For the best experience, open
https://m.punjabitribuneonline.com
on your mobile browser.
Advertisement

ਦੋ ਸੜਕ ਹਾਦਸਿਆਂ ’ਚ ਮਾਂ-ਪੁੱਤ ਸਣੇ ਪੰਜ ਹਲਾਕ; ਸੱਤ ਜ਼ਖ਼ਮੀ

10:30 AM Oct 08, 2024 IST
ਦੋ ਸੜਕ ਹਾਦਸਿਆਂ ’ਚ ਮਾਂ ਪੁੱਤ ਸਣੇ ਪੰਜ ਹਲਾਕ  ਸੱਤ ਜ਼ਖ਼ਮੀ
ਸੜਕ ਹਾਦਸੇ ਦੌਰਾਨ ਨੁਕਸਾਨੀ ਗਈ ਕਾਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਪਟਿਆਲਾ-ਬਲਬੇਹੜਾ ਰੋਡ ’ਤੇ ਪਿੰਡ ਸ਼ਾਦੀਪੁਰ ਨੇੜੇ ਅੱਜ ਤੜਕੇ ਸੜਕ ਹਾਦਸੇ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਦੋ ਘਨੌਰ ਅਤੇ ਇੱਕ ਚੀਕਾ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਹਾਦਸਾ ਸੜਕ ’ਤੇ ਬਿਨਾਂ ਪਾਰਕਿੰਗ ਲਾਈਟਾਂ ਤੋਂ ਖੜ੍ਹੇ ਟਿੱਪਰ ਕਾਰਨ ਵਾਪਰਿਆ, ਜਿਸ ਕਾਰਨ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਇਨ੍ਹਾਂ ਵਿੱਚੋਂ ਪੰਜਾਬ ਨੰਬਰ ਦੀ ਇਟਿਓਸ ਕਾਰ ਵਿੱਚ ਸਵਾਰ ਮਾਂ ਪੁੱਤ ਜਸਪਾਲ ਕੌਰ (55 ਸਾਲ) ਅਤੇ ਹਰਿੰਦਰ ਸਿੰਘ (38 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਥਾਣਾ ਘਨੌਰ ਅਧੀਨ ਪੈਂਦੇ ਅਲਾਮਦੀਪੁਰ ਪਿੰਡ ਦੇ ਵਸਨੀਕ ਸਨ। ਇਸੇ ਕਾਰ ਵਿੱਚ ਸਵਾਰ ਬਲਕਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਅਲਾਮਦੀਪੁਰ ਸਮੇਤ ਅੰਬਾਲਾ ਜ਼ਿਲ੍ਹੇ ਦੇ ਪਿੰਡ ਸੂਲਰ ਦੇ ਵਾਸੀ ਹਰਭਜਨ ਸਿੰਘ ਅਤੇ ਉਸ ਦੀ ਮਾਂ ਸੁਰਿੰਦਰ ਕੌਰ ਵੀ ਗੰਭੀਰ ਜ਼ਖਮੀ ਹੋ ਗਏ।
ਦੂਜੀ ਹਰਿਆਣਾ ਨੰਬਰ ਦੀ ਸਵਿਫਟ ਕਾਰ ਸੀ, ਜਿਸ ਵਿੱਚ ਸਵਾਰ ਪੂਨਮ ਪਤਨੀ ਪਵਨ ਕੁਮਾਰ ਵਾਸੀ ਚੀਕਾ ਹਰਿਆਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਵਨ ਕੁਮਾਰ ਸਮੇਤ ਗੌਰਵ, ਚੇਤਨਾ ਅਤੇ ਜੋਤੀ ਰਾਣੀ ਨੂੰ ਵੀ ਗੰਭੀਰ ਸੱਟਾਂ ਵੱਜੀਆਂ। ਸਾਰੇ ਸੱਤ ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ ਤੇ ਤਿੰਨੇ ਮ੍ਰਿਤਕ ਦੇਹਾਂ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਭਿੰਡਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਕੇਸ ਦੇ ਤਫਤੀਸ਼ੀ ਅਫਸਰ ਏਐੱਸਆਈ ਭੁਪਿੰਦਰ ਸਿੰਘ ਸਨੌਰ ਨੇ ਦੱਸਿਆ ਕਿ ਇਸ ਸਬੰਧੀ ਟਿੱਪਰ ਚਾਲਕ ਬਲਵੀਰ ਸਿੰਘ ਪੁੱਤਰ ਵਾਸੀ ਪਿੰਡ ਬਘੌਰਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਦੌਰਾਨ ਹਲਕਾ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਹਾਦਸੇ ਵਿੱਚ ਫੌਤ ਹੋਏ ਅਲਾਮਦੀਪੁਰ ਦੇ ਮਾਂ-ਪੁੱਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਜਲੰਧਰ (ਹਤਿੰਦਰ ਮਹਿਤਾ): ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪਿੰਡ ਜੌਹਲਾਂ ਦੇ ਮੱਛੀ ਵਾਲੇ ਗੇਟ ਨੇੜੇ ਦੇਰ ਸ਼ਾਮ ਇਕ ਤੇਜ਼ ਰਫ਼ਤਾਰ ਬੱਸ ਚਾਲਕ ਨੇ ਐਕਟਿਵਾ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਦੋਵੇਂ ਐਕਟਿਵਾ ਸਵਾਰ ਕਈ ਫੁੱਟ ਦੂਰ ਜਾ ਡਿੱਗੇ ਤੇ ਦੋਵਾਂ ’ਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਵਿਅਕਤੀ ਨੇ ਨਜ਼ਦੀਕੀ ਜੌਹਲ ਹਸਪਤਾਲ ਵਿਚ ਦਮ ਤੋੜ ਦਿੱਤਾ। ਐੱਸਐੱਚਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗਣੇਸ਼ ਨਗਰ ਤੇ ਰਾਜਿੰਦਰ ਸਿੰਘ ਪੁੱਤਰ ਜੋਗਿੰਦਰ ਪਾਲ ਵਾਸੀ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਉਪਰੰਤ ਡਰਾਈਵਰ ਬੱਸ ਛੱਡ ਕੇ ਫ਼ਰਾਰ ਹੋ ਗਿਆ। ਮ੍ਰਿਤਕ ਰਾਜਿੰਦਰ ਸਿੰਘ ਦੇ ਜੀਜਾ ਪਵਨ ਕੁਮਾਰ ਨੇ ਦੱਸਿਆ ਕਿ ਰਾਜਿੰਦਰ ਆਪਣੇ ਮਾਲਕ ਗੁਰਵਿੰਦਰ ਸਿੰਘ ਨਾਲ ਕੰਟੀਨ ’ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਸ਼ਾਮ ਨੂੰ ਰਾਮਾਂ ਮੰਡੀ ਤੋਂ ਆਪਣੇ ਕੰਮ ਲਈ ਕੰਟੀਨ ਵੱਲ ਜਾ ਰਹੇ ਸਨ, ਜਦੋਂ ਉਹ ਜੌਹਲਾਂ ਪਿੰਡ ਦੇ ਮੱਛੀ ਗੇਟ ਦੇ ਨਜ਼ਦੀਕ ਪਹੁੰਚੇ ਤਾਂ ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਜਾ ਰਹੀ ਤੇਜ਼ ਰਫ਼ਤਾਰ ਬੱਸ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ।

