆ ਗਿਆ ਵਾਹਨ।
Advertisement

ਜਸਵੰਤ ਜੱਸ/ਭਾਰਤ ਭੂਸ਼ਨ ਆਜ਼ਾਦ
ਫਰੀਦਕੋਟ/ਕੋਟਕਪੂਰਾ, 5 ਅਪਰੈਲ
ਇੱਥੋਂ ਨਜ਼ਦੀਕੀ ਪਿੰਡ ਪੰਜਗਰਾਈਂ ਕਲਾਂ ਨੇੜੇ ਬੀਤੀ ਦੇਰ ਰਾਤ ਇੱਕ ਟਾਟਾ ਏਸ (ਛੋਟਾ ਹਾਥੀ) ਤੇ ਟਰੱਕ ਦਰਮਿਆਨ ਹੋਈ ਟੱਕਰ ’ਚ ਪੰਜ ਵਿਅਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 9 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਦਿਆਂ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ।
ਜਾਣਕਾਰੀ ਅਨੁਸਾਰ ਪਿੰਡ ਮਰਾੜ ਕਲਾਂ ਦੇ ਕੁੱਝ ਵਿਅਕਤੀ ਧਾਰਮਿਕ ਸਥਾਨ ਪੀਰ ਨਿਗਾਹੇ ਮੱਥਾ ਟੇਕ ਕੇ ਟਾਟਾ ਏਸ ’ਤੇ ਵਾਪਸ ਆ ਰਹੇ ਸਨ। ਜਦੋਂ ਉਹ ਪਿੰਡ ਪੰਜਗਰਾਈਂ ਕਲਾਂ ਕੋਲ ਪੁੱਜੇ ਤਾਂ ਕੋਟਕਪੂਰਾ ਵੱਲੋਂ ਆ ਰਹੇ ਟਰੱਕ ਨੇ ਟਾਟਾ ਏਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਲਵਪ੍ਰੀਤ ਸਿੰਘ (26), ਕਰਮਜੀਤ ਕੌਰ (35), ਦੀਪਕ ਕੁਮਾਰ (28), ਸੁਖਦੇਵ ਕੁਮਾਰ (38) ਅਤੇ ਕਰਮਜੀਤ ਕੌਰ (40) ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਮੀਤ ਸਿੰਘ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਟੀਨਾ, ਕੀਰਤ, ਆਯੂ, ਸੁਖਮਨਪ੍ਰੀਤ, ਸੁਰੇਸ਼ ਕੁਮਾਰ ਅਤੇ ਪੂਜਾ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਟਾਟਾ ਏਸ ਚਾਲਕ ਦੀਪਕ ਦੀ ਵੀ ਮੌਤ ਹੋ ਗਈ। ਪੁਲੀਸ ਨੇ ਟਰੱਕ ਡਰਾਈਵਰ ਪ੍ਰੀਤਮ ਸਿੰਘ ਵਾਸੀ ਜੈਤੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

ਕਾਰ ਨੇ ਦੋ ਔਰਤਾਂ ਤੇ ਬੱਚੇ ਨੂੰ ਦਰੜਿਆ

ਸਮਰਾਲਾ (ਡੀਪੀਐੱਸ ਬੱਤਰਾ): ਪਿੰਡ ਚਹਿਲਾਂ ਦੇ ਫਲਾਈ ਓਵਰ ’ਤੇ ਹੋਏ ਭਿਆਨਕ ਹਾਦਸੇ ’ਚ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਨੇ ਦਰੜ ਦਿੱਤਾ। ਹਾਦਸੇ ਵਿੱਚ ਦੋਵੇਂ ਔਰਤਾਂ ਅਤੇ ਇੱਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਕਾਰ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਨਾ (54), ਉਸ ਦੀ ਨੂੰਹ ਪੂਜਾ (23) ਅਤੇ ਪੂਜਾ ਦੇ ਪੁੱਤਰ ਜਨੂ (ਇਕ ਸਾਲ) ਵਜੋਂ ਹੋਈ ਹੈ। ਸੱਸ, ਨੂੰਹ ਅਤੇ ਬੱਚਾ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ ’ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਸਮਰਾਲਾ ਨੇੜੇ ਚਹਿਲਾਂ ਹਾਈਵੇਅ ਉਪਰ ਪਹੁੰਚਣ ’ਤੇ ਉਨ੍ਹਾਂ ਪਿਆਸ ਲੱਗੀ ਤਾਂ ਮੋਟਰਸਾਈਕਲ ਚਾਲਕ ਹਸੀਨ ਉਨ੍ਹਾਂ ਨੂੰ ਉੱਥੇ ਉਤਾਰ ਕੇ ਥੋੜੀ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਗੋਦੀ ਚੁੱਕੇ ਆਪਣੇ ਬੱਚੇ ਅਤੇ ਸੱਸ ਸੋਨਾ ਨੂੰ ਨਾਲ ਲੈ ਕੇ ਫਲਾਈ ਓਵਰ ਪੈਦਲ ਹੀ ਪਾਰ ਕਰ ਰਹੀਆਂ ਕਿ ਇੰਨੇ ਵਿੱਚ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੂਰ ਤੱਕ ਘੜੀਸਦੀ ਹੋਈ ਲੈ ਗਈ।

Advertisement
Author Image

sukhwinder singh

View all posts

Advertisement
Advertisement
×