ਖਾਲਸਾ ਸਕੂਲ ਵਿੱਚ ਪੰਜ-ਰੋਜ਼ਾ ਟੂਰਨਾਮੈਂਟ ਸ਼ੁਰੂ
ਸੰਜੀਵ ਬੱਬੀ
ਚਮਕੌਰ ਸਾਹਿਬ, 17 ਦਸੰਬਰ
ਇਥੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ’ਚ ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਰਵਾਇਆ ਜਾਂਦਾ ਸਾਲਾਨਾ ਪੰਜ ਦਿਨਾਂ ਸ਼ਹੀਦੀ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ। ਸਕੂਲ ਦੀ ਪ੍ਰਿੰਸੀਪਲ ਕਿਰਨਜੋਤ ਕੌਰ ਮਾਂਗਟ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਅਤੇ ਜਨਰਲ ਮੈਨੇਜਰ ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ ਚੰਡੀਗੜ੍ਹ ਨੇ ਕੀਤਾ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਂ ’ਤੇ ਬਣੇ ਚਾਰ ਹਾਊਸਾਂ ਵਿੱਚ ਵੰਡ ਕੇ ਕਰਵਾਇਆ ਜਾਂਦਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ, ਵਾਲੀਬਾਲ, ਰੱਸਾਕਸ਼ੀ ਅਤੇ ਦੌੜ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਅੱਜ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦੀ ਸਮਾਪਤੀ 21 ਦਸੰਬਰ ਨੂੰ ਹੋਏਗੀ ਅਤੇ ਉਸ ਦਿਨ ਕਬੱਡੀ ਦੇ ਫਾਈਨਲ ਮੁਕਾਬਲੇ ਹੋਣਗੇ ਤੇ ਲੜਕਿਆਂ ਅਤੇ ਲੜਕੀਆਂ ਦੇ ਕਬੱਡੀ ਕਲੱਬਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨਾਮਾਂ ਦੀ ਵੰਡ ਸਾਬਕਾ ਸਪੀਕਰ ਰਵੀਇੰਦਰ ਸਿੰਘ ਕਰਨਗੇ।