Advertisement

ਮੇਲੇ ਤੋਂ ਪਰਤ ਰਹੇ ਤਿੰਨ ਨੌਜਵਾਨ ਹਾਦਸੇ ਵਿੱਚ ਹਲਾਕ; ਤਿੰਨ ਜ਼ਖ਼ਮੀ

ਸੋਹਣ ਸਿੰਘ, ਗੁਰਪ੍ਰੀਤ ਸਿੰਘ, ਵਿਜੇ ਸਿੰਘ

ਤਰਨ ਤਾਰਨ (ਗੁਰਬਖ਼ਸ਼ਪੁਰੀ): ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨ ਤਾਰਨ) ਦਾ ਮੇਲਾ ਦੇਖ ਕੇ ਅੱਜ ਸਵੇਰ ਵੇਲੇ ਮੋਟਰ ਸਾਈਕਲਾਂ ’ਤੇ ਘਰਾਂ ਨੂੰ ਪਰਤ ਰਹੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ| ਥਾਣਾ ਸਿਟੀ ਦੇ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਵਿਜੇ ਸਿੰਘ (19), ਸੋਹਣ ਸਿੰਘ (23) ਤੇ ਗੁਰਪ੍ਰੀਤ ਸਿੰਘ (24) ਵਾਸੀ ਗੁਮਾਨਪੁਰ (ਅੰਮ੍ਰਿਤਸਰ) ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਲਵਪ੍ਰੀਤ ਸਿੰਘ ਵਾਸੀ ਅਵਾਨ, ਇੰਦਰਜੀਤ ਸਿੰਘ ਵਾਸੀ ਖੋਹਵਿੰਡੀਆ ਅਤੇ ਮੋਹਿਤ ਵਾਸੀ ਪੰਡੋਰੀ ਜੱਟਾ (ਜ਼ੀਰਾ) ਸ਼ਾਮਲ ਹਨ| ਇਕੱਤਰ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮਾਰੇ ਗਏ ਨੌਜਵਾਨ ਇੱਕ ਮੋਟਰਸਾਈਕਲ ’ਤੇ ਜਦਕਿ ਜ਼ਖ਼ਮੀ ਹੋਏ ਨੌਜਵਾਨ ਦੂਜੇ ਮੋਟਰਸਾਈਕਲ ’ਤੇ ਸਵਾਰ ਸਨ। ਮ੍ਰਿਤਕ ਵਿਜੇ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਇਹ ਹਾਦਸਾ ਮੋਟਰਸਾਈਕਲ ਦੀ ਰਫ਼ਤਾਰ ਜ਼ਿਆਦਾ ਤੇਜ਼ ਹੋਣ ਕਾਰਨ ਵਾਪਰਿਆ ਹੈ। ਰਫ਼ਤਾਰ ਤੇਜ਼ ਹੋਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਆਪਸ ਵਿੱਚ ਟਰਕਾ ਗਏ। ਹਾਦਸੇ ਮਗਰੋਂ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈੱਫਰ ਕੀਤਾ ਗਿਆ ਹੈ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਇਸ ਹਾਦਸੇ ਸਬੰਧੀ ਇਕ ਰਿਪੋਰਟ ਦਰਜ ਕੀਤੀ ਹੈ|

Advertisement

Advertisement
Author Image

sukhwinder singh

View all posts

Advertisement